

ਏਸ ਕਪਟ ਵਿਚ ਧਿਆਨ ਸਿੰਘ ਕਾਮਯਾਬ ਹੋ ਗਿਆ। ਸ਼ਾਹੀ ਦਾਈ ਨਾਲ ਮਿਲ ਕੇ ਬੀਬੀ ਨਾਨਕੀ (ਕੰਵਰ ਨੌਨਿਹਾਲ ਸਿੰਘ ਦੀ ਰਾਣੀ ਤੇ ਸ. ਸ਼ਾਮ ਸਿੰਘ ਅਟਾਰੀ ਦੀ ਲੜਕੀ) ਨੂੰ ਜ਼ਹਿਰ ਦੇ ਦਿੱਤਾ ਗਿਆ।*
ਸੱਭਯਤਾ ਤੋਂ ਗਿਰਿਆ ਹੋਇਆ ਇਹ ਵਰਤਾਉ ਬੀਬੀ ਜੀ ਨਾਲ ਕੀਤਾ ਗਿਆ। ਬੱਚੇ ਦੀ ਜਾਨ ਜਾਂਦੀ ਰਹੀ ਤੇ ਬੀਬੀ ਜੀ ਦੇ ਪ੍ਰਾਣ ਕੁਛ ਸਮਾਂ ਹੋਰ ਦੁੱਖ ਝੱਲਣ ਵਾਸਤੇ ਬਚ ਗਏ।
ਜਦ ਏਸ ਕਾਲੀ ਕਰਤੂਤ ਦੇ ਵਿਰੁੱਧ ਸ਼ਹਿਰ ਵਿਚ ਰੌਲਾ ਪਿਆ, ਤਾਂ ਧਿਆਨ ਸਿੰਘ ਨੇ ਪੰਜ-ਸੱਤ ਪਹਾੜਨਾਂ (ਜਿਨ੍ਹਾਂ ਨੂੰ ਬਾਲ ਹੋਣ ਵਾਲੇ ਸਨ) ਨੂੰ ਦਰਬਾਰ ਵਿਚ ਬੁਲਾ ਕੇ ਅਖਵਾ ਦਿੱਤਾ, 'ਚੰਦ ਕੌਰ ਨੇ ਸਾਨੂੰ ਏਸ ਵਾਸਤੇ ਮਹਿਲਾਂ ਵਿਚ ਰਖਿਆ ਹੋਇਆ ਸੀ, ਕਿ ਸਾਡੇ ਵਿਚੋਂ ਜੀਹਦੇ ਘਰ ਲੜਕਾ ਪੈਦਾ ਹੋਵੇ, ਉਹ ਬੀਬੀ ਨਾਨਕੀ ਦੀ ਗੋਦ ਪਾ ਕੇ ਕੰਵਰ ਦਾ ਪੁੱਤਰ ਪਰਸਿੱਧ ਕੀਤਾ ਜਾਵੇ।' ਇਹ ਡੋਗਰੇ ਦੀ ਚਾਲ ਸੀ, ਨਹੀਂ ਤਾਂ ਇਤਿਹਾਸਕ ਸਚਾਈ ਓਹਾ ਹੈ, ਜੋ ਉੱਪਰ ਲਿਖੀ ਗਈ ਹੈ।
ਡੋਗਰਿਆਂ ਦੀ ਘਾਤਕ ਗੋਂਦ ਚੰਦ ਕੌਰ ਦੇ ਵਿਰੁੱਧ ਥੋੜ੍ਹਾ ਹੀ ਸਮਾਂ ਲੰਘਿਆ ਸੀ, ਜਾਂ ਧਿਆਨ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਚੰਦ ਕੌਰ ਦੇ ਵਿਰੁੱਧ ਭੜਕਾਉਣਾ ਆਰੰਭ ਕਰ ਦਿੱਤਾ,
*ਸ਼ੇਰ ਸਿੰਘ ਧਿਆਨ ਸਿੰਘ ਦੋਹਾਂ ਰਲ ਕੇ,
ਹੱਦੋਂ ਵਧ ਕੇ ਜ਼ੁਲਮ ਕਮਾਇਆ ਜੀ।
ਚੰਦ ਕੌਰ ਦੀ ਆਸ ਦਾ ਫਲਨ ਵਾਲਾ,
ਬੂਟਾ ਜੜ੍ਹਾਂ ਤੋਂ ਪੁੱਟ ਗੁਆਇਆ ਜੀ।
'ਕੌਰ ਸਾਹਿਬ' ਦੇ ਖੂਨ ਦਾ ਖੂਨ ਕੀਤਾ,
ਬੱਚਾ ਜੰਮਣ ਤੋਂ ਪਹਿਲਾਂ ਕਤਲਾਇਆ ਜੀ।
ਬੀਬੀ ਨਾਨਕੀ ਦੇ ਤਾਈਂ ਜ਼ਹਿਰ ਦੇ ਕੇ,
ਇਹਨਾਂ ਪਾਪੀਆਂ ਗਰਭ ਗਿਰਵਾਇਆ ਜੀ।
'ਏਸੇ ਬੀਮਾਰੀ ਨਾਲ ਕਈ ਮਹੀਨੇ ਕਸ਼ਟ ਉਠਾ ਕੇ ਬੀਬੀ ਜੀ ਅੰਤ ਚਲਾਣਾ ਕਰ ਗਏ ਸਨ।