

ਪੈਦਾ ਕੀਤੀ ਸੀ, ਮਨੁੱਖੀ ਮਨ ਦੇ ਕਰ ਭਾਵਾਂ ਨੇ ਓਨੇ ਕੁ ਸਮੇਂ ਵਿੱਚ ਉਸ ਨੂੰ ਨਸ਼ਟ-ਭ੍ਰਿਸ਼ਟ ਕਰ ਦਿੱਤਾ। ਭ੍ਰਿਸ਼ਟਾਚਾਰ ਅਤੇ ਅਨੈਤਿਕਤਾ ਵਧਣ ਲੱਗ ਪਈ। ਸਿਆਸੀ ਗੁੱਟ-ਬੰਦੀਆਂ ਹੋਣ ਲੱਗ ਪਈਆਂ ਅਤੇ ਨਿੱਜੀ ਵੈਰਾਂ, ਵਿਰੋਧੀ ਅਤੇ ਬਦਲਿਆਂ ਦਾ ਦੌਰ ਸ਼ੁਰੂ ਹੋ ਗਿਆ। ਪੈਰੀਕਲੀਜ਼ ਦੇ ਕਈ ਸਾਥੀਆਂ ਨੂੰ, ਏਥੋਂ ਤੱਕ ਕਿ ਉਸਦੇ ਪੁੱਤਰ ਨੂੰ ਦੋਸ਼ੀ ਠਹਿਰਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਉਸ ਦੇ ਇਸ ਪੁੱਤਰ ਦਾ ਨਾਂ ਵੀ ਪੈਰੀਕਲੀਜ਼ ਸੀ ਅਤੇ ਇਸ ਨੂੰ 406 ਪੂ.ਈ. ਵਿੱਚ ਮਾਰਿਆ ਗਿਆ ਸੀ।
"ਸੁਕਰਾਤ ਉਮਰ ਵਿੱਚ ਪੈਰੀਕਲੀਜ਼ ਨਾਲੋਂ ਪੰਝੀ ਕੁ ਸਾਲ ਛੋਟਾ ਸੀ। ਉਸ ਨੇ ਏਥਨਜ਼ ਨੂੰ ਉੱਸਰਦੇ-ਵਿਕਸਦੇ ਵੀ ਵੇਖਿਆ ਸੀ ਅਤੇ ਉਸ ਦੀ ਬਰਬਾਦੀ ਵੀ ਉਸ ਦੀਆਂ ਅੱਖਾਂ ਸਾਹਮਣੇ ਹੋਈ ਸੀ। ਜਿਸ ਪ੍ਰਜਾ-ਤੰਤਰ ਜਾਂ ਜਮਹੂਰੀਅਤ ਨਾਲ ਪੈਰੀਕਲੀਜ਼ ਨੂੰ ਇਸ਼ਕ ਸੀ, ਓਹ ਜਮਹੂਰੀਅਤ ਅੱਤ ਦਰਜੇ ਦੀ ਘਿਨਾਉਣੀ ਵਸਤੂ ਬਣ ਗਈ ਸੀ। ਸੁਕਰਾਤ ਜਮਹੂਰੀਅਤ ਦਾ ਵਿਰੋਧੀ ਸੀ। ਪਲੇਟੋ ਪੈਰੀਕਲੀਜ਼ ਦੀ ਮੌਤ ਤੋਂ ਦੋ ਕੁ ਸਾਲ ਪਿੱਛੋਂ ਪੈਦਾ ਹੋਇਆ ਸੀ ਅਤੇ ਉਨ੍ਹਾਂ ਸਾਲਾਂ ਵਿੱਚ ਪੜ੍ਹ-ਲਿਖ ਰਿਹਾ ਸੀ ਅਤੇ ਜੁਆਨ ਹੋ ਰਿਹਾ ਸੀ ਜਿਨ੍ਹਾਂ ਵਿੱਚ ਉਸ ਦਾ ਦੇਸ਼ ਪੈਰੋ ਪੈਰ ਪਤਨ ਵੱਲ ਜਾ ਰਿਹਾ ਸੀ। ਆਪਣੇ ਉਸਤਾਦ ਸੁਕਰਾਤ ਵਾਂਗ, ਉਹ ਵੀ ਪ੍ਰਜਾ-ਤੰਤਰ ਦਾ ਸ਼ਰਧਾਲੂ ਨਹੀਂ ਸੀ। ਇਸ ਦੇ ਉਲਟ ਜਿਸ ਸਪਾਰਟਾ ਦੀ ਸੈਨਿਕ ਸ਼ਕਤੀ ਨੇ ਉਸ ਦੇ ਦੇਸ਼ ਦੀ ਬਰਬਾਦੀ ਕੀਤੀ ਸੀ ਉਹ ਸਪਾਰਟਾ ਅਤੇ ਉਸ ਦਾ ਸਿਆਸੀ ਪ੍ਰਬੰਧ ਉਸ ਦੇ ਦਿਲ ਦਿਮਾਗ ਉਤੇ ਅਮਿੱਟ ਪ੍ਰਭਾਵ ਪਾਉਣ ਵਿੱਚ ਸਫਲ ਹੋ ਗਿਆ ਸੀ । ਜੁਆਨ ਹੋ ਰਹੇ ਪਲੇਟੋ ਨੇ ਆਪਣੇ ਦੇਸ਼ ਵਿੱਚ ਸ਼ਰਮਸਾਰੀ, ਹਾਰ, ਉਤਸ਼ਾਹਹੀਣਤਾ, ਗਰੀਬੀ, ਭੁੱਖਮਰੀ, ਸਿਆਸੀ ਖੜ-ਯੰਤਰ ਅਤੇ ਝੂਠੇ ਮੁਕੱਦਮੇ ਵੇਖੇ ਸਨ। ਉਸ ਨੇ ਕਈ ਜਰਨੈਲਾਂ ਅਤੇ ਨੀਤੀਵਾਨਾਂ ਨੂੰ ਅਜਾਈਂ ਮਰਦੇ ਵੇਖਿਆ ਸੀ। ਉਸ ਦੇ ਆਪਣੇ ਉਸਤਾਦ, ਸੁਕਰਾਤ ਨੇ ਉਸ ਦੀਆਂ ਅੱਖਾ ਸਾਹਮਣੇ ਦਮ ਤੋੜਿਆ ਸੀ। ਉਹ ਆਪਣੇ ਦੇਸ਼ ਨੂੰ ਇਨ੍ਹਾ ਦੋਸ਼ਾਂ ਤੋਂ ਮੁਕਤ ਕਰਨਾ ਚਾਹੁੰਦਾ ਸੀ। ਉਹ ਜਦੋਂ ਵੀ ਆਪਣੇ ਦੇਸ਼ ਦੇ ਉੱਜਲ ਭਵਿੱਖ ਦੀ ਰੂਪ-ਰੇਖਾ ਉਲੀਕਣ ਲੱਗਦਾ ਸੀ ਉਦੋਂ ਸਪਾਰਟਾ ਉਸ ਦੀ ਕਲਪਨਾ ਵਿੱਚ ਸਾਕਾਰ ਹੋ ਜਾਂਦਾ ਸੀ । ਪੀਲੇਪੀਨੀਸ਼ੀਆ ਦੀ ਜੰਗ ਅਤੇ ਜੰਗ ਵਿੱਚ ਹਾਰਿਆ ਹੋਇਆ ਏਥਨਜ਼ ਪਲੇਟੇ ਲਈ ਇੱਕ ਦੁਖਦਾਈ ਝਾਕੀ ਸੀ। ਸ਼ਕਤੀ, ਜੰਗ ਅਤੇ ਜਿੱਤ ਨੂੰ ਆਦਰਸ਼ ਮੰਨ ਕੇ ਤੁਰਨ ਵਾਲੇ ਪਲੇਟੋ ਨੇ ਸਪਾਰਟਾ ਦੇ ਲੋਕਾਂ ਦੀ ਜੀਵਨ- ਜਾਚ ਨੂੰ ਸਾਹਮਣੇ ਰੱਖਦਿਆਂ ਹੋਇਆਂ ਰਾਜਨੀਤੀ, ਵਿੱਦਿਆ, ਧਰਮ, ਨੈਤਿਕਤਾ ਅਤੇ ਕਲਾ ਸੰਬੰਧੀ ਆਪਣੇ ਵਿਚਾਰ ਸੰਸਾਰ ਨੂੰ ਦਿੱਤੇ। ਉਹ ਸਿਆਣਾ ਹੋਣ ਦੇ ਨਾਲ ਨਾਲ ਸਮਾਜ ਵਿੱਚ ਵੀ ਬਹੁਤ ਉੱਚਾ ਅਤੇ ਆਦਰਯੋਗ ਥਾਂ ਰੱਖਦਾ ਸੀ। ਨਤੀਜਾ ਇਹ ਹੋਇਆ ਹੈ ਕਿ ਜੰਗ ਅਤੇ ਜਿੱਤ ਨੂੰ ਆਦਰਸ਼ ਮੰਨਦਿਆਂ ਹੋਇਆਂ ਉਸ ਨੇ ਵਿੱਦਿਆ, ਕਲਾ ਅਤੇ ਨੈਤਿਕਤਾ ਆਦਿਕ ਨੂੰ ਸਿਆਸਤ ਦੇ ਸੇਵਕ ਬਣਾਉਣ ਦਾ ਭਰਪੂਰ ਯਤਨ ਕੀਤਾ। ਇਸੇ ਗੱਲ ਵੱਲ ਸਾਡੇ ਨੌਜੁਆਨ ਦਾ ਇਸ਼ਾਰਾ ਹੈ। ਉਹ ਬਹੁਤ ਹੱਦ ਤਕ ਠੀਕ ਹੈ, ਇਹ ਕਹਿਣ ਵਿੱਚ ਕਿ ਪਲੇਟੋ ਦੇ ਮੱਤ ਨੂੰ ਬਿਨਾਂ ਪੜਤਾਲੇ ਸ੍ਰੇਸ਼ਟ ਮੰਨਿਆ ਜਾਣਾ, ਉੱਚਿਤ ਨਹੀਂ। ਤੁਸੀਂ ਮੇਰੀ ਇਸ ਗੱਲ ਨਾਲ ਵੀ ਸਹਿਮਤ ਹੋਵੋਗੇ ਕਿ ਸਪਾਰਟਾ ਬਾਰੇ ਚੰਗੀ ਤਰ੍ਹਾਂ ਜਾਣੇ ਬਿਨਾਂ ਪਲੇਟੋ ਦਾ ਮੁਲਾਂਕਣ ਸੰਭਵ ਨਹੀਂ।"
"ਜੇ ਅੱਕ-ਥੱਕ ਨਾ ਗਏ ਹੋਵੇ ਤਾਂ ਮੈਂ ਕੁਝ ਕਹਿਣਾ ਚਾਹਵਾਂਗਾ। ਇਜਾਜ਼ਤ ਹੈ ?" ਨਿਮਰਤਾ ਨਾਲ ਪਾਪਾ ਦੇ ਮਿੱਤਰ ਨੇ ਆਖਿਆ। "ਕਿਹੜਾ ਖੂਹ ਗੇੜਦੇ ਰਹੇ ਹਾਂ, ਜੋ ਥੱਕ ਜਾਵਾਂਗੇ ਅਤੇ ਅੱਕ ਜਾਣਾ ਹੋਰ ਵੀ ਮਾੜਾ