

ਮੈਂ ਤਸਵੀਰਾਂ ਵੇਖਣ ਵਿੱਚ ਮਗਨ ਸਾਂ ਜਦੋਂ ਅੰਕਲ ਜੀ ਨੇ ਮੇਰੇ ਕੋਲ ਆ ਕੇ ਆਖਿਆ, "ਪੁਸ਼ਪੀ, ਮੈਨੂੰ ਯਾਦ ਆ ਗਿਆ। ਮੈਂ ਤੇਰੇ ਪਾਪਾ ਨੂੰ ਮਿਲਨਾ ਹੋ ਅੱਜ। ਕਾਰ ਦੀ ਚਾਬੀ ਮੈਨੂੰ ਦੇ ਅਤੇ ਏਥੇ ਹੀ ਮੈਨੂੰ ਉਡੀਕੀ। ਸ਼ਾਇਦ ਸ਼ਾਮ ਨੂੰ ਉਹ ਵੀ ਮੇਰੇ ਨਾਲ ਹੀ ਆ ਜਾਵੇ।"
ਅੱਧਾ ਕੁ ਘੰਟਾ ਤਸਵੀਰਾਂ ਨੂੰ ਵੇਖ ਜਾਤ ਕੇ ਮੈਂ ਸੁਮੀਤ ਦੇ ਮਾਤਾ ਜੀ ਵੱਲ ਮੁੜੀ ਤਾਂ ਵੇਖਿਆ ਕਿ ਆਂਟੀ ਅਤੇ ਸੁਮੀਤ ਵੀ ਉਨ੍ਹਾਂ ਕੋਲਆ ਬੈਠੇ ਸਨ। ਆਂਟੀ ਨੇ ਮੈਨੂੰ ਪੁੱਛਿਆ, “ਪਸੰਦ ਆਈਆਂ ਤਸਵੀਰਾਂ ?" "ਹਾਂ, ਬਹੁਤ ਜ਼ਿਆਦ," ਕਹਿ ਕੇ ਮੈਂ ਚੁੱਪ ਕਰ ਗਈ। ਕੁਝ ਚਿਰ ਸੋਚ ਕੇ ਮੈਂ ਕਿਹਾ, "ਮੈਂ ਇਸ ਕਮਰੇ ਵਿੱਚ ਦੋ ਤਿੰਨ ਵੇਰ ਆਈ ਹਾਂ। ਇਹ ਤਸਵੀਰਾਂ ਮੈਂ ਪਹਿਲੇ ਕਦੇ ਨਹੀਂ ਵੇਖੀਆਂ। ਇਹ ਸਭ ਕਿੱਥੋਂ ਆਈਆਂ ਹਨ ਅਤੇ ਪਹਿਲੀਆਂ ਕਿਧਰ ਗਈਆਂ ?"
"ਪੁਸ਼ਪੇਂਦ, ਮੌਸਮ ਅਤੇ ਮੌਕੇ ਅਨੁਸਾਰ ਡ੍ਰਾਇੰਗ ਰੂਮ ਵਿੱਚ ਤਬਦੀਲੀ ਹੁੰਦੀ ਰਹਿੰਦੀ ਹੈ। ਪਹਿਲੀਆਂ ਤਸਵੀਰਾਂ ਸਟੋਰ ਵਿੱਚ ਰੁੱਪ ਦਿੱਤੀਆਂ ਹਨ। ਤੂੰ ਗਰਮੀਆਂ ਵਿੱਚ ਆਉਂਦੀ ਰਹੀ ਹੈਂ। ਉਦੋਂ ਮੱਧਮ ਹਲਕੇ ਰੰਗ ਦੇ ਚਿੱਤ੍ਰ ਲੱਗੇ ਹੋਏ ਸਨ। ਬਾਹਰ ਧੁੱਪ ਦੀ ਤੇਜੀ ਸੀ। ਹੁਣ ਬਾਹਰ ਮੌਸਮ ਦੀ ਭੜਕਾਹਟ ਘੱਟ ਹੈ, ਇਸ ਲਈ ਅੰਦਰ ਗੂਹੜੇ ਭੜਕੀਲੇ ਚਿੱਤ੍ਰ ਨਗਾ ਲਏ ਹਨ।"
"ਕਿੰਨੀ ਮਿਹਨਤ ਕਰਦੇ ਹੋ ਤੁਸੀਂ ?"
"ਇਸ ਵਿੱਚ ਮੈਨੂੰ ਬਹੁਤਾ ਕੁਝ ਨਹੀਂ ਕਰਨਾ ਪੈਂਦਾ। ਲਾਗਲੇ ਪਿੰਡਾਂ ਦੇ ਮੁੰਡੇ ਕੁੜੀਆਂ ਸਾਰਾ ਕੰਮ ਕਰਦੇ ਹਨ। ਕਿਹੜੀਆਂ ਤਸਵੀਰਾਂ ਕਿੱਥੇ ਅਤੇ ਕਦੋਂ ਲਗਾਉਣੀਆਂ ਹਨ, ਉਹ ਫੈਸਲਾ ਕਰਦੇ ਹਨ। ਇਨ੍ਹਾਂ ਵਿੱਚ ਬਹੁਤੀਆਂ ਤਸਵੀਰਾਂ ਵੀ ਉਨ੍ਹਾਂ ਬੱਚਿਆਂ ਦੀਆਂ ਬਣੀਆਂ ਹੋਈਆਂ ਹਨ। ਕੀ ਤੂੰ ਦੱਸ ਸਕਦੀ ਹੈ ਕਿ ਇਨ੍ਹਾਂ ਵਿੱਚ ਕਿਹੜੀ ਤਸਵੀਰ ਕਿਸੇ ਬੱਚੇ ਦੀ ਬਣਾਈ ਹੋਈ ਹੈ ਅਤੇ ਕਿਹੜੀ ਮੇਰੀ ? ਸੋਚ ਕੇ ਦੱਸੀ।"
"ਜਿਥੋਂ ਤਕ ਕਲਾ ਦੀ ਕੁਸ਼ਲਤਾ ਦਾ ਸੰਬੰਧ ਹੈ ਮੈਨੂੰ ਬਹੁਤਾ ਫ਼ਰਕ ਨਹੀਂ ਦਿਸਿਆ। ਸ਼ਾਇਦ ਇਸ ਲਈ ਕਿ ਮੈਂ ਚਿੱਤ੍ਰ ਕਲਾ ਬਾਰੇ ਜਾਣਦੀ ਨਹੀਂ। ਵਿਸ਼ੇ-ਵਸਤੂ ਦੇ ਪੱਖੋਂ ਵੇਖ ਕੇ ਮੈਂ ਅੰਦਾਜ਼ਾ ਲਾ ਸਕਦੀ ਹਾਂ ਕਿ ਚਰਖਿਆਂ ਵਾਲਾ ਚਿੱਤ੍ਰ ਤੁਹਾਡਾ ਬਣਾਇਆ ਹੋਇਆ ਹੈ। ਇਸ ਵਿੱਚ ਚਰਖਾ ਕੱਤਦੀਆਂ ਬਿਰਧ ਮਾਤਾਵਾਂ ਨੂੰ ਪ੍ਰਿਸ਼ਟ-ਭੂਮੀ ਵਿੱਚ ਰੱਖ ਕੇ ਉਨ੍ਹਾਂ ਲਾਗੇ ਕੁਝ ਕੁ ਚਰਖੇ ਬੇਕਾਰ ਪਏ ਵਿਖਾ ਕੇ ਇਹ ਦੱਸ ਰਹੇ ਹੋ ਤੁਸੀਂ ਕਿ ਇਹ ਸਭ ਕੁਝ ਪਿੱਛੇ ਰਹਿ ਗਿਆ ਹੈ ਅਤੇ ਜੀਵਨ ਅੱਗੇ ਨਿਕਲ ਗਿਆ ਹੈ। ਬਿਧ ਮਾਤਾਵਾਂ ਵੀ ਹੁਣ ਚਰਖਾ ਨਹੀਂ ਕੱਤਦੀਆਂ। ਕੁੜੀਆਂ ਸਕੂਲਾਂ ਕਾਲਜਾਂ ਵਿੱਚ ਜਾਣ ਲੱਗ ਪਈਆਂ ਹਨ। ਉਨ੍ਹਾਂ ਨੂੰ ਚਿੱਤ੍ਰ ਦੇ ਸਾਹਮਣੇ ਰੱਖ ਕੇ ਤੁਸਾਂ ਇਹ ਕਹਿਣ ਦਾ ਯਤਨ ਕੀਤਾ ਹੈ ਕਿ ਅਜੋਕਾ ਜੀਵਨ ਕਿਸ ਦਿਸ਼ਾ ਵਿੱਚ ਵਿਕਾਸ ਕਰ ਰਿਹਾ ਹੈ ਅਤੇ ਕਿੰਨਾ ਅੱਗੇ ਨਿਕਲ ਗਿਆ ਹੈ ਜਾਂ ਪਹਿਲੀ ਪੀੜ੍ਹੀ ਨੂੰ ਕਿੰਨਾ ਪਿੱਛੇ ਛੱਡ ਗਿਆ ਹੈ।"
"ਵਿਸ਼ੇ-ਵਸਤੂ ਦੀ ਵਿਆਖਿਆ ਤੂੰ ਠੀਕ ਕੀਤੀ ਹੈ, ਪੁਸ਼ਪੇਂਦ: ਪਰ, ਚਿੱਤਕਾਰ ਦੀ ਪਛਾਣ ਨਹੀਂ ਕਰ ਸਕੀ ਤੂੰ। ਇਹ ਚਿੱਤ੍ਰ ਲਾਗਲੇ ਪਿੰਡ ਦੀ ਇਕ ਕੁੜੀ ਦਾ ਬਣਾਇਆ ਹੋਇਆ ਹੈ। ਮੈਂ ਉਸ ਨੂੰ ਚਿੱਤ੍ਰ ਬਣਾਉਣ ਦੀ ਜਾਚ ਜ਼ਰੂਰ ਸਿਖਾਈ ਸੀ, ਪਰ, ਇਹ ਚਿੱਤ ਉਸ ਨੇ ਮੇਰੇ ਤੋਂ ਪਰੇ ਰਹਿ ਕੇ ਆਪ ਬਣਾਇਆ ਹੈ। ਮੈਂ ਇਸ ਨੂੰ ਉਦੋਂ ਵੇਖਿਆ ਸੀ ਜਦੋਂ ਇਹ ਸੰਪੂਰਣ ਹੋ ਚੁੱਕਾ ਸੀ। ਇਸ ਦੇ ਵਿਸ਼ੇ ਵਸਤੂ ਨੂੰ ਸਮਝਣ ਵਿੱਚ ਮੈਨੂੰ ਕੋਈ ਔਕੜ ਨਹੀਂ ਸੀ ਭਾਸੀ: ਪਰ, ਇਹ ਮੰਨਣਾ ਮੇਰੇ ਲਈ ਮੁਸ਼ਕਲ ਸੀ ਕਿ ਪੰਦਰਾਂ ਸਾਲ ਦੀ ਇਕ ਪੇਂਡੂ ਕੁੜੀ ਨੇ ਇਸ ਵਿਸ਼ੇ-ਵਸਤੂ ਦੀ ਚੋਣ ਕੀਤੀ ਹੈ।"