

ਅਤੇ ਨਮੋਸ਼ੀਆਂ ਵੀ ਬੀਜ ਰਹੀ ਹੈ। ਧਰਤੀ ਉੱਤੇ ਫੈਲਦੇ ਹੋਏ ਆਤੰਕਵਾਦ ਦੇ ਸਨਮੁਖ, ਨਿੱਤ ਦੀਆਂ ਭੁੱਖ-ਮਰੀਆਂ, ਬੇ ਘਰੀਆਂ ਅਤੇ ਬੇ-ਹੁਮਤੀਆਂ ਦੀ ਹਾਜ਼ਰੀ ਵਿੱਚ, ਗੁਆਂਢੀ ਦੇਸ਼ਾਂ ਦੀਆਂ ਦੁਸ਼ਮਣੀਆਂ ਦੇ ਰੂ ਬ ਰੂ ਖਲੋ ਕੇ, ਜੀਵਨ ਵਿੱਚ ਕਿਸੇ ਸਾਂਝ-ਸੌਂਦਰਯ ਦੇ ਵਿਕਾਸ ਦੀ ਆਸ ਕਰਨੀ ਕੁਝ ਕਠਿਨ ਵੀ ਹੈ।"
"ਕੁਝ ਕਠਿਨ ਕਿਉਂ, ਪੁਸ਼ਪੀ, ਬਹੁਤ ਕਠਿਨ, ਸਗੋਂ ਅਸੰਭਵ ਹੈ। ਕੁਰੂਪਤਾ ਦੇ ਸਨਮੁਖ ਖਲੋਤਾ ਜੀਵਨ ਸੁੰਦਰਤਾ ਦੀ ਕਲਪਨਾ ਨਹੀਂ ਕਰ ਸਕੇਗਾ। ਏਸੇ ਲਈ ਇਹ ਜ਼ਰੂਰੀ ਹੈ ਕਿ ਮਨੁੱਖੀ ਮਨ ਨੂੰ ਕੁਝ ਸਮੇਂ ਲਈ ਸੁੰਦਰਤਾ ਦੇ ਸਨਮੁੱਖ ਹੋਣ ਦਾ ਮੌਕਾ ਦਿੱਤਾ ਜਾਵੇ। ਉਸ ਨੂੰ ਭਰੋਸਾ ਦਿਵਾਇਆ ਜਾਵੇ ਕਿ ਉਹ ਅਨੰਤ ਕਾਲ ਤੋਂ ਕੁਰੂਪਤਾਵਾਂ ਨੂੰ ਪਿੱਛੇ ਛੱਡਦਾ ਹੋਇਆ ਨਿੱਤ ਦੀਆਂ ਸੁੰਦਰਤਾਵਾਂ ਦੀ ਸੋਧੇ ਤੁਰਿਆ ਜਾ ਰਿਹਾ ਹੈ। ਇਹ ਕੰਮ ਕਲਾ ਦਾ ਹੈ। ਮੈਂ ਕਿਸੇ ਕੁਰੂਪਤਾ ਨੂੰ ਕਲਾ ਦਾ ਵਿਸ਼ਾ ਨਹੀਂ ਮੰਨਦੀ, ਭਾਵੇਂ ਉਹ ਜੀਵਨ ਦਾ ਕਿੰਨਾ ਵੀ ਵੱਡਾ ਯਥਾਰਥ ਕਿਉਂ ਨਾ ਹੋਵੇ। ਕਲਾ ਦੇ ਵਿਸ਼ੇ ਨੂੰ ਕੋਮਲ, ਪਵਿੱਤ੍ਰ ਅਤੇ ਸੁੰਦਰ ਹੋਣਾ ਲੋੜੀਏ। ਜੀਵਨ ਨੂੰ ਕੋਝ ਦੇ ਸਨਮੁੱਖ ਕਰਨਾ ਕਲਾ ਨਹੀਂ, ਸਗੋਂ ਜੁਰਮ ਹੈ।"
"ਜਿਸ ਜੀਵਨ ਨੂੰ ਅਸਾਂ ਸੁੰਦਰਤਾ ਦੀ ਸੋਧੇ ਤੁਰਦੇ ਰਹਿਣ ਲਈ ਉਤਸਾਹਿਤ ਕਰਨਾ ਹੈ, ਉਸ ਜੀਵਨ ਨੂੰ ਉਸ ਦੀਆਂ ਕੁਰੂਪਤਾਵਾਂ ਤੋਂ ਜਾਣੂੰ ਹੋਣ ਦੀ ਲੋੜ ਹੈ ਜਾਂ ਨਹੀਂ। ਜੇ ਹੈ, ਤਾਂ ਕਲਾ ਇਹ ਕੰਮ ਕਿਉਂ ਨਾ ਕਰੇ ?"
"ਮੇਰੀ ਬੱਚੀ, ਮੇਰੇ ਸ਼ਬਦ ਜਰਾ ਕਠੋਰ ਹੋਣਗੇ ਪਰ, ਧਿਆਨ ਨਾਲ ਸੁਣਨ ਦੀ ਲੋੜ ਹੈ, ਗੁੱਸਾ ਕਰਨ ਦੀ ਲੋੜ ਨਹੀਂ। ਸੁਣ। ਜੋ ਇਹ ਸਮਝਦਾ ਹੈ ਕਿ ਜੀਵਨ ਨੂੰ ਆਪਣੇ ਕੋਝ ਦਾ ਪਤਾ ਨਹੀਂ, ਆਪਣੀ ਪੀੜ ਦਾ ਅਹਿਸਾਸ ਨਹੀਂ, ਉਹ ਕਲਾਕਾਰ ਜਾਂ ਸਮਝਦਾਰ ਇਨਸਾਨ ਨਹੀਂ ਸਗੋਂ ਮੂਰਖ ਹੋ ਜਾਂ ਮੱਕਾਰ ਹੈ। ਕੀ ਤੂੰ ਇਹ ਮੰਨ ਸਕਦੀ ਹੈ ਕਿ ਸਾਧਾਰਣ ਜਾਗਤ ਅਵਸਥਾ ਵਿੱਚ ਤੇਰੇ ਸਿਰ ਨੂੰ ਹੋ ਰਹੀ ਪੀੜ ਦਾ ਗਿਆਨ ਤੈਨੂੰ ਕਿਸੇ ਦੂਜੇ ਦੁਆਰਾ ਦਿੱਤਾ ਜਾਣ ਦੀ ਲੋੜ ਹੈ ? ਪਿਛਲੇ ਸਾਲਾਂ ਵਿੱਚ ਨਿਪੁੱਤੀਆਂ ਕਰ ਦਿੱਤੀਆਂ ਗਈਆਂ ਪੰਜਾਬੀ ਮਾਵਾਂ ਦੀ ਮਮਤਾ ਨੂੰ ਹੋਈ ਪੀੜ, ਕੀ ਉਨ੍ਹਾਂ ਮਾਵਾਂ ਦੁਆਰਾ ਉਦੋਂ ਮਹਿਸੂਸੀ ਗਈ ਸੀ, ਜਦੋਂ ਪੰਜਾਬੀ ਕਵੀਆਂ ਅਤੇ ਕਹਾਣੀਕਾਰਾਂ ਨੇ ਉਸ ਪੀੜ ਨੂੰ ਆਪਣੀ ਕਲਾ ਰਾਹੀਂ ਰੂਪਮਾਨ ਕੀਤਾ ਸੀ ? ਕਲਾ ਰਾਹੀਂ ਜੀਵਨ ਨੂੰ ਉਹੋ ਕੁਝ ਦੇ ਕੇ ਜਾਂ ਦੱਸ ਕੇ ਜੋ ਕੁਝ ਜੀਵਨ ਕੋਲ ਪਹਿਲਾਂ ਹੀ ਹੈ ਅਤੇ ਜਿਸ ਬਾਰੇ ਜੀਵਨ ਪਹਿਲਾਂ ਹੀ ਜਾਣਦਾ ਹੈ, ਅਸੀਂ ਜੀਵਨ ਦੇ ਗਿਆਨ ਵਿੱਚ ਵਾਧਾ ਕਰਨ ਦੇ ਭੁਲੇਖੇ ਵਿੱਚ ਹਾਂ, ਮੂਰਖ ਹਾਂ। ਜੇ ਜੀਵਨ ਦੇ ਕੋਝਾਂ ਨੂੰ ਚਟਖਾਰੇ ਲਾ ਲਾ ਕੇ ਚਿੱੜਦੇ ਹੋਏ ਅਸੀਂ ਜੀਵਨ ਦੇ ਹਮਦਰਦ ਹੋਣ ਦਾ ਦਾਅਵਾ ਕਰਦੇ ਹਾਂ ਤਾਂ ਮੱਕਾਰ ਹਾਂ, ਮੁਜਰਿਮ ਹਾਂ।"
"ਜੀਵਨ ਦੇ ਕਲੇਸ਼ਾਂ ਕੋਝਾਂ ਵਿੱਚ ਜੀਵਨ ਦੀ ਸੱਚੀ ਹਮਦਰਦੀ ਦਾ ਤਰੀਕਾ ਕੀ ਹੋਵੇਗਾ ?"
"ਠੀਕ ਸਮੇਂ ਉੱਤੇ, ਠੀਕ ਢੰਗ ਨਾਲ ਆਪੋ-ਆਪਣਾ ਧਰਮ ਨਿਭਾਉਣਾ ਹੀ ਜੀਵਨ ਨਾਲ ਹਮਦਰਦੀ ਕਰਨਾ ਹੈ। ਸਾਇੰਸ, ਧਰਮ, ਦਰਸ਼ਨ, ਵਾਪਾਰ, ਸਿਆਸਤ, ਸਨਅਤ ਅਤੇ ਕਲਾ, ਸਭ ਜੀਵਨ ਦੇ ਸੇਵਾਦਾਰ, ਮਿੱਤ੍ਰ ਜਾਂ ਹਮਦਰਦ ਆਖੇ ਜਾ ਸਕਦੇ ਹਨ। ਸਭ ਦਾ ਆਪੋ-ਆਪਣਾ ਵੱਖੋ-ਵੱਖਰਾ ਧਰਮ ਹੈ। ਇਹ ਸੇਵਕ ਇੱਕ ਦੂਜੇ ਦੀ ਸਹਾਇਤਾ ਕਰ ਸਕਦੇ ਹਨ; ਪਰ ਇੱਕ ਦੂਜੇ ਦੀ ਥਾਂ ਨਹੀਂ ਲੈ ਸਕਦੇ। ਜੀਵਨ ਦੇ ਸੇਵਕ ਅਤੇ ਇੱਕ ਦੂਜੇ ਦੇ ਸਹਾਇਕ ਹੋਣ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਆਪੋ-ਆਪਣਾ ਅਤੇ ਇੱਕ ਦੂਜੇ ਦੇ ਧਰਮ ਅਤੇ