ਹੌਲੀ ਹੌਲੀ ਸਿਵਾ ਠੰਢਾ ਹੋ ਗਿਆ। ਪੰਜਾਬ ਦਾ ਸ਼ੇਰ ਗਹਿਰੀ ਨੀਂਦੇ ਸੋਂ ਗਿਆ, ਜਿਸ ਨੇ ਅੱਜ ਤਕ ਪਾਸਾ ਨਹੀਂ ਪਰਤਿਆ*।
ਸ਼ੇਰੇ-ਪੰਜਾਬ ਨਹੀਂ ਰਿਹਾ, ਪਰ ਉਹਦਾ ਨਾਮ ਬਾਕੀ ਹੈ, ਜਾਂ ਉਸਦੀ ਯਾਦ, ਜੋ ਸਾਜ਼ ਦੀਆਂ ਤਰਬਾਂ ਵਾਂਗ ਦਿਲਾਂ ਅੰਦਰ ਸਦਾ ਦਮਕਦੀ ਰਹਿੰਦੀ ਹੈ।
*ਜਦੋਂ ਸ਼ੇਰੇ-ਪੰਜਾਬ ਜੀ । ਯਾਦ ਆਵੇ,
ਤੇਰਾ ਲੰਮੀਆਂ ਤਾਣਕੇ ਸੌਂ ਜਾਣਾ।
ਮੌਤ ਹੀਰ ਜਟੇਟੀ ਦੇ ਪਲੰਘ ਉੱਤੇ,
ਸ਼ੇਖ਼ ਰਾਂਝਣਾਂ, ਜਾਣ ਕੇ ਸੌਂ ਜਾਣਾ।
ਜੀਵਨ ਪੰਧ 'ਤੋਂ ਥੱਕ ਕੇ ਨੇਕ ਰਾਹੀਆ,
ਮੰਜ਼ਲ ਅੰਤ 'ਤੇ ਆਣ ਕੇ ਸੋਂ ਜਾਣਾ।
ਤੇਰੇ ਦਿਲ ਦੀਆਂ ਭਲਾ ਜੀ, ਕੌਣ ਜਾਣੇ
ਖ਼ਬਰੇ ਕਿਹੜੀਆਂ ਠਾਣ ਕੇ, ਸੌਂ ਜਾਣਾ।
ਐਪਰ ਪਿਛਲਿਆਂ ਤੋਂ ਸਿੰਘਾ । ਕੌਣ ਪੁੱਛੇ ?
ਕਿਵੇਂ ਉਹਨਾਂ ਦੀਆਂ ਛਾਤੀਆਂ ਚਿਰਦੀਆਂ ਨੇ।
ਤੇਰੇ ਸੋਗ ਦੇ ਕਾਲਿਆਂ ਬੱਦਲਾਂ 'ਚੋਂ,
ਲੱਖਾਂ ਦਿਲਾਂ 'ਤੇ ਬਿਜਲੀਆਂ ਗਿਰਦੀਆਂ ਨੇ।
ਆਪਣੀ ਤੇਗ਼ ਤੇ ਅਕਲ ਦੇ ਜ਼ੋਰ ਸਿੰਘਾ !
ਨਾਮਵਰੀ ਜਹਾਨ 'ਤੇ ਪਾ ਗਿਆ ਏਂ।
ਮਾਤ-ਭੂਮੀ ਦੀ ਰੇਤ ਦੇ ਜ਼ੱਤਰਿਆਂ ਨੂੰ,
ਸੂਰਜ ਸਿਖਰ ਦੇ ਵਾਂਗ ਚਮਕਾ ਗਿਆ ਏਂ।
ਨਿਉਂ ਨਿਉਂ ਉਮੇ ਨਸੀਬ ਨੇ ਚਰਨ ਤੇਰੇ,
ਉੱਚੇ ਕਰਮ ਦੇ ਬੰਡੇ ਬੁਲਾ ਗਿਆ ਏਂ।
'ਕਿਸਮਤ ਮਰਦ ਦੀ ਮਰਦ ਦੇ ਹੱਥ ਹੁੰਦੀ'
ਸਾਬਤ ਜੱਗ ਨੂੰ ਕਰ ਦਿਖਲਾ ਗਿਆ ਏਂ।
ਦੱਸ ਗਿਆ ਏਂ, 'ਅਟਕ' ਅਟਕਾ ਕੇ ਤੂੰ,
ਹਿੰਮਤ ਵਾਲਿਆਂ ਦੇ ਸਭ ਕੁਝ ਵੱਸ ਹੋਵੇ।
'ਸੀਤਲ' ਸਦਾ ਜਹਾਨ 'ਤੇ ਜੀਵੰਦਾ ਏ,
ਜੀਹਦਾ ਮਰ ਗਿਆਂ ਦੇ ਪਿਛੋਂ ਜੱਸ ਹੋਵੇ।