

ਜਾਣਦੇ ਹਨ ਜਿੰਨਾ ਮੈਂ ਅਤੇ ਤੂੰ ਜਾਣਦੀਆਂ ਹਾਂ। ਕਰਨਜੀਤ ਬਾਰੇ ਇਨ੍ਹਾਂ ਨੂੰ ਪਤਾ ਹੈ, ਉਸ ਦੇ ਕੱਪੜਿਆਂ ਦੇ ਨਾਪ ਤੱਕ।
ਇਸ ਪਰਿਵਾਰ ਵਿੱਚ ਦੋ ਚੀਜ਼ਾਂ ਉੱਕੀਆਂ ਨਹੀਂ ਹਨ- ਇੱਕ ਮਾਸਾਹਾਰ ਅਤੇ ਦੂਜਾ ਕਿਸੇ ਧਾਰਮਿਕ ਜਥੇਬੰਦੀ ਦਾ ਮੋਹ। ਉਂਜ ਇਸ ਪਰਿਵਾਰ ਦੇ ਮੁਖੀ-ਸਾਡੇ ਪਾਪਾ-ਸੰਪੂਰਨ ਤੋਰ ਉੱਤੇ ਧਾਰਮਿਕ ਵਿਅਕਤੀ ਆਖੇ ਜਾ ਸਕਦੇ ਹਨ। ਗਿਆਨ-ਵਿਗਿਆਨ ਦੇ ਪ੍ਰੇਮੀ, ਮਿੱਤ੍ਰਾਂ ਦੇ ਮਿੱਤ੍ਰ, ਬੱਚਿਆਂ ਵਿੱਚ ਬੱਚੇ, ਬੁੱਢਿਆਂ ਵਿੱਚ ਬੁੱਢੇ ਅਤੇ ਜੁਆਨਾਂ ਵਿੱਚ ਜੁਆਨ ਹੁੰਦਿਆਂ ਹੋਇਆ ਉਹ ਅਸਲ ਵਿੱਚ ਬਚਪਨ ਦੀ ਸਰਲਤਾ ਦੇ ਧਾਰਨੀ ਹਨ। ਉਨ੍ਹਾਂ ਦੀ ਸੁਹਬਤ ਇੱਕ ਸੁਭਾਗ ਹੈ। ਮੇਰੇ ਲਈ ਸਭ ਤੋਂ ਵੱਡੀ ਕਸ਼ਿਸ਼ ਵਾਲੀ ਗੱਲ ਇਹ ਹੈ ਕਿ ਉਹ ਫਲਸਵੇ ਦੀ ਲਗਨ ਵਾਲੇ ਹਨ। ਉਨ੍ਹਾਂ ਦਾ ਕਮਰਾ ਉੱਤਮ ਪੁਸਤਕਾਂ ਨਾਲ ਭਰਿਆ ਪਿਆ ਹੈ। ਉਸ ਕਮਰੇ ਵਿੱਚ ਜਾ ਕੇ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਤੁਸੀਂ ਹੋਏ ਬੀਤੇ ਸਾਰੇ ਦਾਨਿਆਂ ਦੀ ਮਹਿਫ਼ਿਲ ਵਿੱਚ ਜਾ ਬੈਠੇ ਹੋ। ਪਾਪਾ ਨਾਲ ਗੱਲਾਂ ਕਰਨਾ ਪੁਰਾਣੇ ਦਾਰਸ਼ਨਿਕਾਂ ਨਾਲ ਵਾਰਤਾਲਾਪ ਕਰਨ ਦੇ ਤੁੱਲ ਹੋ।
ਤੇਰੇ ਜੀਜਾ ਜੀ ਦੇ ਮਾਤਾ ਜੀ ਤਾਂ ਸਾਡੇ ਸਭ ਦੇ ਮਾਤਾ ਜੀ ਹਨ। ਦੁੱਧ ਦੇ ਭਰੇ ਹੋਏ ਪਿਆਲੇ ਉਤੇ ਚਮੇਲੀ ਦੀ ਫੁੱਲ ਵਾਲੀ ਸਾਖੀ ਤਾਂ ਅਸਾਂ ਸੁਣੀ ਹੋਈ ਹੈ; ਪ੍ਰੰਤੂ ਇਸ ਸਾਖੀ ਦਾ ਸਾਖਿਆਤਕਾਰ ਸਾਡੇ ਮਾਤਾ ਜੀ ਹਨ। ਪੜ੍ਹੇ ਹੋਏ ਨਹੀਂ ਹਨ, ਪਰ ਜਗਤ ਦੇ ਤਮਾਸ਼ੇ ਨੂੰ ਜਿਸ ਨਿਰਲੇਪਤਾ ਨਾਲ ਵੇਖਦੇ ਹਨ ਅਤੇ ਹਰ ਹੋਣੀ ਨੂੰ ਜਿਸ ਧੀਰਜ ਨਾਲ ਸਵੀਕਾਰ ਕਰਦੇ ਹਨ, ਉਹ ਜੁਗਤੀ ਕਿਸੇ ਸਰਸਵਤੀ ਨੂੰ ਵੀ ਇਨ੍ਹਾਂ ਕੋਲੋਂ ਸਿੱਖਣ ਦੀ ਲੋੜ ਹੈ।
ਇਹ ਪ੍ਰਾਪਤੀਆਂ ਏਨੀਆਂ ਅਦਭੁੱਤ ਸਨ ਕਿ ਮੈਨੂੰ ਇਸ ਸਭ ਕੁਝ ਦੇ ਵਾਸਤਵਿਕ ਹੋਣ ਦਾ ਵਿਸ਼ਵਾਸ ਨਹੀਂ ਸੀ ਹੁੰਦਾ। ਪਿਛਲੇ ਸਾਰੇ ਮਹੀਨੇ ਮੈਂ ਇਹੋ ਜਾਣਨ ਦਾ ਯਤਨ ਕਰਦੀ ਰਹੀ ਹਾਂ ਕਿ ਇਹ ਸੁਪਨਾ ਹੋ ਜਾ ਅਸਲੀਅਤ। ਭਲੀ-ਭਾਂਤ ਨਿਰਣਾ ਕਰ ਲੈਣ ਤੋਂ ਪਹਿਲਾਂ ਮੈਂ ਤੈਨੂੰ ਇਹ ਸਭ ਕੁਝ ਲਿਖਣਾ ਨਹੀਂ ਸਾਂ ਚਾਹੁੰਦੀ। ਹੁਣ ਜਦੋਂ ਮੈਨੂੰ ਯਕੀਨ ਹੋ ਗਿਆ ਹੈ ਕਿ ਇਹ ਪਰਿਵਾਰ ਇਸ ਜਗਤ ਦੀ ਇੱਕ ਵਾਸਤਵਿਕਤਾ ਹੈ ਅਤੇ ਮੇਰਾ ਇਸ ਪਰਿਵਾਰ ਨਾਲ ਸੰਬੰਧ ਇੱਕ ਜੀਉਂਦੀ ਜਾਗਦੀ ਸੱਚਾਈ ਹੈ ਤਾਂ ਤੈਨੂੰ ਪੱਤਰ ਲਿਖਣ ਹੀ ਵਾਲੀ ਸਾਂ ਕਿ ਤੇਰਾ ਪੱਤਰ ਆ ਗਿਆ ਹੈ। ਇੰਗਲੈਂਡ ਦੀ ਪ੍ਰਕ੍ਰਿਤਿਕ ਸੁੰਦਰਤਾ ਨੇ ਵੀ ਮੇਰੇ ਪੱਤਰ ਨੂੰ ਲੇਟ ਕੀਤਾ ਹੈ। ਪਿਛਲੇ ਛੇ ਮਹੀਨੇ ਭਾਵੇਂ ਸਰਦੀਆ ਦੇ ਮਹੀਨੇ ਸਨ ਤਾਂ ਵੀ ਤੇਰੇ ਜੀਜਾ ਜੀ ਨੇ ਸਾਰੀ ਵਲੈਤ ਵਿਖਾ ਦਿੱਤੀ ਹੈ ਮਹੀਨਿਆਂ ਵਿੱਚ। ਜਿਨ੍ਹਾਂ ਵਾਦੀਆਂ ਅਤੇ ਝੀਲਾਂ ਨੇ ਸ਼ੈਲੇ, ਕੀਟਸ ਅਤੇ ਵਰਡਜ਼ਵਰਥ ਪੈਦਾ ਕੀਤੇ ਸਨ, ਉਨ੍ਹਾਂ ਦੀ ਯਾਤਰਾ ਕਰਦਿਆਂ ਇਹ ਛੇ ਮਹੀਨੇ ਕਿਵੇਂ ਉੱਡ ਪੁੱਡ ਗਏ ਕੁਝ ਪਤਾ ਹੀ ਨਹੀਂ ਲੱਗਾ। ਵਲੈਤੀ ਸਰਦੀਆਂ ਦੀ ਸੁੰਞ ਮੈਨੂੰ ਬਹੁਤ ਚੰਗੀ ਲੱਗੀ।
ਤੂੰ ਮੇਰੇ ਵੱਲੋਂ ਪੱਤਰ ਨਾ ਲਿਖਣ ਦਾ ਗਿਲਾ ਕੀਤਾ ਹੈ ਜਿਸ ਦੇ ਟਾਕਰੇ ਜਾਂ ਬਦਲੇ ਵਿੱਚ ਮੈਂ ਵੀ ਇੱਕ ਗਿਲਾ ਕਰਨ ਦੀ ਲੋੜ ਮਹਿਸੂਸ ਕਰਦੀ ਹਾਂ। ਤੂੰ ਆਪਣੇ ਪੱਤਰ ਵਿੱਚ ਇੱਕ ਸ਼ਬਦ ਦੀ ਵਰਤੋਂ ਬਹੁਤ ਕੀਤੀ ਹੈ। ਉਹ ਸ਼ਬਦ ਹੈ 'ਚਿੱਠੀ'। ਅਰੇ ਰੇ ਰੇ। ਇਸ ਨੂੰ ਲਿਖਦਿਆਂ ਮੇਰੀ ਕਲਮ ਨੇ ਕਿੰਨਾ ਕਿਰਕਿਰਾ-ਪਨ ਮਹਿਸੂਸ ਕੀਤਾ ਹੈ। ਇਹ ਸ਼ਬਦ ਕਿੰਨਾ ਖਰ੍ਹਵਾ ਅਤੇ ਕਠੋਰ ਹੈ। ਇਸ ਦੀ ਥਾਂ 'ਪੱਤਰ' ਲਿਖਿਆ ਨਾ ਤਾਂ ਤੇਰਾ ਧਰਮ ਖ਼ਤਰੇ ਵਿੱਚ ਪੈਂਦਾ ਹੈ ਅਤੇ ਨਾ ਹੀ ਪੰਜਾਬੀ ਬੋਲੀ, ਹਿੰਦੀ ਭਾਸ਼ਾ ਦੀ ਮਕਰੂਜ਼ ਹੀ ਮੰਨੀ ਜਾਂਦੀ ਹੈ। ਮਕਰੂਜ਼ ਦੇ ਅਰਥ ਹਨ ਕਰਜ਼ਦਾਰ; ਜਿਸ ਨੇ ਕਿਸੇ ਕੋਲੋਂ ਕਰਜ਼ਾ ਲਿਆ ਹੋਵੇ। ਇਸ ਪਰਿਵਾਰ ਨੂੰ