ਮਹਾਰਾਜਾ ਨੌਨਿਹਾਲ ਸਿੰਘ
ਮਹਾਰਾਜਾ ਖੜਕ ਸਿੰਘ ਦੇ ਨਜ਼ਰਬੰਦ ਹੋਣ 'ਤੇ ਬੁੱਧਵਾਰ, ੯ ਅਕਤੂਬਰ ਨੂੰ ਕੰਵਰ ਨੌਨਿਹਾਲ ਸਿੰਘ ਨੇ ਹਕੂਮਤ ਦੀ ਵਾਗਡੋਰ ਆਪਣੇ ਹੱਥਾਂ ਵਿਚ ਲਈ। ਇਸ ਹੋਣਹਾਰ ਨੌਜਵਾਨ 'ਤੇ ਸਾਰਿਆਂ ਦੀਆਂ ਆਸਾਂ ਲੱਗ ਰਹੀਆਂ ਸਨ ਤੇ ਭਰੋਸਾ ਸੀ, ਕਿ ਇਹ ਸ਼ੇਰੇ-ਪੰਜਾਬ ਦਾ ਲਾਇਕ ਪੋਤਰਾ ਤੇ ਪੰਜਾਬ ਦਾ ਨੀਤੀ ਨਿਪੁੰਨ ਬਾਦਸ਼ਾਹ ਸਾਬਤ ਹੋਵੇਗਾ। ਨੋਨਿਹਾਲ ਸਿੰਘ ਮੈਕਗਰ ਲਿਖਦਾ ਹੈ, "ਉਹ (ਨੋਨਿਹਾਲ ਸਿੰਘ) ਫ਼ੌਜ ਵਿਚ ਹਰਮਨ ਪਿਆਰਾ ਸੀ, ਕਿਉਂਕਿ ਉਹ ਬਚਪਨ ਤੋਂ ਹੀ ਇਕ ਸਿਪਾਹੀ ਤੇ ਬਹਾਦਰਾਨਾ ਤੇ ਨਾ ਝੁਕਣ ਵਾਲੀ ਆਤਮਾ ਰੱਖਦਾ ਸੀ। ਉਸ ਵਿਚ ਸੋਚ, ਵਿਚਾਰ ਤੇ ਸਿਆਣਪ ਬਹੁਤ ਹੱਦ ਤੱਕ ਮੌਜੂਦ ਸਨ। ਰਣਜੀਤ ਸਿੰਘ ਨੂੰ ਨੋਨਿਹਾਲ ਸਿੰਘ 'ਤੇ ਬੜਾ ਮਾਣ ਸੀ। ਤੇ ਉਹ ਬੜੇ ਉਤਸ਼ਾਹ ਨਾਲ ਇਹ ਆਸ ਰੱਖਦਾ ਸੀ, ਕਿ ਨੌਨਿਹਾਲ ਸਿੰਘ ਵਿਚ ਸਿੱਖ ਲਾਹੌਰ ਦਾ ਤਖ਼ਤ ਸਾਂਭਣ ਵਾਲਾ ਤੇ ਉਸਦੇ ਰਾਜ ਨੂੰ ਸਮੁੱਚੇ ਤੌਰ 'ਤੇ ਕਾਇਮ ਰੱਖਣ ਵਾਲਾ ਇਕ ਯੋਗ ਜਾਨਸ਼ੀਨ ਅਨੁਭਵ ਕਰਨਗੇ।"*
ਮਹਾਰਾਜਾ ਰਣਜੀਤ ਸਿੰਘ ਦੇ ਮਗਰੋਂ ਨੌਨਿਹਾਲ ਸਿੰਘ ਹੀ ਡੋਗਰਿਆਂ ਦੀਆਂ ਚਾਲਾਂ ਤੇ ਅੰਗਰੇਜ਼ਾਂ ਦੀ ਨੀਤੀ ਨੂੰ ਸਮਝਣ ਵਾਲਾ ਸੀ। 'ਕਨਿੰਘਮ' ਤਾਂ ਏਥੋਂ ਤੱਕ ਕਹਿੰਦਾ ਹੈ, "ਜਿਵੇਂ ਰਾਣਾ ਸੰਗਰਾਮ ਸਿੰਘ ਤੇ ਮਹਾਰਾਣਾ ਪਰਤਾਪ ਵਿਚ ਉਦੇ ਸਿੰਘ ਨਾ ਹੁੰਦਾ, ਤਾਂ ਮੇਵਾੜ ਦਾ ਰਾਜ ਨਾ ਜਾਂਦਾ। ਏਸੇ ਤਰ੍ਹਾਂ ਜੇ ਰਣਜੀਤ ਸਿੰਘ ਤੇ ਨੋਨਿਹਾਲ ਸਿੰਘ ਦੇ ਵਿੱਚ ਖੜਕ ਸਿੰਘ ਨਾ ਹੁੰਦਾ, ਤਾਂ ਪੰਜਾਬ ਸਿੱਖਾਂ ਹੱਥੋਂ ਨਾ ਜਾਂਦਾ। "
*(M. Greger) ਮੈਕਗ੍ਰੇਗਰ, ਪੰਨਾ ੫।
+(Cunningham) ਕਨਿੰਘਮ (੧੮੪੯), ਪੰਨਾ २३੭।