

3
ਮੇਰੀ ਸਨੇਹਾ,
ਕਿੰਨਾ ਸੁਖਦਾਇਕ ਹੈ ਇਹ ਭਰੋਸਾ ਕਿ ਤੂੰ 'ਮੇਰੀ ਸਨੇਹਾ' ਹੈ। ਮੈਂ ਹੈਰਾਨ ਹਾਂ ਕਿ ਜੀਵਨ ਵਿੱਚ ਅਜਿਹਾ ਕੀ ਵਾਪਰ ਗਿਆ ਹੈ, ਜਿਸ ਦੇ ਕਾਰਨ ਮੇਂ ਤੇਰੇ ਵਰਗੇ ਕਿਸੇ ਵਿਸ਼ਵਸਤ ਅਤੇ ਆਪਣੇ ਦਾ ਕੋਲ ਹੋਣਾ ਬਹੁਤ ਜ਼ਰੂਰੀ ਸਮਝ ਰਹੀ ਹਾਂ। ਬੀ ਜੀ ਤੇ ਪਾਪਾ ਮੇਰੇ ਆਪਣੇ ਹਨ। ਕਰਨਜੀਤ ਮੇਰਾ ਵੀਰ ਹੈ। ਇਉਂ ਲੱਗਦਾ ਹੈ ਕਿ ਮੈਂ ਆਪਣੇ ਜੀਵਨ ਦੀ ਕੋਈ ਵਾਸਤਵਿਕਤਾ ਕਿਸੇ ਤਰ੍ਹਾਂ ਇਨ੍ਹਾਂ ਕੋਲੋਂ ਛੁਪਾਉਣਾ ਚਾਹੁੰਦੀ ਹਾਂ। ਇਹ ਵਾਸਤਵਿਕਤਾ ਕਿਸੇ ਤਰ੍ਹਾਂ ਕੋਈ ਵੀ ਨਹੀਂ ਲੱਗਦੀ, ਕਿਉਂਕਿ ਤੈਨੂੰ ਇਸ ਬਾਰੇ ਦੱਸਣਾ ਚੰਗਾ ਲੱਗਦਾ ਹੈ। ਕੋਝਾਂ ਨੂੰ ਹਰ ਕਿਸੇ ਕੋਲੋਂ ਲੁਕਾਇਆ ਜਾਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦਾ ਖਿਆਲ ਵੀ ਆਪਣੇ ਆਪ ਵਿੱਚ ਇੱਕ ਸ਼ਰਮਸਾਰੀ ਬਣ ਜਾਂਦਾ ਹੈ। ਤੇਰੇ ਨਾਲ ਇਸ ਵਾਸਤਵਿਕਤਾ ਦੇ ਵਰਣਨ ਦਾ ਵਿਚਾਰ ਹੀ ਮੈਨੂੰ ਵਿਸਮਾਦ ਵਿੱਚ ਲੈ ਜਾਂਦਾ ਹੈ। ਇਨ੍ਹਾਂ ਵਿਸਮਾਦੀ ਉਚਾਈਆਂ ਉੱਤੋਂ ਵੇਖਿਆਂ ਪਰਿਵਾਰਕ ਸੰਬੰਧਾਂ ਦੀ ਸੁੰਦਰਤਾ ਵਿੱਚ ਅਤੇ ਸਮਾਜਿਕ ਮਾਨਤਾਵਾਂ ਦੀ ਮਹਾਨਤਾ ਵਿੱਚ ਵਾਧਾ ਮਹਿਸੂਸ ਹੋਣ ਦੇ ਨਾਲ ਨਾਲ ਆਪਣੀ ਨਿੱਜੀ, ਨਵੇਕਲੀ ਹੋਂਦ ਦੀ ਤੁੱਛਤਾ ਦਾ ਅਹਿਸਾਸ ਘਟਦਾ ਮਹਿਸੂਸ ਹੋਣ ਲੱਗ ਪੈਂਦਾ ਹੈ। ਮਨ ਦੀ ਇਹ ਕਿਹੋ ਜਿਹੀ ਅਵਸਥਾ ਹੈ, ਜਿਸ ਵਿੱਚ 'ਸ੍ਵੈ' ਅਤੇ 'ਸਰਵ' ਦੀਆਂ ਵਿਰੋਧੀ ਸੁਰਾਂ ਦਾ ਸੰਗਮ ਕਿਸੇ ਮਧੁਰ ਸੰਗੀਤ ਦੀ ਸਿਰਜਣਾ ਕਰਦਾ ਪ੍ਰਤੀਤ ਹੋ ਰਿਹਾ ਹੈ।
ਤੇਰੇ ਪਾਸੇ ਵੀ ਅਜੀਬ ਲੋਕ ਇਕੱਠੇ ਹੋ ਗਏ ਹਨ। ਇੱਕ ਨਿੱਕੀ ਜਿਹੀ ਗੱਲ ਤੇ ਕਿੰਨਾ ਵੱਡਾ ਦਾਰਸ਼ਨਿਕ ਖਲਾਰਾ ਪਾ ਬੈਠੇ ਹਨ। ਰਾਈ ਦਾ ਪਹਾੜ ਸ਼ਾਇਦ ਇਵੇਂ ਹੀ ਬਣਦਾ ਹੋਵੇਗਾ। ਕੁਝ ਵੀ ਹੋਵੇ, ਗੱਲ ਹੈ ਮਜ਼ੇਦਾਰ ਐਵੇਂ ਸੁੱਟ ਪਾਉਣ ਵਾਲੀ ਨਹੀਂ। ਤੈਨੂੰ ਫਲਸਫ਼ੇ ਨਾਲ ਪ੍ਰੇਮ ਹੈ। ਤੇਰੇ ਲਈ ਤਾਂ ਇਹ ਸਾਰੀ ਬਹਿਸ ਅਰਥ ਭਰਪੂਰ ਹੋਣੀ ਹੀ ਹੋਈ; ਮੈਂ (ਜਿਸ ਨੂੰ ਫ਼ਲਸਫ਼ੇ ਨਾਲ ਓਨਾ ਲਗਾਓ ਨਹੀਂ ਹੈ, ਜਿੰਨਾ ਤੈਨੂੰ ਹੈ) ਵੀ ਸੋਚਣ ਲੱਗ ਪਈ ਹਾਂ ਕਿ ਸੰਸਾਰ ਦੇ ਸਿਆਣਿਆਂ ਦੀ ਸੋਚ ਦਾ ਇਤਿਹਾਸ ਜਾਣੇ ਬਿਨਾਂ, ਸੱਚ ਨੂੰ ਢਾਲਣ, ਉਸਾਰਨ ਅਤੇ ਵਿਕਸਾਉਣ ਵਾਲੇ ਜੀਵਨ ਨੂੰ ਜਾਣੇ ਬਿਨਾਂ, ਪੜ੍ਹੇ-ਲਿਖੇ ਅਤੇ ਵਿਦਵਾਨ ਹੋਣ ਦੇ ਦਾਅਵੇ ਕਰੀ ਜਾਣੇ ਐਵੇ ਹਾਸੋ-ਹੀਣੀ ਗੱਲ ਹੈ। ਜਿਹੜੀ ਵਿੱਦਿਆ ਮਨੁੱਖ ਨੂੰ ਸੋਚ ਦਾ ਸੁਹਬਤੀ ਨਹੀਂ ਬਣਾਉਂਦੀ, ਉਹ ਕੇਵਲ ਕਾਰੋਬਾਰੀ ਸਿਖਲਾਈ ਹੈ।
ਤੇਰੀ ਚਿੱਠੀ....... ਅਰੇ.... ਰੇ...... ਰੇ...... ਤੇਰੇ ਪੱਤਰ ਵਿੱਚ ਪੈਰੀਕਲੀਜ਼ ਬਾਰੇ ਪੜ੍ਹ ਕੇ ਮੈਨੂੰ ਲੱਗਾ ਹੈ ਕਿ ਮੈਂ ਗ਼ਲਤ ਸੁਆਲ ਪੁੱਛ ਬੈਠੀ ਹਾਂ। ਪਲੇਟੋ ਦੀ ਸੋਚ ਨੂੰ ਹਾਰੇ ਹੋਏ ਪੈਰੀਕਲੀਜ਼ ਨੇ ਕੰਡੀਸ਼ਨ ਨਹੀਂ ਕੀਤਾ, ਸਗੋਂ ਜਿੱਤੇ ਹੋਏ ਸਪਾਰਟਾ ਨੇ ਉਸ ਦੀ ਸੋਚ ਨੂੰ ਸੋਧ ਦਿੱਤੀ ਹੈ। ਇਸ ਲਈ ਪੈਰੀਕਲੀਜ਼ ਬਾਰੇ ਜਾਣਨ ਨਾਲੋਂ ਸਪਾਰਟਾ ਬਾਰੇ ਜਾਣਨਾ ਵਧੇਰੇ ਜ਼ਰੂਰੀ ਹੋ ਗਿਆ ਹੈ। ਕਿਧਰੇ ਕੋਈ ਹੋਰ ਨਵਾਂ ਝਮੇਲਾ ਤਾਂ ਨਹੀਂ ਖੜਾ ਕਰ ਰਹੀ ਮੈਂ ? ਚੱਲ ਕੋਈ ਗੱਲ ਨਹੀਂ,