

ਅੱਜ ਵੀ ਨਾਲ ਹਨ। ਇਨ੍ਹਾਂ ਦਾ ਸੁਧਾਰ ਵੀ ਸੰਭਵ ਹੈ। ਪਰ ਇਹ ਗੱਲ ਸੱਚ ਹੈ ਕਿ ਉਸ ਸਮੇਂ ਦਾ ਜਮਹੂਰੀ ਪ੍ਰਬੰਧ ਸਾਡੇ ਅਜੋਕੇ ਜਮਹੂਰੀ ਪ੍ਰਬੰਧਾਂ ਨਾਲੋਂ ਕਿਤੇ ਵੱਧ ਜਮਹੂਰੀ ਸੀ। ਇਹ ਜਾਣ ਕੇ ਹੈਰਾਨ ਹੋਈਦਾ ਹੈ ਕਿ ਏਸ਼ਨਜ਼ ਵਿੱਚ ਅਦਾਲਤਾਂ ਦੇ ਜੱਜ ਅਤੇ ਫ਼ੌਜਾਂ ਦੇ ਜਰਨੈਲ ਵੀ ਵੋਟਾਂ ਨਾਲ ਚੁਣੇ ਜਾਂਦੇ ਸਨ । ਸੁਕਰਾਤ ਨੂੰ ਮ੍ਰਿਤੂ ਦੰਡ ਦੇਣ ਵਾਲੇ ਜੱਜ ਲੋਕਾਂ ਦੁਆਰਾ ਚੁਣੇ ਹੋਏ ਸਨ।"
"ਪਾਪਾ, ਇਹ ਦੱਸੋ ਕਿ ਹੋਣੀ ਕਿਵੇਂ ਵਾਪਰੀ ?"
"ਇਉਂ ਕਿ ਈਰਾਨੀ ਹਾਰ ਗਏ। ਯੂਨਾਨ ਦੀ ਜਿੱਤ ਹੋਈ। ਏਥਨਜ਼ ਨੂੰ ਅਤੇ ਉਸ ਦੇ ਨੇਤਾ ਪੈਰੀਕਲੀਜ਼ ਨੂੰ ਸ਼ਰਧਾ ਨਾਲ ਵੇਖਿਆ ਜਾਣ ਲੱਗ ਪਿਆ। ਅੱਗੋਂ ਲਈ ਯੂਨਾਨ ਦੀ ਰੱਖਿਆ ਦੀ ਜ਼ਿੰਮੇਵਾਰੀ ਏਥਨਜ਼ ਨੂੰ ਸੌਂਪੀ ਗਈ ਅਤੇ ਦੂਜੇ ਨਗਰ ਰਾਜਾਂ ਲਈ ਇਹ ਜਰੂਰੀ ਹੋ ਗਿਆ ਕਿ ਉਹ ਜਾਂ ਤਾਂ ਸੈਨਿਕਾ ਦੀ ਇੱਕ ਵਿਸ਼ੇਸ਼ ਸੰਖਿਆ ਏਥਨਜ਼ ਨੂੰ ਦੇਣ ਜਾਂ ਓਨੀ ਸੈਨਾ ਦੇ ਪ੍ਰਬੰਧ ਲਈ ਧਨ ਦੇਣ। ਲਗਪਗ ਸਾਰੇ ਰਾਜਾਂ ਨੇ ਧਨ ਦੇਣਾ ਪ੍ਰਵਾਨ ਕੀਤਾ ਅਤੇ ਛੇਤੀ ਹੀ ਏਥਨਜ਼ ਦੇ ਰਾਜ ਕੋਲ ਬੇ-ਓੜਕਾ ਧਨ ਇਕੱਠਾ ਹੋ ਗਿਆ।"
"ਇਹ ਤਾਂ ਵਾਪਰ ਗਈ ਹੋਣੀ। ਅਣ ਕਮਾਇਆ ਧਨ ਜ਼ਰੂਰ ਪਾਪ ਵੱਲ ਪ੍ਰੇਰਦਾ ਹੈ।"
"ਹੋ ਸਕਦਾ ਹੈ ਇਵੇਂ ਵੀ ਹੋਇਆ ਹੋਵੇ। ਪ੍ਰੰਤੂ ਪੈਰੀਕਲੀਜ਼ ਨੇ ਧਨ ਦੀ ਸੁਯੋਗ ਵਰਤੋਂ ਕੀਤੀ ਸੀ। ਉਹ ਮਹਾਨ ਉਸਰੱਈਆ, ਨੀਤੀਵਾਨ, ਕਲਾ-ਪ੍ਰੇਮੀ ਅਤੇ ਦ੍ਰਿੜ੍ਹ-ਸੰਕਲਪੀ ਸੀ। ਉਹ ਵੱਡੇ ਜਾਗੀਰਦਾਰ ਘਰਾਣੇ ਵਿੱਚ ਜੰਮਿਆ ਸੀ। ਉਸ ਦੀ ਮਾਤਾ ਦਾ ਘਰਾਣਾ ਉਸ ਦੇ ਆਪਣੇ ਘਰਾਣੇ ਨਾਲੋਂ ਕਿਤੇ ਵੱਧ ਧਨਾਢ ਸੀ। ਦੋਵੇਂ ਘਰਾਣੇ ਪ੍ਰਜਾ ਤੰਤ੍ਰਵਾਦੀ ਸਨ। ਇਸ ਲਈ ਪੈਰੀਕਲੀਜ਼ ਨੂੰ ਜਨ-ਸਾਧਾਰਣ ਅਤੇ ਉੱਚ-ਵਰਗ ਦੋਹਾਂ ਦਾ ਭਰੋਸਾ ਪ੍ਰਾਪਤ ਸੀ। ਜਿਨ੍ਹਾਂ ਯੂਨਾਨੀ ਖੰਡਰਾਂ ਦੀ ਯਾਤਰਾ ਅਜੋਕੇ ਮਨੁੱਖਾਂ ਲਈ ਵਿਸ਼ੇਸ਼ ਮਹੱਤਵ ਅਤੇ ਆਕਰਸ਼ਣ ਵਾਲੀ ਗੱਲ ਹੈ, ਉਹਨਾਂ ਖੰਡਰਾਂ ਦੀਆਂ ਇਮਾਰਤਾਂ ਦੀ ਉਸਾਰੀ ਪੈਰੀਕਲੀਜ਼ ਦੇ ਰਾਜ ਵਿੱਚ ਹੋਈ ਸੀ। ਉਸ ਦੀ ਅਗਵਾਈ ਵਿੱਚ ਬਿਤਾਏ ਤੀਹ ਸਾਲ ਏਥਨਜ਼ ਦਾ ਸੁਨਹਿਰੀ ਸਮਾਂ ਸਨ। ਪਹਿਲੀ ਵੇਰ ਏਥਨਜ਼ ਨੇ ਦਾਰਸ਼ਨਿਕਾਂ ਨੂੰ ਆਕਰਸ਼ਿਤ ਕੀਤਾ। ਸਾਰੇ ਨਗਰ ਰਾਜਾਂ ਵਿੱਚ ਆਪਣੇ ਪ੍ਰਤੀ ਸਤਿਕਾਰ ਉਪਜਾਇਆ। ਏਥੋਂ ਤੱਕ ਕਿ ਸਪਾਰਟਾ ਦਾ ਨਗਰ ਰਾਜ ਵੀ ਏਥਨਜ਼ ਕੋਲੋਂ ਭੈ ਖਾਣ ਲੱਗ ਪਿਆ ਸੀ।
"ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਏਥਨਜ਼ ਅਤੇ ਸਪਾਰਟਾ ਦਾ ਰਿਸ਼ਤਾ ਭੈ, ਈਰਖਾ ਅਤੇ ਘਿਰਣਾ ਦਾ ਰਿਸ਼ਤਾ ਰਿਹਾ। ਜਿਵੇਂ ਜਿਵੇਂ ਏਥਨਜ਼ ਦਾ ਐਸ਼ਵਰਜ ਵਧਦਾ ਗਿਆ ਤਿਵੇਂ ਤਿਵੇਂ ਸਪਾਰਟਾ ਦੀ ਈਰਖਾ ਵੀ ਵਧਦੀ ਗਈ। ਅੰਤ ਇਸ ਈਰਖਾ ਨੇ ਪੀਲੋਪੀਨੀਸ਼ੀਆ ਦੀ ਜੰਗ ਦਾ ਰੂਪ ਧਾਰਣ ਕਰ ਲਿਆ। ਇਹ ਇੱਕ ਲੰਮੀ ਲੜਾਈ ਸੀ, ਜਿਸ ਵਿੱਚ ਪਹਿਲੇ ਸਾਲ ਪੈਰੀਕਲੀਜ਼ ਦਾ ਪੱਲਾ ਭਾਰਾ ਰਿਹਾ। ਅਗਲੇ ਸਾਲ ਦੇਸ਼ ਵਿੱਚ ਪਲੇਗ ਫੈਲ ਜਾਣ ਨਾਲ ਹਜ਼ਾਰਾਂ ਸਿਪਾਹੀ ਮਰ ਗਏ ਤੇ ਪੈਰੀਕਲੀਜ਼ ਦੇ ਦੋ ਪੁੱਤਰ ਵੀ। ਜੰਗ ਵਿੱਚ ਪੈਰ ਉੱਖੜਨ ਲੱਗੇ ਅਤੇ ਲੋਕਾਂ ਦੀ ਸ਼ਰਧਾ ਵੀ ਘਟਣ ਲੱਗ ਪਈ। ਲੋਕਾਂ ਦੀ ਸ਼ਰਧਾ ਨੂੰ ਤਾਂ ਪੈਰੀਕਲੀਜ਼ ਨੇ ਕੁਝ ਕਾਇਮ ਕਰ ਲਿਆ ਪਰ 429 ਪੂ.ਈ. ਵਿੱਚ ਆਪਣੇ ਸਵਾਸਾਂ ਦੀ ਟੁੱਟਦੀ ਡੋਰ ਨੂੰ ਉਹ ਗੰਢ ਨਾ ਲਾ ਸਕਿਆ।
"ਸਪਾਰਟਾ ਅਤੇ ਏਥਨਜ਼ ਦੀ ਦੁਸ਼ਮਣੀ ਪੈਰੀਕਲੀਜ਼ ਦੀ ਮੌਤ ਤੋਂ ਪਿੱਛੋਂ ਵੀ ਪੰਝੀ ਸਾਲ ਤਕ ਚੱਲਦੀ ਰਹੀ ਅਤੇ 404 ਪੂ ਈ. ਵਿੱਚ ਏਥਨਜ਼ ਦੇ ਪੂਰੀ ਤਰ੍ਹਾਂ ਨਾਲ ਹਾਰ ਜਾਣ ਉੱਤੇ ਹੀ ਸਮਾਪਤ ਹੋਈ। ਮਨੁੱਖੀ ਸਦਭਾਵਨਾ ਨੇ ਜਿੰਨੇ ਕੁ ਸਮੇਂ ਵਿੱਚ ਏਥਨਜ਼ ਦੀ ਸੁੰਦਰਤਾ