ਵਜ਼ੀਰ ਨੇ ਅੱਗੇ ਵਧਕੇ ਪ੍ਰਣਾਮ ਕੀਤੀ, ਬ੍ਰਾਹਮਣ ਨੇ ਪਛਾਣਿਆਂ, ਅਸ਼ੀਰਬਾਦ ਦਿਤੀ ਤੇ ਕਿਹਾ "ਆਓ ਬੈਠੋ। ਵਜ਼ੀਰ ਨੇ ਬਿਨੈ ਕੀਤੀ ਕਿ "ਬਾਹਰ ਰਾਜਾ ਜੀ ਹਨ, ਆਗਯਾ ਹੋਵੇ ਤਾਂ ਆ ਜਾਣ ?” ਇਹ ਸੁਣਕੇ ਬ੍ਰਾਹਮਣ ਕੰਬਦਾ ਕੰਬਦਾ ਉੱਠਣ ਲੱਗਾ ਤੇ ਬੋਲਿਆ "ਸ੍ਰੀ ਕ੍ਰਿਸ਼ਨ ਜੀ ਦਾ ਵਾਕ ਹੈ: 'ਮਨੁੱਖਾਂ ਵਿਚ ਮੈਂ ਰਾਜਾ ਹਾਂ' ਅਹੋ ਭਾਗ! ਰਾਜੇ ਹੀ ਹੋ ਕੇ ਆਓ, ਆਓ ਸਹੀ। ਪਰ ਵਜ਼ੀਰ ਨੇ ਬਾਂਹ ਫੜਕੇ ਬਹਾਲ ਦਿਤਾ ਤੇ ਕਿਹਾ “ਆਪ ਬਿਰਾਜੀਏ, ਰਾਜਾ ਜੀ ਆਪ ਆ ਜਾਣਗੇ। ਉਹ ਆਪਦੇ ਦੁਆਰੇ ਰਾਜਾ ਹੋ ਕੇ ਨਹੀਂ ਆਏ, ਆਸ਼ੀਰਬਾਦ ਵਾਸਤੇ ਆਏ ਹਨ, ਆਪ ਧਰਮ ਮੂਰਤੀ ਹੋ, ਬੜੇ ਹੋ।”
ਇਹ ਕਹਿਕੇ ਬਾਹਰ ਗਿਆ ਤੇ ਰਾਜਾ ਨੂੰ ਨਾਲ ਲੈ ਕੇ ਅੰਦਰ ਆ ਗਿਆ। ਦੋਹਾਂ ਨੇ ਦੂਰੋਂ ਹੀ ਸੀਸ ਨਿਵਾਇਆ ਤੇ ਬੁਢੇ, ਪਰ ਅੰਦਰਲੇ ਸਾਹਸ ਵਾਲੇ ਬ੍ਰਾਹਮਣ ਨੇ ਕਿਹਾ: "ਅਹੋ ਭਾਗ, ਧੰਨ੍ਯ ਭਾਗ੍ਯ! ਰਾਜਾ ਹੀ ਹੋ ਕੇ ਆਓ, ਜੀ ਆਇਆਂ ਨੂੰ!"
ਥੋੜਾ ਚਿਰ ਆਪੋ ਵਿਚ ਆਦਰ ਸਤਿਕਾਰ ਕੁਸ਼ਲ ਆਨੰਦ ਪੁਛਕੇ ਮਤਲਬ ਦੀ ਗੱਲਬਾਤ ਛਿੜ ਪਈ। ਬ੍ਰਾਹਮਣ ਨੇ ਸਾਰੀ ਗੱਲ ਸੁਣਕੇ ਕਿਹਾ "ਹੇ ਰਾਜਨ! ਮੈਂ ਇਸ ਰਾਜ ਵਿਚ ਬੈਠ ਕੇ ਤਪ ਕੀਤਾ ਹੈ, ਤੇਰੀ ਰਾਜ ਹਾਨੀ ਮੈਂ ਨਹੀਂ ਵੇਖ ਸਕਦਾ। ਭਗਵਾਨ ਕ੍ਰਿਪਾ ਕਰੇ ਤੇ ਰਾਜ ਅਟੱਲ ਹੋਵੇ। ਪਰ ਸੰਸਾਰ ਵਿਚ ਫਤਹ ਸ਼ਾਹ ਤੇ ਭੀਮ ਚੰਦ ਦੋ ਰਲੇ ਹੋਏ ਤੇਰੇ ਤੇ ਭਾਰੂ ਹਨ ਤੇ ਸਿੱਧੀ ਮੰਡਲ ਵਿਚ ਰਾਮ ਰਾਏ ਜੋਗੀ ਹੈ, ਸਿੱਧੀਆਂ ਵਿਭੂਤੀਆਂ ਤੇ ਉਸ ਦਾ ਪੂਰਨ ਵਸੀਕਾਰ ਹੈ। ਮੈਂ ਗਰੀਬ ਤਾਂ ‘ਦਰਸ਼ਨ' ਦੀ ਆਸ ਵਿਚ ਬੁੱਢਾ ਹੋ ਗਿਆ ਹਾਂ, ਵਿਭੂਤੀਆਂ ਤੋਂ ਮੇਰੇ ਗੁਰੂ ਨੇ ਮੈਨੂੰ ਹੋੜਿਆ ਸੀ ਤੇ ਮੈਂ ਆਪ ਬੀ ਇਸ ਪਾਸੇ ਰੁਚੀ ਨਾ ਕੀਤੀ। ਸਾਰਾ ਬਲ ਇਸੇ ਗੱਲ ਵੱਲ ਲਗਾ ਕਿ ਪ੍ਰਤੱਖ ਭਾਵੇ ਅੰਤਰ ਆਤਮੇ ਦਰਸ਼ਨ ਪਾਵਾਂ, ਚਾਹੇ ਦਰਸ਼ਨ ਦੇਖਾਂ ਚਾਹੇ ਦਰਸ਼ਨ ਸਮਾਵਾਂ। ਪਰ ਮੇਰੀ ਆਸ ਨਹੀਂ ਪੁੱਗੀ” (ਇਹ ਕਹਿ ਨੈਣ ਭਰ ਆਏ)।
ਵਜ਼ੀਰ- ਖਿਮਾਂ ਕਰਨੀ, ਅਸਾਂ ਆਪ ਦੇ ਕੇਵਲ 'ਬ੍ਰਹਮ-ਦਰਸ਼ਨ’ ਨਮਿੱਤ ਲਗ ਰਹੇ ਸਮੇਂ ਵਿਚ ਵਿਘਨ ਪਾਯਾ ਹੈ। ਅਸੀਂ ਲੋੜਵੰਦ ਲੋਕ ਹਾਂ, ਬਿਰਥਾਵੰਤ ਅਪਣੇ ਲਈ ਕਾਹਲਾ ਹੁੰਦਾ ਹੈ।