

ਅਰਜ਼ੋਈਆਂ ਕੀਤੀਆਂ, ਤਖ਼ਤੇ ਕੁੱਟ ਕੁੱਟ ਕੇ ਕੋਮਲ ਹੱਥਾਂ ਵਿਚੋਂ ਲਹੂ ਕੱਢ ਲਿਆ, ਪਰ ਪੱਥਰ ਦਿਲ "ਡੋਗਰਿਆਂ ਨੇ ਬੂਹਾ ਨਾ ਖੋਲ੍ਹਿਆ।
ਪੁੱਤਰਾਂ ਦੇ ਦੁੱਖ ਕੇਵਲ ਮਾਵਾਂ ਹੀ ਜਾਣ ਸਕਦੀਆਂ ਹਨ। ਕੰਵਰ ਦਾ ਦੁੱਖ ਚੰਦ ਕੌਰ ਤੋਂ ਪੁੱਛ। ਹੋਰ ਕੌਣ ਜਾਣੇ?
"ਡੋਗਰਿਆਂ ਨੇ ਕੰਵਰ ਦੀ ਰਾਣੀ, ਮਾਤਾ ਜਾਂ ਉਸ ਦੇ ਧੜੇ ਦੇ ਕਿਸੇ ਹੋਰ ਆਦਮੀ ਨੂੰ ਕੋਲ ਨਹੀਂ ਸੀ ਜਾਣ ਦਿੱਤਾ। (ਦੇਖੋ ਪੰਨਾ ੪੨ ਦਾ ਬਾਕੀ ਫੁਟਨੇਟ)
ਇਹਨੂੰ ਤਾਂ ਕੱਲ੍ਹੀ ਨੂੰ ਘੜੀ ਨਾ ਵਿਹਾਇਗੀ,
ਪਤੀ ਦੇ ਵਿਯੋਗ ਵਿਚ ਮਰ ਜਾਏਗੀ।
ਜੋੜੀ ਵਿਚ ਕਿਤੇ ਭੰਗਣਾ ਨਾ ਪਾ ਦਿਓ,
ਹਾਏ, ਇਹਦਾ ਪਤੀ ਏਸ ਨੂੰ ਮਿਲਾ ਦਿਓ।
ਮੈਂ ਹਾਂ ਮਹਾਰਾਣੀ, 'ਕੌਰ' ਜੀ ਦੀ ਮਾਈ ਵੇ,
ਬੂਹੇ 'ਚ ਖਲੋਤੀ ਦੇਂਦੀਆਂ ਦੁਹਾਈ ਵੇ।
ਝਿੜਕ ਪਿਛਾਂਹ ਨਾ ਡਾਢਿਓ! ਹਟਾ ਦਿਓ,
ਇਕ ਵੇਰਾਂ ਮੁੱਖ ਪੁੱਤ ਦਾ ਵਿਖਾ ਦਿਓ।
ਭਾਸੇ ਮੈਨੂੰ ਕੋਈ ਮੇਰਾ ਦਿਲ ਤੋੜਦਾ,
ਮਾਰ ਮਾਰ ਵੱਟੇ ਮੇਰਾ ਸਿਰ ਫੋੜਦਾ।
ਹੱਤਿਆਰਿਓ। ਨਾ ਸੱਚ ਹੀ ਬਣਾ ਦਿਓ,
ਇਕ ਵੇਰਾਂ ਮੁੱਖ ਪੁੱਤ ਦਾ ਵਿਖਾ ਦਿਓ।
ਵੇਖ ਕੇ ਮੈਂ ਛੇਤੀ ਹੀ ਪਰਤ ਆਵਾਂਗੀ,
ਬੱਸ ਪੰਜ ਮਿੰਟ, ਨਹੀਂ ਦੇਰ ਲਾਵਾਂਗੀ।
ਚਿਰ ਜੋ ਮੈਂ ਲਾਇਆ ਬੇਸ਼ਕ ਉਠਾ ਦਿਓ,
ਇਕ ਵੇਰਾਂ ਮੁੱਖ ਪੁੱਤ ਦਾ ਵਿਖਾ ਦਿਓ।
'ਸੀਤਲ' ਜੀ ਛਮ-ਛਮ ਨੀਰ ਡੋਲ੍ਹਦੀ,
ਡਿੱਗਦੀ ਜ਼ਿਮੀਂ 'ਤੇ ਚੰਦ ਕੌਰ ਬੋਲਦੀ।
ਬਚੜੇ ਦੇ ਕੋਲ ਅੰਮੀ ਨੂੰ ਪੁਚਾ ਦਿਓ,
ਇਕ ਵੇਰਾਂ ਮੁੱਖ ਪੁੱਤ ਦਾ ਵਿਖਾ ਦਿਓ।