

ਮੱਥੇ ਦੇ ਦਾਗ਼ ਧੋਣ ਵਾਲਾ ਧਿਆਨ ਸਿੰਘ- ਤੱਕ ਹੁਣ-ਗੱਲੀਆਂ ਨੂੰ ਕੀਤੇ ਇਕਰਾਰ ਅਨੁਸਾਰ ਕਿਹੋ ਜੇਹਾ ਇਨਾਮ ਦੇਂਦਾ ਹੈ। ਪਹਿਲੀ ਹਾੜ ਨੂੰ ਚਾਰੇ ਗੋਲੀਆਂ ਦਰਬਾਰਿ-ਆਮ ਵਿਚ ਬੁਲਾ ਲਈਆਂ ਤੇ ਮਹਾਰਾਣੀ ਦੀਆਂ ਕਾਤਲ ਠਹਿਰਾ ਕੇ ਸਜ਼ਾ ਦਿੱਤੀ ਗਈ : ਨੱਕ, ਕੰਨ, ਗੁੱਤ, ਹੱਥ ਪੈਰ ਵੱਢ ਕੇ ਕਸ਼ਮੀਰੀ ਦਰਵਾਜ਼ਿਉਂ ਬਾਹਰ ਪਿੱਪਲਾਂ ਹੇਠ ਸੁਟਾ ਦਿੱਤੀਆਂ। ਜ਼ਖ਼ਮੀ ਪਈਆਂ ਗੋਲੀਆਂ ਆਉਂਦੇ ਜਾਂਦੇ ਰਾਹੀਆਂ ਅੱਗੇ ਦੁਹਾਈ ਦੇਂਦੀਆਂ, "ਏਸੇ ਧਿਆਨ ਸਿੰਘ ਨੇ ਸਾਨੂੰ ਕਹਿ ਕੇ (ਜਾਂ ਚੰਦ ਕੌਰ ਨੂੰ ਕਤਲ ਕਰੋ, ਨਹੀਂ ਤਾਂ ਤੁਹਾਨੂੰ ਕਤਲ ਕਰ ਦਿਆਂਗੇ) ਇਹ ਕਾਰਾ ਕਰਵਾਇਆ ਏ। ਅਸੀਂ ਮੌਤ ਤੋਂ ਡਰਦਿਆਂ ਨੇ ਓਸ ਵਿਚਾਰੀ ਦੀ ਜਾਨ ਲਈ ਏ, ਤਾਂ ਹੁਣ ਸਾਨੂੰ ਏਸ ਮੌਤੇ ਮਾਰਿਆ ਨੇ।" ਇਹ ਖ਼ਬਰਾਂ ਧਿਆਨ ਸਿੰਘ ਦੇ ਕੰਨੀ ਅਪੜੀਆਂ, ਤਾਂ ਚੌਹਾਂ ਗੋਲੀਆਂ ਨੂੰ ਰਾਤੀਂ ਟੁਕੜੇ ਟੁਕੜੇ ਕਰਵਾ ਕੇ ਦਰਿਆ ਰਾਵੀ ਦੀ ਭੇਟ ਕਰ ਦਿੱਤਾ।*
ਧਿਆਨ ਸਿੰਘ ਖੁੱਲ੍ਹੀਆਂ ਮਨ-ਮਰਜ਼ੀਆਂ ਕਰਨ ਲੱਗ ਪਿਆ। ਮਹਾਰਾਜਾ ਸ਼ੇਰ ਸਿੰਘ ਨੇ ਜ਼ਰਾ ਰੋਕਣਾ ਚਾਹਿਆ, ਤਾਂ ਦੋਹਾਂ ਦੀ ਲੱਗਣ ਲੱਗ ਪਈ।
ਸੰਧਾਵਾਲੀਏ ਫਿਰ ਦਰਬਾਰ ਵਿੱਚ ਗਿਆਨੀ ਗੁਰਮੁਖ ਸਿੰਘ ਨੇ ਮਹਾਰਾਜੇ ਨੂੰ ਕਿਹਾ, ਕਿ ਡੋਗਰਿਆਂ ਦਾ ਮੂੰਹ ਭੰਨਣ ਵਾਲੇ ਸੰਧਾਵਾਲੀਏ ਹੀ ਹਨ, ਸੋ ਉਹਨਾਂ ਨੂੰ ਜਾਗੀਰਾਂ 'ਤੇ ਬਹਾਲ ਕੀਤਾ ਜਾਵੇ। ਮਹਾਰਾਜੇ ਦੇ ਵੀ ਗੱਲ ਦਿਲ ਲੱਗੀ। ਉਹਨੇ ਸੰਧਾਵਾਲੀਆਂ ਦੀਆਂ ਜ਼ਬਤ ਹੋ ਚੁੱਕੀਆਂ ਜਾਗੀਰਾਂ ਉਨ੍ਹਾਂ ਨੂੰ ਫੇਰ ਦੇ ਦਿੱਤੀਆਂ। ਸ. ਲਹਿਣਾ ਸਿੰਘ ਤੇ ਕਿਹਰ ਸਿੰਘ ਕੈਦ ਵਿਚੋਂ ਰਿਹਾ ਕਰ ਦਿੱਤੇ ਗਏ ਤੇ ਅਜੀਤ ਸਿੰਘ ਬਾਹਰੋਂ ਆ ਗਿਆ। (ਸ. ਅਤਰ ਸਿੰਘ ਨਹੀਂ ਆਇਆ। ਉਹ ਓਦੋਂ ਹੀ ਆਉਂਦਾ ਹੈ, ਜਦੋਂ ਕਤਲ ਹੋ ਜਾਂਦਾ ਹੈ) ਇਹਨਾਂ ਤਿੰਨਾਂ ਨੂੰ ਛੇ ਲੱਖ ਦੀ ਜਾਗੀਰ ਦਿੱਤੀ ਗਈ।
੧੮੪੩ ਈ. ਦੀਆਂ ਗਰਮੀਆਂ ਵਿਚ ਸੰਧਾਵਾਲੀਏ ਲਹਿਣਾ ਸਿੰਘ, ਅਜੀਤ ਸਿੰਘ ਤੇ ਕਿਹਰ ਸਿੰਘ ਆਪੋ ਆਪਣੇ ਅਹੁਦਿਆਂ 'ਤੇ ਆਏ।
* ਸਿੱਖ ਦਰਬਾਰ ਦੇ ਰੋਜ਼ਨਾਮਚੇ, ਕਰਮ ਸਿੰਘ ਹਿਸਟੋਰੀਅਨ।