

12
ਗੁਰਦਾਸਪੁਰ,
22.10.95.
ਸਨੇਹਾ,
ਸੁਮੀਤ ਨਾਲ ਹੋਈ ਗੱਲਬਾਤ ਤੋਂ ਅਗਲੇ ਹੀ ਸੋਮਵਾਰ ਜਦੋਂ ਸ਼ਾਮ ਨੂੰ ਸੁਮੀਤ ਘਰ ਆਇਆ ਤਾਂ ਪਾਪਾ ਨੇ ਦੀਪੂ ਰਾਹੀਂ ਉਸ ਨੂੰ ਆਖਿਆ ਕਿ ਉਨ੍ਹਾਂ ਨੂੰ ਮਿਲੇ ਬਿਨਾਂ ਜਾਵੇ ਨਾ। ਇਸ ਸੁਨੇਹੇ ਤੋਂ ਛੇਤੀ ਹੀ ਪਿੱਛੋਂ ਪਾਪਾ ਆਪ ਵੀ ਆਪਣੇ ਕਮਰੇ ਵਿੱਚ ਆ ਗਏ। ਮੈਂ ਪਹਿਲਾਂ ਹੀ ਓਥੇ ਬੈਠੀ ਸਾਂ। ਪਾਪਾ ਦੇ ਅੰਦਰ ਆਉਣ ਉੱਤੇ ਸੁਮੀਤ ਕੁਰਸੀ ਤੋਂ ਉੱਠ ਖਲੋਤਾ। ਪਾਪਾ ਨੇ ਬਹੁਤ ਪਿਆਰ ਨਾਲ ਉਸ ਨੂੰ ਉਸ ਦੇ ਮੋਢਿਆਂ ਤੋਂ ਪਕੜ ਕੇ ਕੁਰਸੀ ਉੱਤੇ ਬਿਠਾਉਂਦਿਆਂ ਆਖਿਆ, "ਬੇਟਾ, ਦਫ਼ਤਰ ਵਾਲੀਆਂ ਗੱਲਾਂ ਦਫਤਰ ਵਿੱਚ; ਇਹ ਘਰ ਹੈ ।"
"ਮੇਰੇ ਲਈ ਤੁਸੀਂ ਹਰ ਥਾਂ ਸਤਿਕਾਰਯੋਗ ਹੋ।"
"ਅਤੇ ਮੈਂ ਕਿੰਨਾ ਮਜਬੂਰ ਹਾਂ ਕਿ ਹਰ ਥਾਂ ਤੇਰੀ ਰੌਸ਼ਨ ਦਿਮਾਗੀ ਦਾ ਪੂਰਾ ਸਤਿਕਾਰ ਨਹੀਂ ਕਰ ਸਕਦਾ। ਸੁਮੀਤ, ਤੂੰ ਚਪੜਾਸੀ ਦੀ ਨੌਕਰੀ ਕਿਉਂ ਕਰਦਾ ਹੈ। ਤੇਰੇ ਵਰਗੀ ਖਿਆਲ ਦੀ ਉਰਿਜਨੈਲਿਟੀ ਕੀ ਕਹਿੰਦੇ ਹਨ ਪੰਜਾਬੀ ਵਿੱਚ......।"
"ਮੌਲਿਕਤਾ, ਪਾਪਾ।"
"ਹਾਂ, ਖਿਆਲਾਂ ਦੀ ਮੌਲਿਕਤਾ ਜਿਹੜੀ ਤੇਰੇ ਕੋਲ ਹੈ, ਉਹ ਅਸਾਂ ਆਪਣੇ ਜ਼ਮਾਨੇ ਦੇ ਉਸਤਾਦਾਂ ਵਿੱਚ ਵੀ ਨਹੀਂ ਸੀ ਵੇਖੀ।"
"ਜੀ, ਘਰ ਵਿੱਚ ਕੁਝ ਪੈਸਿਆਂ ਦੀ ਲੋੜ ਸੀ, ਇਸ ਲਈ ਨੌਕਰੀ ਕਰ ਲਈ।"
"ਪਰ ਚਪੜਾਸੀ ਦੀ ਨੌਕਰੀ ਕਿਉਂ?"
"ਮੈਂ ਏਸੇ ਨੌਕਰੀ ਜਗਾ ਪੜ੍ਹਿਆ ਹੋਇਆ ਹਾਂ। ਕੇਵਲ ਮੈਟਿਕ ਪਾਸ ਹਾਂ ਉਹ ਵੀ ਪ੍ਰਾਈਵੇਟ। ਇਹ ਸਰਟੀਫ਼ਿਕੇਟ ਵੀ ਵੇਲੇ ਕੁਥੱਲੇ, ਲੋੜ ਸਮੇਂ, ਮਾੜਾ ਮੋਟਾ ਕੰਮ ਲੱਭਣ ਲਈ ਲਿਆ ਹੈ।"
"ਅੱਗੇ ਕਿਉਂ ਨਹੀਂ ਪੜ੍ਹਿਆ ?"
"ਇਹ ਤਾਂ ਮੇਰੇ ਮਾਤਾ ਜੀ ਹੀ ਜਾਣਦੇ ਹਨ।"
"ਤੇਰੇ ਪਿਤਾ ਜੀ?"
"ਮੈ ਦੋ ਕੁ ਸਾਲ ਦਾ ਸਾਂ, ਜਦੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।"
"ਵਾਰੀ ਸੈਡ, ਤੇਰੇ ਜਿਹਾ ਹੋਣਹਾਰ ਬੱਚਾ ਹਾਲਾਤ ਦਾ ਸ਼ਿਕਾਰ.....।
"ਨਹੀਂ ਸਰ, ਉਹ ਗੱਲ ਨਹੀਂ। ਮੇਰੇ ਮਾਤਾ ਜੀ ਇਹ ਚਾਹੁੰਦੇ ਹੀ ਨਹੀਂ ਸਨ ਕਿ ਮੈਂ ਕੋਈ ਉੱਚੀ ਡਿਗਰੀ ਪ੍ਰਾਪਤ ਕਰਾਂ।"
"ਕੀ ਮੈਂ ਪੁੱਛ ਸਕਦਾ ਹਾਂ ਕਿ ਹੁਣ ਪੈਸਿਆਂ ਦੀ ਅਜਿਹੀ ਕਿਹੜੀ ਲੋੜ ਸੀ, ਜਿਸ