ਇਨਾਮ ਦਾ ਲਾਲਚ ਦਿੱਤਾ, ਤਾਂ ਉਸ ਵੱਲ ਹੋ ਗਏ ਜੇ ਦੁੱਜੇ ਨੇ ਤਨਖ਼ਾਹ ਵਧਾਉਣ ਦਾ ਇਕਰਾਰ ਕੀਤਾ, ਤਾਂ ਓਸ ਨਾਲ ਮਿਲ ਗਏ।
ਬਾਕੀ ਰਹੇ ਸਿੱਖ ਸਰਦਾਰ। ਉਹਨਾਂ ਵਿਚੋਂ ਬਹੁਤਿਆਂ ਦੇ ਦਿਲਾਂ ਵਿਚ ਖ਼ੁਦਗਰਜ਼ੀ ਸਮਾਂ ਗਈ ਸੀ। ਉਹ ਓਨਾ ਜ਼ੋਰ ਆਪਣੀ ਤਾਕਤ ਵਧਾਉਣ ਉੱਤੇ ਨਹੀਂ ਲਾਉਂਦੇ ਸਨ, ਜਿੰਨਾ ਦੂੱਜੇ ਦੀ ਤਾਕਤ ਘਟਾਉਣ ਉੱਤੇ। ਹਰ ਇਕ ਸਰਦਾਰ ਦੂੱਜੇ ਦੇ ਕੰਮ ਵਿਚ ਰੁਕਾਵਟ ਪਾਉਂਦਾ ਤੇ ਵਿਰੋਧਤਾ ਕਰਦਾ। ਮੁੱਕਦੀ ਗੱਲ; ਸਿੱਖ ਦਰਬਾਰ ਦੀਆਂ ਸਾਰੀਆਂ ਨਰਦਾਂ ਅੱਡੋਪਾਟੀ ਆਪਸ ਵਿਚ ਖਹਿ ਰਹੀਆਂ ਸਨ। ਅੰਤ ਇਹ ਫੁੱਟ ਤੇ ਪਾਟੋਧਾੜ ਸਾਨੂੰ ਲੈ ਲੱਥੀ। ਕਿਹੜਾ ਘਰ ਏ, ਜੋ ਫੁੱਟ ਨੇ ਬਰਬਾਦ ਨਾ ਕੀਤਾ ਹੋਵੇ। ਇਹ ਮਹਾਰਾਜਿਆਂ ਨੂੰ ਕੁਲੀ ਬਣਾ ਦਿਆ ਕਰਦੀ ਹੈ, ਤੇ ਲਾਲਾਂ ਨੂੰ ਕੌਡੀਆਂ ਵਾਂਗ ਰੋਲ ਦਿਆ ਕਰਦੀ ਹੈ। ਹਿੰਦੀ ਦੇ ਮਹਾਂ ਕਵੀ 'ਗੰਗ' ਨੇ ਕਿਆ ਸੋਹਣਾ ਕਿਹਾ ਹੈ :
ਫੂਟ ਗਏ ਹੀਰਾ ਕੀ ਬਿਕਾਨੀ ਕਨੀ ਹਾਟ ਹਾਟ
ਕਾਹੂੰ ਘਾਟ ਮੋਲ, ਕਾਹੂੰ ਬਾੜ ਮੋਲ ਕੋ ਲਯੋ
ਟੂਟ ਗਈ ਲੰਕਾ, ਫੂਟ ਮਿਲਓ ਜੋ ਵਿਭੀਖਣ ਹੈ
ਰਾਵਨ ਸਮੇਤ ਬੰਸ ਆਸਮਾਨ ਕੋ ਗਯੋ
ਕਹੈ ਕਵੀ 'ਗੰਗ' ਦਰਜੋਧਨ ਸੇ ਛਤਰਧਾਰੀ
ਤਨਕ ਮੇ ਫੂਟੇ ਤੇ ਗੁਮਾਨ ਵਾਕੋ ਨੈ ਗਯੋ
ਫੂਟੇ ਤੇ ਨਰਦ ਉਠ ਜਾਤ ਬਾਜੀ ਚੌਸਰ ਕੀ
ਆਪਸ ਕੇ ਫੂਟੇ ਕਹੁ ਕੌਨ ਕੋ ਭਲੋ ਭਯੋ।
ਮੈਂ ਕਿਹੜੀ ਕਿਹੜੀ ਗੱਲ ਦਾ ਰੋਣਾਂ ਰੋਵਾਂ ਤੇ ਕਿਹੜੇ ਕਿਹੜੇ ਫੱਟ 'ਤੇ ਪਟੀਆਂ ਬੰਨਾ......
ਇਕ ਚਾਕ ਹੋ ਤੋ ਸੀ ਨੂੰ ਹਮਦਮ ਗਿਰੇਬਾਂ ਅਪਨਾ
ਜ਼ਾਲਮ ਨੇ ਫਾੜ ਡਾਲਾ ਹੈ ਤਾਰ ਤਾਰ ਕਰ ਕੇ
ਖ਼ੈਰ, ਏਸ ਲੰਮੇ ਵਹਿਣ ਵਿਚ ਵਹਿਣ ਦਾ ਕੀ ਫ਼ਾਇਦਾ ? ਜੋ ਕੁਝ ਹੋਇਆ, ਆਪ ਅਗਲਿਆਂ ਪੱਤਰਿਆਂ ਵਿਚ ਪੜ੍ਹ ਲਵੋਗੇ।