

ਸੋਚ ਦਾ ਸਫ਼ਰ [ਭਾਗ ਪਹਿਲਾ]
ਝਰੋਖਾ
- ਦੋ ਕੁੜੀਆਂ, ਗੂੜ੍ਹ-ਸਹੇਲੀਆਂ, ਆਪਸ ਵਿੱਚ ਪੱਤ੍ਰ-ਵਿਹਾਰ ਕਰਦੀਆਂ ਹਨ। ਇੱਕ ਕੁੜੀ 'ਪੁਸ਼ਪੇਂਦ੍ਰ' ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀ ਧੀ ਹੈ: ਦੂਸਰੀ 'ਸਨੇਹਾ', ਈਸਟ ਹੈਮ, ਲੰਡਨ ਵਿਖੇ ਵਿਆਹੀ ਗਈ, ਇੱਕ ਸੁਹਿਰਦ ਪੰਜਾਬੀ ਪਰਿਵਾਰ ਦੀ ਸੁਚੱਜੀ ਨੂੰਹ ਹੈ।
- ਇਹ ਪੇਂਡੂ-ਵਿਹਾਰ, ਵਿਚਾਰ-ਵਟਾਂਦਰੇ ਦੇ ਨਾਲ ਨਾਲ ਵਿਚਾਰ ਵਿਕਾਸ ਦਾ ਮਾਧਿਅਮ ਵੀ ਬਣਦਾ ਜਾਂਦਾ ਹੈ।
- ਗੱਲਾਂ ਗੱਲਾਂ ਵਿੱਚ-ਦਰਸ਼ਨ, ਕਲਾ, ਵਿੱਦਿਆ, ਸਾਹਿਤ, ਪਰਿਵਾਰ-ਪ੍ਰਬੰਧ, ਵਿਸ਼ਵ-ਇਤਿਹਾਸ, ਅੰਤਰਰਾਸ਼ਟਰੀ ਸਬੰਧ, ਸੰਸਾਰ ਸਭਿਅਤਾਵਾਂ ਅਤੇ ਵਿਸ਼ਵ ਫਲਸਫੇ ਦੀਆਂ ਗੁੱਥੀਆਂ ਸੁਲਝਦੀਆਂ ਹਨ। ਵਿਸ਼ਵ ਫਲਸਫੇ ਨੂੰ ਇਤਿਹਾਸਕ ਪਰਿਪੇਖ ਵਿੱਚ ਰੱਖ ਕੇ, ਘੋਖਿਆ, ਪਰਖਿਆ, ਰਿੜਕਿਆ, ਵਿਚਾਰਿਆ ਜਾਂਦਾ ਹੈ।
- ਇੱਕ ਸਹਿਜ ਕਥਾਨਕ ਉੱਸਰਦਾ ਹੈ। ਇਸ ਕਥਾਨਕ ਦੇ ਸਾਰੇ ਪਾਤਰ, ਵੱਖ ਵੱਖ ਹੋਂਦ ਦੇ ਲਖਾਇਕ ਹੁੰਦੇ ਹੋਏ ਵੀ, ਆਦਰਸ਼ ਪਾਤਰ ਹਨ। 'ਆਦਰਸ਼ ਜੀਵਨ' ਹੀ ਇਸ ਪੁਸਤਕ ਦਾ ਮੁੱਖ-ਮੰਤਵ ਹੈ।
- ਏਧਰ ਅਕਲ (ਪ੍ਰ. ਦਵਿੰਦਰ ਸਿੰਘ) ਚੇਤਨ ਸਾਹਿਤ ਆਚਾਰੀਆ ਹੈ ਅਤੇ ਓਧਰ ਪਾਪਾ (ਸਨੇਹਾ ਦੇ ਧਰਮ ਪਿਤਾ) ਪ੍ਰਬੁੱਧ ਦਰਸ਼ਨ ਆਚਾਰੀਆ ਹੈ। 'ਸੁਮੀਤ' ਸੋਚ ਦੇ ਸਫ਼ਰ ਦੀ ਸੰਚਾਲਕ ਸ਼ਕਤੀ ਹੈ ਅਤੇ 'ਨੀਲੂ' ਅਮਲੀ ਜੀਵਨ ਦੀ ਇੱਕ ਆਦਰਸ਼ ਮੂਰਤੀ।
- ਸਾਰਾ ਕਥਾਨਕ, ਸੁੰਦਰ ਸੁਖਾਵੇਂ ਪਰਿਵਾਰਕ ਸੰਬੰਧਾਂ ਦਾ ਦਰਪਨ (illustration) ਹੈ ਇੱਕ ਸੁਹਾਵਣੀ ਜੀਵਨ ਜਾਚ ਵੀ। ਪਰਿਵਾਰਕ ਬੈਠਕਾਂ ਹੁੰਦੀਆਂ ਹਨ। ਇੱਕ ਦੂਜੇ ਦੀ ਸੁਣਨ, ਵਿਚਾਰਨ, ਮੰਨਣ ਵਾਲਾ ਵਾਤਾਵਰਣ ਵਿਆਪਕ ਹੈ। ਸਾਰਾ ਰੰਗ ਸੁਹਜਮਈ ਹੈ, ਕੁਹਜ ਤੋਂ ਕੋਹਾਂ ਦੂਰ।
- ਗੋਸ਼ਟਾਂ ਵਿੱਚ ਜਗਿਆਸਾ ਉਭਰਦੀ ਹੈ, ਨਵਾਂ ਕੁਝ ਜਾਣਨ ਦੀ ਇੱਛਾ ਜਾਗਦੀ ਹੈ। ਇਹ ਗੋਸ਼ਟਾਂ ਸੁਹਿਰਦ ਹਨ: ਸਿੰਗ-ਫ਼ਸਵੀਆਂ ਬਹਿਸਾਂ ਨਹੀਂ ਹਨ, ਤਾਹੀਓਂ ਤਾਂ ਸੋਚ ਦਾ ਸਫ਼ਰ ਬੇਰੋਕ, ਜਾਰੀ ਰਹਿੰਦਾ ਹੈ।
- ਇਸ ਪੁਸਤਕ ਲਈ ਸਾਹਿਤ ਦੀਆਂ ਨਿਸਚਿਤ ਰਵਾਇਤੀ ਵੰਨਗੀਆਂ ਵਾਲਾ ਨਾਮਕਰਣ ਸ਼ਾਇਦ ਸੰਭਵ ਨਹੀਂ। ਪੰਜਾਬੀ ਸਾਹਿਤ ਵਿੱਚ ਇਹ ਇੱਕ ਨਵੀਂ ਵੰਨਗੀ ਹੈ। (ਵਿਦੇਸ਼ੀ ਸਾਹਿਤਾਂ ਵਿੱਚ ਬੇਸ਼ਕ, ਅਜਿਹਾ ਬਹੁਤ ਕੁਝ ਮਿਲ ਜਾਂਦਾ ਹੋਵੇਗਾ)।
- ਇਹ ਤਾਂ ਸਿਰਫ਼ 'ਸੋਚ ਦਾ ਸਫ਼ਰ' ਹੈ। …. ਅਤੇ ਸੋਚ ਦੇ ਸਫ਼ਰ ਦੀ ਕੋਈ ਆਖਰੀ ਮੰਜ਼ਿਲ ਨਹੀਂ ਹੁੰਦੀ।
-ਧਿਆਨ ਸਿੰਘ ਸ਼ਾਹ ਸਿਕੰਦਰ
1 / 225