Back ArrowLogo
Info
Profile

ਆਸ਼ਾ ਭਰਪੂਰ ਆਨੰਦ ਦਾ ਅਨੁਭਵ ਕਰ ਲਿਆ ਪ੍ਰਤੀਤ ਹੁੰਦਾ ਸੀ। ਕੁਝ ਚਿਰ, ਅੱਖਾਂ ਮੀਟੀ, ਸਿਰ ਹਿਲਾਉਂਦੇ, "ਵਾਹ, ਵਾਹ" ਅਤੇ "ਆ ਹਾ ਹਾਹਾ" ਦਾ ਉਚਾਰਣ ਕਰਦੇ ਰਹੇ। ਮੈਂ ਕਿਹਾ, "ਕੀ ਗੱਲ ਪਾਪਾ ?"

"ਹਮਾਰੇ ਚਮਨ ਮੇਂ ਦੀਦਾਵਰ ਆਇਆ ਹੈ। ਕਭੀ ਹਮ ਉਸ ਕੇ, ਕਭੀ ਅਪਨੇ ਚਮਨ ਕੋ ਦੇਖਤੇ ਹੈਂ।"

"ਪਾਪਾ, ਤੁਸਾਂ ਤਾਂ ਗਾਲਿਬ ਅਤੇ ਇਕਬਾਲ ਨੂੰ ਇਕੱਠੇ ਕਰ ਦਿੱਤਾ ਹੈ।"

"ਵਿਚਕਾਰ ਆਪ ਬੈਠ ਗਿਆ ਹਾਂ। ਇਹ ਮਿਲਾਪ ਨਹੀਂ ਨਰੜ ਹੈ। ਅਣਜਾਣੇ ਗਲਤੀ ਹੋ ਗਈ। ਚਲੋ ਦੋਹਾਂ ਕੋਲੋਂ ਮੁਆਫ਼ੀ ਮੰਗ ਲੈਂਦੇ ਹਾਂ।"

"ਇਸ ਪੱਤਰ ਦਾ ਉੱਤਰ ਜਰਾ ਜਲਦੀ ਦੇਣਾ ਚਾਹੁੰਦੀ ਹਾਂ।"

"ਤੇਰੇ ਲਈ ਕੀ ਔਖਾ ਹੈ। ਉਂਜ ਇਹ ਪ੍ਰਸ਼ਨ ਇਤਿਹਾਸਕ ਹੈ, ਦਾਰਸ਼ਨਿਕ ਨਹੀਂ। ਅਰੇ ਨਹੀਂ। ਸ਼ਾਇਦ ਦਾਰਸ਼ਨਿਕ ਵੀ ਹੈ।"

"ਪਾਪਾ, ਸੂਰਜ ਦੀ ਰੋਸ਼ਨੀ ਵਿੱਚ ਮੋਮਬੱਤੀਆਂ ਜਗਾਉਣ ਦੀ ਭੁੱਲ ਕੋਈ ਨਹੀਂ ਕਰਦਾ। ਪ੍ਰਸ਼ਨ ਇਤਿਹਾਸਕ ਹੋਵੇ ਜਾਂ ਦਾਰਸ਼ਨਿਕ, ਉੱਤਰ ਤੁਸਾਂ ਹੀ ਦੇਣਾ ਹੈ।"

"ਚਲੇ ਇਉਂ ਕਰਦੇ ਹਾਂ ਕਿ ਸਾਰੇ ਮਿਲ ਕੇ ਉੱਤਰ ਦਿੰਦੇ ਹਾਂ। ਸਨਿਚਰਵਾਰ ਦੀ ਸ਼ਾਮ ਨੂੰ ਇੱਕ ਮੀਟਿੰਗ ਰੱਖ ਲਵੋ।"

ਕੀ ਇਹ ਕਿਆਸੋਪਰੀ ਗੱਲ ਨਹੀਂ ਕਿ ਘਰ ਦੀ ਨੋਂਹ ਨੂੰ ਆਏ ਇੱਕ ਸਹੇਲੀ ਦੇ ਪੱਤਰ ਦਾ ਉੱਤਰ ਦੇਣ ਲਈ ਸਾਰਾ ਪਰਿਵਾਰ ਇਕੱਠਾ ਬੈਠੇ, ਪੱਤਰ ਸੁਣੇ, ਉਸ ਉੱਤੇ ਵਿਚਾਰ ਕਰੇ, ਅਤੇ ਕੀ ਉੱਤਰ ਦੇਣਾ ਹੈ ਉਸ ਵਿੱਚ ਆਪੋ ਆਪਣਾ ਹਿੱਸਾ ਪਾਵੇ ? ਪ੍ਰੰਤੂ ਇਸ ਪਰਿਵਾਰ ਲਈ ਇਹ ਇੱਕ ਸਾਧਾਰਣ ਜਿਹੀ ਗੱਲ ਹੈ। ਇਸ ਪਰਿਵਾਰ ਦੇ ਜੀਅ ਮਿਲ ਬੈਠਣ ਅਤੇ ਖ਼ੁਸ਼ ਹੋਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਉਚੇਦੇ ਯਤਨ ਨਾਲ ਅਜੇਹੇ ਮੌਕੇ ਪੈਦਾ ਕਰ ਲੈਂਦੇ ਹਨ। ਅਗਲੀ ਛੁੱਟੀ ਉਤੇ ਰਸੋਈ ਵਿੱਚ ਕੀ ਕੁਝ ਪਕਾਇਆ ਜਾਣ ਵਾਲਾ ਹੈ। ਅਮਕੇ ਮਿੱਤਰ ਦੇ ਲੜਕੇ ਦੇ ਜਨਮ-ਦਿਨ ਉੱਤੇ ਕੀ ਤੋਹਫਾ ਦਿੱਤਾ ਜਾਣਾ ਚਾਹੀਦਾ ਹੈ। ਇਤਿਆਦਿਕ ਗੱਲਾਂ ਤੋਂ ਲੈ ਕੇ ਦਾਰਸ਼ਨਿਕਾਂ, ਸਾਹਿਤਕਾਰਾਂ, ਕਲਾਕ੍ਰਿਤੀਆਂ ਅਤੇ ਸਿਧਾਂਤਾਂ ਉਤੇ ਗੰਭੀਰ ਵਿਚਾਰਾਂ ਲਈ ਵੀ ਇਕੱਠੇ ਹੋਣ ਦਾ ਰਿਵਾਜ ਹੈ। ਗੰਭੀਰ ਵਿਚਾਰ ਦਾ ਇਹ ਪਹਿਲਾ ਮੌਕਾ ਸੀ ਮੇਰੇ ਲਈ, ਕਿਸੇ ਪਰਿਵਾਰਿਕ ਇਕੱਤਰਤਾ ਵਿੱਚ ਇਸ ਤੋਂ ਪਹਿਲਾਂ ਇਹੋ ਵਿਚਾਰਾਂ ਹੁੰਦੀਆਂ ਸਨ ਕਿ ਇਸ ਵੇਰ ਕਿਸ ਪਾਸੇ ਜਾਣਾ ਹੈ ਅਤੇ ਅਗਲੇ ਐਤਵਾਰ ਕਿਸ ਨੂੰ ਘਰ ਬੁਲਾਉਣਾ ਹੈ। ਇਸ ਪਰਿਵਾਰਕ ਇਕੱਤ੍ਰਤਾ ਵਿੱਚ ਪਾਪਾ ਨੇ ਆਪਣੇ ਇੱਕ ਮਿੱਤਰ ਨੂੰ ਉਚੇਚਾ ਬੁਲਾ ਲਿਆ ਸੀ ਅਤੇ ਉਨ੍ਹਾਂ ਦਾ ਛੋਟਾ ਵੀਰ (ਚਚੇਰਾ ਭਰਾ) ਅਚਾਨਕ ਆ ਗਿਆ ਸੀ। ਇਸ ਮੀਟਿੰਗ ਦੀ ਸਾਰੀ ਕਾਰਵਾਈ ਤੈਨੂੰ ਹੂ-ਬ-ਹੂ ਲਿਖ ਰਹੀ ਹਾਂ। ਸ਼ਬਦ ਮੇਰੇ ਆਪਣੇ ਨਹੀਂ ਹਨ ਸਗੋਂ ਬੋਲਣ ਵਾਲਿਆਂ ਦੇ ਹਨ। ਤੇਰੇ ਜੀਜਾ ਜੀ ਨੇ ਇਸ ਇਕੱਰਤਾ ਦੀ ਵੀਡੀਓ ਫਿਲਮ ਵੀ ਤਿਆਰ ਕਰ ਲਈ ਸੀ ਅਤੇ ਕੈਸਟ ਰਿਕਾਰਡਰ ਉਤੇ ਵੀ ਰਿਕਾਰਡਿੰਗ ਕਰ ਲਈ ਸੀ। ਮੈਂ ਕੈਸਟ ਟੇਪ ਸੁਣ ਕੇ ਤੈਨੂੰ ਉੱਤਰ ਲਿਖ ਰਹੀ ਹਾਂ। ਵੀਡੀਓ ਟੇਪ ਦੀ ਕਾਪੀ ਤੈਨੂੰ ਘੱਲ ਦਿਆਂਗੀ। ਤੂੰ ਵੇਖੇਗੀ ਕਿ ਤੇਰੇ ਪੱਤਰ ਨੂੰ ਕਿੰਨੀ ਇਕਾਗਰਤਾ ਨਾਲ ਸੁਣਿਆ ਗਿਆ ਸੀ। ਪੱਤਰ ਦੀ ਸਮਾਪਤੀ ਉਤੇ ਤੇਰੇ ਜੀਜਾ ਜੀ ਨੇ ਆਖਿਆ,

"ਬੰਦੇ ਨੂੰ ਸੋਚਣਾ ਆਉਂਦਾ ਹੈ। ਜ਼ਰੂਰ ਪੜ੍ਹਿਆ-ਲਿਖਿਆ ਆਦਮੀ ਹੋਵੇਗਾ। ਪਰ ਚਪੜਾਸੀ ਦਾ ਕੰਮ ਕਿਉਂ ਕਰਦਾ ਹੈ ? ਇਸ ਗੱਲ ਦੀ ਸਮਝ ਨਹੀਂ ਆਈ। ਸਾਡਾ ਦੇਸ਼.... ।"

22 / 225
Previous
Next