ਮੈਂ ਹੁਣ ਇਕ ਦੋ ਆਪਣੀਆਂ ਗੱਲਾਂ ਕਰਦਾ ਹਾਂ। ਜਦ ਮੈਂ ਇਤਿਹਾਸ ਦਾ ਇਹ ਹਿੱਸਾ* ਢਾਡੀਆਂ ਦੇ ਤਰੀਕੇ ਨਾਲ ਲਿਖਿਆ ਤੇ ਸਟੇਜ ਉੱਤੇ ਕਿਹਾ, ਤਾਂ ਸੰਗਤਾਂ ਨੇ ਇਸ ਨਾਲ ਬਹੁਤ ਦਿਲਚਸਪੀ ਤੇ ਹਮਦਰਦੀ ਪਰਗਟ ਕੀਤੀ। ਅਨੇਕਾਂ ਵਾਰ ਮੈਂ ਇਹ ਪ੍ਰਸੰਗ ਸਟੇਜ ਉੱਤੇ ਕਹਿ ਚੁੱਕਾ ਹਾਂ। ਬਹੁਤ ਸਾਰੇ ਵਿਦਵਾਨ ਮਿੱਤਰਾਂ ਤੇ ਪੰਥਕ ਲੀਡਰਾਂ ਦੇ ਕਹਿਣ ਉੱਤੇ ਇਸ ਨੂੰ ਕਤਾਬੀ ਸ਼ਕਲ ਵਿਚ ਆਪ ਦੀ ਭੇਟਾ ਕਰ ਰਿਹਾ ਹਾਂ। ਮੈਂ ਇਸ ਵਿਚ ਆਪਣੇ ਵੱਲੋਂ ਮਨ-ਘੜਤ ਗੱਲ ਕੋਈ ਨਹੀਂ ਲਿਖੀ, ਸਭ ਪੁਰਾਣੇ ਇਤਿਹਾਸਾਂ ਅਤੇ ਮੌਕੇ ਦੀਆਂ ਗਵਾਹੀਆਂ ਦੇ ਆਧਾਰ 'ਤੇ ਲਿਖਿਆ ਹੈ। ਜਿੰਨ੍ਹਾਂ ਜਿੰਨ੍ਹਾਂ ਲਿਖਾਰੀਆਂ ਦੀ ਲਿਖਤ ਤੋਂ ਇਹ ਪੁਸਤਕ ਰਚਣ ਵਿਚ ਮਦਦ ਲਈ ਗਈ ਹੈ, ਮੈਂ ਉਹਨਾਂ ਸਭ ਸੱਜਣਾਂ ਦਾ ਧੰਨਵਾਦੀ ਹਾਂ।
ਕਾਦੀ ਵਿੰਡ (ਲਾਹੌਰ)
२०-੪-੧੯੪੪ ਈ. ਸੋਹਣ ਸਿੰਘ "ਸੀਤਲ"
*ਪਹਿਲੇ ਕਾਂਡ ਦੀ ਕਵਿਤਾ ੫-੫-੩੬ ਈ. ਨੂੰ, ਦੁੱਜੇ ਕਾਂਡ ਦੀ ਕਵਿਤਾ ੨੦-੮-੩੭ ਈ. ਨੂੰ ਤੇ ਤਿੱਜੇ ਕਾਂਡ ਦੀ ਕਵਿਤਾ ੧੦-੧-੪੦ ਈ. ਨੂੰ ਲਿਖੀ ਗਈ ਹੈ।
ਇਹ ਧਰਤੀ ਪੰਜ ਦਰਿਆਵਾਂ ਦੀ, ਇਹ ਯੋਧਿਆਂ ਦਾ ਅਸਥਾਨ
ਏਥੇ ਪੀਰ ਪੈਗ਼ੰਬਰ ਔਲੀਏ, ਕਈ ਹੋਏ ਬਲੀ ਮਹਾਨ
ਏਥੇ ਸਤਿਗੁਰ ਨਾਨਕ ਪਰਗਟੇ, ਪਏ ਦਿਉਤੇ ਸੀਸ ਝੁਕਾਨ
ਗੁਰ ਪੰਜਵੇਂ ਘਾਲਾਂ ਘਾਲੀਆਂ, ਜੋ ਤਪੀਆਂ ਦੇ ਸੁਲਤਾਨ
ਏਥੇ ਲਾਲ ਗੁਰੂ ਦਸਮੇਸ਼ ਦੇ, ਗਏ ਵਾਰ ਧਰਮ ਤੋਂ ਜਾਨ
ਗੁਰ ਪੰਥ ਖ਼ਾਲਸਾ ਸਾਜ ਕੇ, ਫਿਰ ਮਰੀ ਜੀਵਾਈ ਆਨ
ਏਥੇ ਨਲੁਵੇ ਤੇ ਰਣਜੀਤ ਦੀ, ਜਦ ਚਮਕੀ ਸੀ ਕਿਰਪਾਨ
ਤਾਂ ਖੁੱਸੀ ਹੋਈ ਪੰਜਾਬ ਦੀ, ਵਿਚ ਦੁਨੀਆਂ ਚਮਕੀ ਸ਼ਾਨ
ਪਰ ਘਾਲ ਬਲੀ ਰਣਜੀਤ ਦੀ, ਨਾ ਸਾਂਭ ਸੱਕੀ ਸੰਤਾਨ
ਜਿਉਂ ਗਿਆ ਸੀ ਰਾਜ ਪੰਜਾਬ ਦਾ, ਪੜ੍ਹ 'ਸੀਤਲ' ਦਿਲ ਪਛਤਾਨ
ਭੇਟਾ
ਉਹਨਾਂ ਸੂਰਬੀਰਾਂ ਨੂੰ,
ਜੋ ਆਪਣੇ ਦੇਸ ਦੀ ਆਜ਼ਾਦੀ
ਕਾਇਮ ਰੱਖਣ ਵਾਸਤੇ ਸ਼ਹੀਦ ਹੋਏ।
"ਸੀਤਲ"