Back ArrowLogo
Info
Profile

ਭਾਸ਼ਾਈ ਬਾਰੀਕੀਆਂ ।"

"ਪਾਪਾ, ਐੱਲ.ਐੱਲ.ਬੀ. ਤੁਸੀਂ ਹੈ, ਮੈਂ ਨਹੀਂ। ਨਾ ਹੀ ਭਾਸ਼ਾਈ ਬਾਰੀਕੀਆਂ ਕਾਨੂੰਨੀ ਹੇਰ-ਫੇਰੀਆਂ ਵਾਂਗ ਗੰਭੀਰ ਅਤੇ ਦੁਖਦਾਇਕ ਰੂਪ ਧਾਰਦੀਆਂ ਹਨ। ਇਹ ਤਾਂ ਜੀਵਨ ਲਈ ਨਿੱਕਾ ਜਿਹਾ ਸ਼ਿੰਗਾਰ ਹੁੰਦੀਆ ਹਨ, ਮਧੁਰ ਜਿਹੀ ਮਾਨਸਿਕ ਗੁਦਗੁਦੀ, ਜਿਸ ਨਾਲ ਆਦਮੀ ਦੇ ਮੂੰਹ ਉੱਤੇ ਇੱਕ ਮੱਧਮ ਜਿਹੀ ਮੁਸਕਾਨ ਇਉਂ ਗੁਜ਼ਰ ਜਾਂਦੀ ਹੈ ਜਿਵੇਂ ਕਿਸੇ ਕੇਸਰ ਕਿਆਰੀ ਉੱਤੇ ਪੌਣ ਦਾ ਇੱਕ ਹਲਕਾ ਜਿਹਾ ............"

"ਸਟਾਪ, ਸਟਾਪ। ਏਨੀ ਲੰਮੀ ਕਵਿਤਾ ਇੱਕ ਸਾਹੇ ਨਾ ਸੁਣਾਈ ਜਾ। ਮੈਨੂੰ ਸੋਚਣ- ਸਮਝਣ ਦਾ ਸਮਾਂ ਚਾਹੀਦਾ ਹੈ। ਇਹ ਸਭ ਕੁਝ ਮੇਰੇ ਸਿਰ ਦੇ ਉਪਰੋਂ ਉਪਰੋਂ ਲੰਘਦਾ ਜਾ ਰਿਹਾ ਹੈ। ਤੇਰਾ ਬਹੁਤ ਸਮਾਂ ਘਰ ਵਿੱਚ ਗੁਜ਼ਰਦਾ ਹੈ ਜਾਂ ਕਾਲਜ ਵਿੱਚ ਗੁਜ਼ਰਦਾ ਰਿਹਾ ਹੈ। ਇਨ੍ਹਾਂ ਧਾਵਾਂ ਵਿੱਚ ਮਮਤਾ, ਬੇਫਿਕਰੀ ਅਤੇ ਭਵਿੱਖ ਦੇ ਰੰਗੀਨ ਸੁਪਨੇ ਤੇਰੀ ਬੋਲੀ ਨੂੰ ਕਵਿਤਾ ਵਰਗਾ ਰੂਪ ਦੇਣ ਵਿੱਚ ਸਫਲ ਹੋ ਜਾਂਦੇ ਹਨ। ਮੇਰੇ ਚਾਰ-ਚੁਫੇਰੇ ਫੈਲੀ ਹੋਈ ਦੁਨੀਆ ਵਿੱਚ ਸੁਆਰਥ ਹੈ, ਸਿਆਸਤ ਹੈ। ਮੁਕਾਬਲਾ ਹੈ, ਈਰਖਾ ਹੈ, ਬਦਲਾ ਹੈ, ਕ੍ਰੋਧ ਹੈ, ਝੂਠ ਹੈ, ਹਿੰਸਾ ਹੈ ਅਤੇ ਇਹ ਸਭ ਕੁਝ ਜਦ ਮੇਰੇ ਤਕ ਪੁੱਜਦਾ ਹੈ, ਉਦੋਂ ਭਾਸ਼ਾ ਦੀਆਂ ਬਾਰੀਕੀਆ ਨੇ ਇਸ ਦੇ ਰੂਪ ਨੂੰ ਏਨਾ ਬਦਲ ਦਿੱਤਾ ਹੁੰਦਾ ਹੈ ਕਿ ਮੇਰੇ ਲਈ ਉੱਚਿਤ, ਅਨ-ਉੱਚਿਤ ਅਤੇ ਸੱਚ-ਝੂਠ ਦਾ ਨਿਰਣਾ ਮੁਸ਼ਕਲ ਹੋ ਜਾਂਦਾ ਹੈ। ਮੈਂ ਭਾਸ਼ਾਈ ਬਾਰੀਕੀਆਂ ਤੋਂ ਡਰਦਾ ਹਾਂ। ਮੈਨੂੰ ਬੋਲੀ ਇੱਕ ਭਿਆਨਕ ਹਥਿਆਰ ਮਾਲੂਮ ਹੁੰਦੀ ਹੈ। ਇਸ ਦੀਆਂ ਬਾਰੀਕੀਆਂ ਮਾਨਸਿਕ ਗੁਦਗੁਦੀ ਵੀ ਹੋ ਸਕਦੀਆਂ ਹਨ, ਇਹ ਮੈਂ ਮੰਨਦਾ ਹਾਂ; ਪਰੰਤੂ ਕੇਵਲ ਸਾਹਿਤ ਦੇ ਖੇਤਰ ਵਿੱਚ ਜਾਂ ਪਰਵਾਰ ਵਿੱਚ ਅਤੇ ਸੁਹਿਰਦ ਮਿੱਤਰਾਂ ਦੀ ਮੰਡਲੀ ਵਿੱਚ। ਸਿਆਸੀ ਖੇਤਰ ਵਿੱਚ ਭਾਸ਼ਾ ਮਹਾਂ ਉੱਪਦਰ ਦਾ ਸਫਲ ਸਾਧਨ ਹੈ।"

ਤੂੰ ਅੰਦਾਜ਼ਾ ਲਾ ਸਕਦੀ ਹੈ ਕਿ ਪਾਪਾ ਦੇ ਮੂੰਹੋਂ ਇਹ ਸਭ ਸੁਣ ਕੇ ਮੈਨੂੰ ਕਿੰਨੀ ਹੋਰਾਨੀ ਹੋਈ ਹੋਵੇਗੀ। "ਪਾਪਾ ਨੂੰ ਇਸ ਪ੍ਰਕਾਰ ਦੀਆਂ ਗੱਲਾਂ ਕਰਨ ਦੀ ਜਾਚ ਹੈ"—ਇਹ ਮੈਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਘਰ ਦੇ ਕਿਸੇ ਜੀਅ ਨਾਲ ਇਹੋ ਜਿਹੀਆਂ ਗੱਲਾਂ ਨਹੀਂ ਸਨ ਕੀਤੀਆਂ। ਗੱਲ ਕਰਦਿਆਂ ਉਨ੍ਹਾਂ ਦੇ ਚਿਹਰੇ ਉਤੇ ਵਿਸਮਾਦ ਭਰੀ ਗੰਭੀਰਤਾ ਸੀ। ਮੈਂ ਉਨ੍ਹਾਂ ਨੂੰ ਦੀਪੂ ਨਾਲ ਅਤੇ ਕਦੇ ਕਦੇ ਬੀ ਜੀ ਦੀ ਸਾਦਗੀ ਨਾਲ, ਮਿੱਠੇ ਮਿੱਠੇ, ਪਰੰਤੂ ਅਤਿਅੰਤ ਆਦਰ-ਭਰਪੂਰ, ਮਖੌਲ ਕਰਦਿਆਂ ਵੇਖਿਆ ਸੀ। ਸਾਹਿਤਕ ਸ਼ੈਲੀ ਵਿੱਚ ਏਨੀ ਗੰਭੀਰ ਵਾਰਤਾਲਾਪ ਉਨ੍ਹਾਂ ਕਦੇ ਨਹੀਂ ਸੀ ਕੀਤੀ। ਉਹ ਚੁੱਪ ਸਨ ਅਤੇ ਮੈਂ ਸੋਚ ਰਹੀ ਸਾਂ। ਕਰਨਜੀਤ ਕੋਠੀ ਦਾ ਰੇਟ ਖੋਲ੍ਹ ਕੇ ਲਾਨ ਵਿੱਚ ਦਾਖ਼ਲ ਹੋਇਆ। ਗੰਭੀਰਤਾ ਦਾ ਤਿਆਗ ਕਰ ਕੇ ਆਪਣੇ ਸਾਧਾਰਨ ਰੂਪ ਵਿੱਚ ਪ੍ਰਵੇਸ ਕਰਦਿਆਂ ਪਾਪਾ ਨੇ ਆਖਿਆ, "ਆ ਬਈ ਮਹਾਂਰਥੀ; ਅੱਜ-ਕੱਲ੍ਹ ਰਹਿੰਦਾ ਕਿਥੇ ਹੈ ? ਕਦੀ ਮੇਲ ਮਿਲਾਪ ਹੀ ਨਹੀਂ ਹੁੰਦਾ।"

"ਮੁੰਡਿਆਂ ਨਾਲ ਤਿਬੜੀ ਚਲਾ ਗਿਆ ਸੀ।" ਸਿਰ ਝੁਕਾਈ ਖਲੋਤੇ ਕਰਨਜੀਤ ਦਾ ਸੰਖੇਪ ਉੱਤਰ ਸੁਣ ਕੇ ਪਾਪਾ ਨੇ ਆਖਿਆ, "ਏਨੀ ਧੁੱਪ ਵਿੱਚ ਤਿਬੜੀ ਜਾਣ ਦਾ ਅਪਰਾਧ ਠੀਕ ਹੀ ਏਨਾ ਭਾਰੀ ਹੈ ਕਿ ਤੂੰ ਸਿਰ ਚੁੱਕ ਕੇ ਆਪਣੇ ਪਿਉ ਦੇ ਸਾਹਮਣੇ ਨਾ ਖੜੋ ਸਕੇ ? ਓਏ ਮਹਾਂਰਥੀ ਬੈਠ ਜਾ। ਅਸੀਂ ਵੀ ਤੇਰੀ ਉਮਰ ਵਿੱਚ ਇਉਂ ਹੀ ਕਰਦੇ ਰਹੇ ਹਾਂ। ਸਾਨੂੰ ਝਿੜਕਾਂ ਵੀ ਪੈਂਦੀਆਂ ਸਨ ਅਤੇ ਨਸੀਹਤਾਂ ਵੀ ਮਿਲਦੀਆਂ ਸਨ, ਪਰ ਤੇਰੇ ਵਾਂਗ ਸਿਰ ਸੁੱਟ ਕੇ ਨਹੀਂ ਸਾਂ ਖੜਦੇ। ਤੇਰਾ ਨਾਂ ਕਰਨਜੀਤ ਦੀ ਥਾਂ ਸਰਵਣ ਕੁਮਾਰ ਹੋਣਾ ਚਾਹੀਦਾ ਸੀ।"

"ਨਾਂ ਦਾ ਕੀ ਹੈ, ਹੁਣ ਬਦਲ ਦਿਓ," ਕੁਰਸੀ ਉਤੇ ਬੈਠਦੇ ਕਰਨਜੀਤ ਨੇ ਆਖਿਆ,

34 / 225
Previous
Next