“ਲਾਈ ਹਯਾਤ ਆਏ, ਕਜ਼ਾ ਲੇ ਚਲੀ, ਚਲੋ।
ਅਪਨੀ ਖ਼ੁਸ਼ੀ ਨਾ ਆਏ, ਨਾ ਅਪਨੀ ਖ਼ੁਸ਼ੀ ਚਲੇ"
"ਜੰਮਣਾ ਮਰਨਾ ਭਾਣੇ ਦੀ ਕਾਰ ਹੈ। ਸਿੱਖ ਸਦਾ ਭਾਣੇ ਵਿਚ ਵੱਸਣ ਵਾਲਾ ਹੈ। ਤੁਸੀਂ ਵੀ ਉਸਦੇ ਭਾਣੇ ਵਿਚ ਰਾਜ਼ੀ ਰਿਹੋ।...
"ਮੈਥੋਂ ਜੋ ਪੁੱਜ ਸਰ ਆਈ ਏ, ਤੁਹਾਡੀ ਸੇਵਾ ਕਰ ਚੱਲਿਆ ਹਾਂ। ਹਨੇ- ਹੰਨੇ ਦੀ ਸਰਦਾਰੀ ਦੇ ਮਣਕੇ ਭੰਨ ਕੇ ਇਕ ਕੈਂਠਾ ਬਣਾ ਦਿੱਤਾ ਹੈ, ਪਰ ਲੜੀ ਵਿਚ ਪਰੁੱਚੇ ਰਿਹਾ। ਮਿਲੇ ਰਹੋਗੇ, ਤਾਂ ਬਾਦਸ਼ਾਹ ਬਣੇ ਰਹੋਗੇ, ਨਿਖੜ ਜਾਉਗੇ, ਤਾਂ ਮਾਰੇ ਜਾਉਗੇ। ਤੁਹਾਡੇ ਪਰਤਾਪ ਦੇ ਸਾਮ੍ਹਣੇ ਖ਼ੈਬਰ ਦੀਆਂ ਪਹਾੜੀਆਂ ਕੰਬ ਰਹੀਆਂ ਹਨ। ਤੁਹਾਡੇ ਇਕਬਾਲ ਅੱਗੇ ਅਸਮਾਨ ਥਰ-ਥਰ ਕੰਬ ਰਿਹਾ ਹੈ। ਤੁਹਾਡੀ ਤੇਗ ਦੀ ਧਾਂਗ ਸਾਰੀ ਦੁਨੀਆਂ ਵਿਚ ਪਈ ਹੋਈ ਹੈ। ਡਰ ਹੈ, ਤਾਂ ਏਸ ਗੱਲ ਦਾ, ਕਿਤੇ ਇਹ ਤੇਗ਼ ਤੁਹਾਡੇ ਆਪਣੇ ਘਰ ਵਿਚ ਨਾ ਖੜਕਣ ਲੱਗ ਪਵੇ। ਤੁਹਾਡੇ ਬਰਛਿਆਂ ਦੀ ਪਾਣ, ਤੁਹਾਡੇ ਆਪਣੇ ਲਹੂ ਵਿੱਚ ਨਾ ਉਤਰਨ ਲੱਗ ਪਵੇ। ਖ਼ਾਲਸਾ ਜੀ । ਤੁਸੀਂ ਅੰਮ੍ਰਿਤਧਾਰੀ ਸਿੱਖ ਹੋ। ਅੰਮ੍ਰਿਤ ਵਿਚ ਅਕਾਲੀ ਬਾਣੀ ਦੇ ਨਾਲ ਨਾਲ ਦੋ ਚੀਜ਼ਾਂ ਹੋਰ ਵੀ ਖ਼ਾਸ ਹਨ : ਇਕ ਪਤਾਸੇ ਤੇ ਇਕ ਲੋਹੇ ਦਾ ਖੰਡਾ। ਬੱਸ, ਏਸੇ ਵਿਚ ਜ਼ਮਾਨੇ ਦੀ ਨੀਤੀ ਛਿਪੀ ਹੋਈ ਜੇ। ਜੇ ਲੋੜ ਹੋਵੇ, ਤਾਂ ਪਤਾਸਿਆਂ ਵਾਂਗ ਘੁਲ ਮਿਲ ਜਾਇਉ, ਆਪਾ ਮਿਟਾ ਕੇ ਦੂਜੇ ਦਾ ਰੂਪ ਬਣ ਜਾਇਓ, ਜਿਥੇ ਭਰਾ ਦਾ ਮੁੜ੍ਹਕਾ ਡੁੱਲ੍ਹੇ, ਓਥੇ ਲਹੂ ਵਹਾ ਦਿਓ। ਤੇ ਜੇ ਸਮਾਂ ਆ ਬਣੇ, ਤਾਂ ਖੰਡੇ ਵਾਂਗ ਸਖ਼ਤ ਤੇ ਤੇਜ਼ ਵੀ ਹੋ ਜਾਇਓ। ਗ਼ਰੀਬ-ਦੁਖੀਏ ਦੀ ਢਾਲ ਤੇ ਜ਼ਾਲਮ ਦੇ ਸਿਰ ਉੱਤੇ ਤਲਵਾਰ ਬਣ ਕੇ ਚਮਕਿਓ।
"ਜਿਸ ਦਿਨ ਪਾਨੀਪਤ ਦੇ ਮੈਦਾਨ ਅੰਦਰ ਪ੍ਰਿਥਵੀ ਰਾਜ (ਰਾਇ ਪਥੌਰਾ) ਚੁਹਾਣ, ਮੁਹੰਮਦ ਗ਼ੋਰੀ ਕੋਲੋਂ ਹਾਰ ਗਿਆ, ਉਸ ਦਿਨ 'ਅਰਜਣ' ਦਾ 'ਗਾਂਡੀਵ' ਟੁੱਟ ਗਿਆ ਤੇ 'ਕਰਣ' ਦੇ 'ਅਗਨ-ਬਾਣ' ਠੰਢੇ ਹੋ ਗਏ। ਹਿੰਦੁਸਤਾਨ ਵਿਚੋਂ ਛੱਤ੍ਰੀ-ਪੁਣਾ ਖ਼ਤਮ ਹੋ ਗਿਆ। ਛੇ ਸੌ ਸਾਲ ਤੱਕ ਪੰਜਾਬ ਉੱਤੇ ਬਾਹਰ ਦੇ ਰਾਜ ਕਰਦੇ ਰਹੇ। ਗੁਰੂ ਨਾਨਕ ਮਹਾਰਾਜ ਦੀ ਅਪਾਰ ਕਿਰਪਾ ਤੇ ਤੁਹਾਡੀ ਬਹਾਦਰੀ ਦਾ ਸਦਕਾ, ਏਥੇ ਫੇਰ ਪੰਜਾਬੀ ਸਿੱਖਾਂ ਦਾ ਰਾਜ ਕਾਇਮ ਹੋਇਆ ਹੈ, ਇਹਨੂੰ ਸੰਭਾਲੀ ਰਖਿਓ।