ਜਮਧਰ, ਜਮਦਾੜ੍ਹ, ਜਬਰ, ਜੋਧਾਂਤਕ (ਜੋ ਕਟਾਰ ਦੇ) ਨਾਂ ਹਨ, (ਜੋ) ਇਨ੍ਹਾਂ ਨੂੰ ਬੰਨ੍ਹੇ ਬਿਨਾ (ਯੁੱਧ ਵਿਚ) ਜਾਂਦਾ ਹੈ ਉਸ ਨੂੰ ਲੁਟ ਕੁਟ ਲਿਆ ਜਾਂਦਾ ਹੈ।੨੪। ਬਾਂਕ, ਬਜੂ, ਬਿਛੂਆ, ਬਿਸਿਖ, ਬਿਰਹ ਬਾਨ (ਆਦਿ) ਸਭ ਤੇਰੇ ਹੀ ਰੂਪ ਹਨ। ਜਿਨ੍ਹਾਂ ਉਤੇ ਤੇਰੀ ਕ੍ਰਿਪਾ ਹੋਈ ਹੈ, ਉਹੀ ਜਗਤ ਦੇ ਰਾਜੇ ਬਣੇ ਹਨ।੨੫।
ਸ਼ਸਤ੍ਰਸੇਰ (ਸ਼ਸਤਾਂ ਦਾ ਰਾਜਾ), ਸਮਰਾਂਤ ਕਰਿ (ਯੁੱਧ ਦਾ ਅੰਤ ਕਰਨ ਵਾਲੀ ਤਲਵਾਰ), ਸਿਪਰਾਰਿ (ਢਾਲ ਦੀ ਵੈਰਨ ਤਲਵਾਰ) ਅਤੇ ਸ਼ਮਸ਼ੇਰ (ਆਦਿਕ ਜਿਸ ਦੇ ਨਾਂ ਹਨ, ਉਸ ਤਲਵਾਰ ਨੂੰ) ਜਿਨ੍ਹਾਂ ਨੇ ਇਕ ਵਾਰ ਪਕੜ ਲਿਆ, ਉਹ ਜਮ ਦੇ ਜਾਲ ਤੋਂ ਛੁਟ ਗਏ ਹਨ।੨੬। ਸੈਫ. ਸਰੋਹੀ, ਸਤ੍ਰ ਅਰਿ, ਸਾਰੰਗਾਰਿ (ਧਨੁਸ਼ ਦੀ ਵੈਰਨ) ਜਿਸ ਦੇ ਨਾਮ ਹਨ, (ਉਹ ਤਲਵਾਰ) ਸਦਾ ਹੀ ਮੇਰੇ ਚਿਤ ਵਿਚ ਵਸੇ ਅਤੇ ਮੇਰੇ ਕੰਮ ਕਰਦੀ ਰਹੇ ।੨੭।
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਭਗਉਤੀ ਦੀ ਉਸਤ੍ਰੁਤ ਵਾਲੇ
ਪਹਿਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ।੧।
ਹੁਣ ਸ੍ਰੀ ਚਕੂ ਦੇ ਨਾਂਵਾਂ ਦਾ ਵਰਣਨ
ਦੋਹਰਾ
ਪਹਿਲਾ 'ਕਵਚ' ਸ਼ਬਦ ਕਹੋ ਅਤੇ ਅੰਤ ਉਤੇ 'ਅਰਿ' (ਵੈਰੀ) ਸ਼ਬਦ ਰਖੋ। ਸਾਰੇ ਹੀ ਨਾਂ ਕ੍ਰਿਪਾਨ ਦੇ ਹੋ ਜਾਣਗੇ। ਹੋ ਚਤੁਰ ਪੁਰਸੋ! ਮਨ ਵਿਚ ਸਮਝ ਲਵੋ।੨੮। ਪਹਿਲਾ 'ਸ਼ਤ੍ਰੁ' (ਵੈਰੀ) ਸ਼ਬਦ ਕਹੋ ਅਤੇ ਅੰਤ ਵਿਚ 'ਦੁਸ਼ਟ` ਸ਼ਬਦ ਬੋਲੋ। ਇਹ ਸਾਰੇ ਨਾਂ 'ਜਗੰਨਾਥ' (ਤਲਵਾਰ) ਦੇ ਹਨ, ਸਦਾ ਹਿਰਦੇ ਵਿਚ (ਯਾਦ) ਰਖੋ।੨੯।
ਪਹਿਲਾਂ 'ਪ੍ਰਿਥੀ ਸ਼ਬਦ ਆਖੋ, ਫਿਰ 'ਪਾਲਕ' ਸ਼ਬਦ ਉਚਾਰੋ। ਇਹ ਸਾਰੇ ਨਾਂ 'ਸ੍ਰਿਸਟੇਸ' (ਸ੍ਰੀ ਸਾਹਿਬ ] ਤਲਵਾਰ) ਦੇ ਹੋ ਜਾਣਗੇ, ਸਦਾ ਹਿਰਦੇ ਵਿਚ ਧਾਰਨ ਕਰੋ।੩੦। ਪਹਿਲਾਂ 'ਸਿਸਟਿ' (ਸ੍ਰਿਸਟੀ) ਨਾਮ ਆਖੋ, ਫਿਰ 'ਨਾਥ' (ਸ਼ਬਦ) ਉਚਾਰੋ। ਇਹ ਸਾਰੇ ਨਾਂ 'ਮਮ ਈਸ (ਖੜਗ) ਦੇ ਹਨ। ਇਨ੍ਹਾਂ ਨੂੰ ਸਦਾ ਦਿਲ ਵਿਚ ਵਸਾਈ ਰਖੋ।੩੧॥
ਪਹਿਲਾਂ ਸਿੰਘ ਸ਼ਬਦ ਕਹੋ, ਫਿਰ ‘ਬਾਹਨ' (ਸ਼ਬਦ) ਉਚਾਰੋ। ਇਹ ਸਾਰੇ ਨਾਂ 'ਜਗਮਾਤ' (ਤਲਵਾਰ) ਦੇ ਹਨ। ਹੇ ਕਵੀਓ! ਇਨ੍ਹਾਂ ਨੂੰ (ਮਨ ਵਿਚ) ਧਾਰਨ ਕਰ ਲਵੋ।੩੨। (ਜੋ) ਵੈਰੀ ਦਾ ਖੰਡਨ ਕਰਨ ਵਾਲੀ, ਜਗਤ ਨੂੰ ਸਾਜਣ ਵਾਲੀ ਅਤੇ ਜਗ ਵਿਚ ਮੂਰਖਾਂ ਨੂੰ ਟੋਟੇ ਟੋਟੇ ਕਰਨ ਵਾਲੀ ਹੈ, ਉਸ ਦਾ ਨਾਂ ਉਚਾਰਨਾ ਚਾਹੀਦਾ ਹੈ, ਜਿਸ ਨੂੰ ਸੁਣ ਕੇ ਦੁਖ ਟਲ ਜਾਂਦੇ ਹਨ।੩੩।
ਸਾਰਿਆਂ ਸ਼ਸਤ੍ਰਾਂ ਦੇ ਨਾਂ ਪਹਿਲਾਂ ਕਹਿ ਕੇ, ਅੰਤ ਉਤੇ ਪਤਿ' (ਸ਼ਬਦ) ਕਹੋ। (ਇਹ) ਸਾਰੇ ਨਾਂ ਕ੍ਰਿਪਾਨ (ਦੇ ਹੋ ਜਾਣਗੇ), (ਇੰਨ੍ਹਾਂ ਨੂੰ) ਹਿਰਦੇ ਵਿਚ ਰਖੋ।੩੪। ਖਤ੍ਰਿਯਾਂਕੈ ਖੇਲਕ (ਛਤ੍ਰੀਆਂ ਦੇ ਅੰਗ ਨਾਲ ਲਟਕਣ ਵਾਲਾ) ਖੜਗ, ਖਗ, ਖੰਡਾ, ਖੜਿਆਰਿ (ਛਤ੍ਰੀਆਂ ਦਾ ਵੈਰੀ), ਖੇਲਾਂਤਕ (ਯੁੱਧ ਦੀ ਖੇਡ ਦਾ ਅੰਤ ਕਰਨ ਵਾਲਾ) ਖਲਕੇਮਰੀ (ਦੁਸ਼ਟ ਨਾਸ਼ਕ) (ਆਦਿਕ ਨੂੰ) ਤਲਵਾਰ ਦੇ ਨਾਮ ਵਿਚਾਰ ਲਵੋ।੩੫।
ਭੂਤਾਂਤਕਿ (ਜੀਵਾਂ ਦਾ ਅੰਤ ਕਰਨ ਵਾਲਾ-ਖੜਗ), ਭਗਵਤੀ (ਖੜਗ), ਭਵਹਾ (ਜਗਤ ਦੀ ਵਿਨਾਸ਼ਕ), ਸਿਰੀ, ਭਵਾਨੀ, ਭੈ-ਹਰਨ (ਇਹ ਸਾਰੇ ਤਲਵਾਰ ਦੇ) ਨਾਮ ਬਖਾਨ ਕੀਤੇ ਜਾਂਦੇ ਹਨ, (ਜੋ) ਸਭ ਦਾ ਕਲਿਆਣ ਕਰਨ ਵਾਲੇ ਹਨ।੩੬।