

ਏਸ ਵੇਲੇ ਰਾਜ ਪਰਬੰਧ ਉਹਨਾਂ ਦੇ ਹੱਥ ਵਿਚ ਹੈ। ਉਹ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰ ਦੇਣਗੇ।' ਡੋਗਰਿਆਂ ਦਾ ਇਹ ਜਾਦੂ ਚੱਲ ਗਿਆ ਤੇ ਫ਼ੌਜਾਂ ਵਿਚ ਇਸ ਗੱਲ ਦੀ ਚਰਚਾ ਹੋਣ ਲੱਗ ਪਈ। ਉੱਤੋਂ ਹੀਰਾ ਸਿੰਘ ਨੇ ਵੱਤਰ ਸੰਭਾਲਦਿਆਂ ਹੋਇਆਂ ਕਿਹਾ, "ਜਦ ਮਹਾਰਾਜਾ ਰਣਜੀਤ ਸਿੰਘ ਦਾ ਦੂਸਰਾ ਪੁੱਤਰ--ਕੰਵਰ ਸ਼ੇਰ ਸਿੰਘ-ਰਾਜ-ਗੱਦੀ ਦੇ ਲਾਇਕ ਹੈ, ਤਾਂ ਤੁਸੀਂ ਉਸਨੂੰ ਕਿਉਂ ਬਾਦਸ਼ਾਹ ਨਹੀਂ ਬਣਾਉਂਦੇ ? ਮੈਂ ਇਕਰਾਰ ਕਰਦਾ ਹਾਂ, ਉਹਦੇ ਬਾਦਸ਼ਾਹ ਬਣਨ 'ਤੇ ਤਨਖ਼ਾਹ ਵੀ ਵਧੇਗੀ ਤੇ ਇਨਾਮ ਵੀ ਮਿਲੇਗਾ। ਮੈਂ ਹੈਰਾਨ ਹਾਂ, ਕਿ ਤੁਸੀਂ ਮਰਦ ਹੋ ਕੇ ਇਕ ਔਰਤ ਦੀ ਹਕੂਮਤ ਕਿਵੇਂ ਮੰਨੀ ਬੈਠੇ ਓ ?" ਏਹੋ ਜੇਹੀਆਂ ਕੋਈ ਤਕਰੀਰਾਂ ਸੁਣ ਕੇ ਫ਼ੌਜਾਂ ਮੰਨ ਗਈਆਂ, ਕਿ ਸ਼ੇਰ ਸਿੰਘ ਆਵੇ, ਅਸੀਂ ਉਸਦੀ ਮਦਦ ਵਾਸਤੇ ਤਿਆਰ ਹਾਂ।
ਸ. ਜਵਾਲਾ ਸਿੰਘ ਫ਼ੌਜਾਂ ਵਿਚ ਕੰਵਰ ਸ਼ੇਰ ਸਿੰਘ ਦਾ ਵਕੀਲ ਸ: ਜਵਾਲਾ ਸਿੰਘ ਫ਼ੌਜਾਂ ਦੇ ਪੰਚਾਂ ਪਾਸ ਪੁੱਜਾ ਉਹਨਾਂ ਨਾਲ ਇਉਂ ਪੱਕ ਪਕਾਇਆ, "ਤੁਸੀਂ ਸ਼ੇਰ ਸਿੰਘ ਦੀ 'ਮਹਾਰਾਜਾ' ਬਣਨ ਵਿਚ ਮਦਦ ਕਰੋ, ਤਾਂ ਤਖ਼ਤ ਹਾਸਲ ਕਰਨ 'ਤੇ ਹਰ ਇਕ ਸਿਪਾਹੀ ਨੂੰ ਇਕ ਬੁਤਕੀ ਤੇ ਹਰ ਸਰਦਾਰ ਨੂੰ ਕੈਂਠਾ ਇਨਾਮ ਦਿੱਤਾ ਜਾਵੇਗਾ। ਤਨਖ਼ਾਹ ਵਿਚ ਸਿਪਾਹੀ ਨੂੰ ਇਕ ਰੁਪਇਆ ਤੇ ਸਰਦਾਰ ਨੂੰ ਪੰਜ ਰੁਪੈ ਮਹੀਨਾ ਵਾਧਾ ਕੀਤਾ ਜਾਵੇਗਾ।" ਇਹ ਸੁਣ ਕੇ ਫ਼ੌਜਾਂ ਨੇ ਮੰਨ ਲਿਆ, ਕਿ ਸ਼ੇਰ ਸਿੰਘ ਆਵੇ, ਤਾਂ ਅਸੀਂ ਉਸਦੀ ਮਦਦ ਵਾਸਤੇ ਤਿਆਰ ਹਾਂ। ਜਵਾਲਾ ਸਿੰਘ ਨੇ ਰਾਤ ਦਿਨ ਮਿਹਨਤ ਕਰਕੇ ਸ਼ੇਰ ਸਿੰਘ ਵਾਸਤੇ ਮੈਦਾਨ ਤਿਆਰ ਕੀਤਾ, ਕਿਉਂਕਿ ਸ਼ੇਰ ਸਿੰਘ ਨਾਲ ਉਸਦਾ ਲਿਖਤੀ ਇਕਰਾਰ ਸੀ, ਕਿ ਜੇ ਉਹ ਧਿਆਨ ਸਿੰਘ ਦੀ ਮਦਦ ਤੋਂ ਬਿਨਾਂ ਬਾਦਸ਼ਾਹ ਬਣ ਗਿਆ, ਤਾਂ ਜਵਾਲਾ ਸਿੰਘ ਨੂੰ ਵਜ਼ੀਰ ਬਣਾਵੇਗਾ।
ਓਧਰ ਹੀਰਾ ਸਿੰਘ ਲਾਹੌਰ ਦੇ ਸਾਰੇ ਹਾਲ ਆਪਣੇ ਪਿਤਾ ਧਿਆਨ ਸਿੰਘ ਨੂੰ ਰੋਜ਼ ਭੇਜਦਾ ਰਹਿੰਦਾ ਸੀ। ਸਮਾਂ ਵਿਚਾਰ ਕੇ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਚਿੱਠੀ ਲਿਖੀ, ਕਿ ਜੇ ਤਖ਼ਤ ਲੈਣਾ ਹੈ, ਤਾਂ ਝੱਟ ਲਾਹੌਰ ਪੁੱਜ ਜਾਓ।
ਤਿੰਨ ਕੁ ਸੌ ਸਿਪਾਹੀ ਨਾਲ ਲੈ ਕੇ ਸ਼ੇਰ ਸਿੰਘ ਸ਼ਾਲਾਮਾਰ ਬਾਗ਼ ਵਿਚ ਆ ਉਤਰਿਆ। ਅੰਗਰੇਜ਼ੀ ਰਾਜਦੂਤ (ਏਜੰਟ) ਮਿਸਟਰ ਕਲਾਰਕ ਨਾਲ