

"ਇਸ ਪ੍ਰਸ਼ਨ ਵਿੱਚ ਬਹੁਤੀ ਦਾਰਸ਼ਨਿਕਤਾ ਨਜ਼ਰ ਨਹੀਂ ਆਉਂਦੀ।"
"ਜੇ ਇਹ ਏਨੀ ਸਾਧਾਰਨ ਗੱਲ ਹੁੰਦੀ ਤਾਂ ਤੇਰੀ ਸੁਘੜ ਮਹੇਲੀ ਦੇ ਟੈਨਿਸ ਕੋਰਟਾਂ ਦੀ ਹਰਿਆਵਲ ਉਸ ਘਾਹ ਸਾਹਮਣੇ ਵਿਕੀ ਨਾ ਪਈ ਹੁੰਦੀ। ਨਿਸਚੇ ਹੀ ਇਹ ਗੱਲ ਦਾਰਸ਼ਨਿਕਤਾ ਨਾਲ ਸੰਬੰਧਿਤ ਨਹੀਂ, ਪਰ ਕਿਸੇ ਦੇ ਪ੍ਰਕਿਰਤੀ-ਪ੍ਰੇਮ, ਕਿਸੇ ਦੀ ਸੋਦਯ- ਪ੍ਰੀਯਤਾ ਨਾਲ ਸੰਬੰਧਿਤ ਜ਼ਰੂਰ ਹੈ। ਇਹ ਕਿਸੇ ਦੀ ਲਗਨ ਅਤੇ ਮਿਹਨਤ ਨਾਲ ਸੰਬੰਧਿਤ ਹੈ। ਇਸ ਲਈ ਦਾਰਸ਼ਨਿਕਤਾ ਜਿੰਨੀ ਹੀ ਮਹੱਤਵ-ਪੂਰਨ ਹੈ, ਸਗੋਂ ਵੱਧ।"
"ਠੀਕ ਹੈ, ਪਾਪਾ, ਇਸ ਦਾ ਉੱਤਰ ਉਡੀਕ ਲੈਂਦੇ ਹਾਂ। ਪਰ ਇਸ ਸਪਾਰਟਾ ਵਾਲੀ ਗੱਲ ਦਾ ਕੀ ਕੀਤਾ ਜਾਵੇ ?"
"ਅਗਲੇ ਐਤਵਾਰ ਤਾਂ ਮੈਂ ਇੱਕ ਬਰਾਤ ਨਾਲ ਜਾ ਰਿਹਾ ਹਾਂ। ਉਸ ਤੋਂ ਅਗਲੇ ਐਤਵਾਰ ਇੱਕ ਪਿਕਨਿਕ ਦਾ ਪ੍ਰਬੰਧ ਕਰ ਲੈਂਦੇ ਹਾਂ।"
“ਪਾਪਾ, ਮੈਂ ਸਪਾਰਟਾ ਦੀ ਗੱਲ ਕੀਤੀ ਹੈ। ਇਸ ਪੱਤ ਦੇ ਉੱਤਰ ਦੀ ਗੱਲ।"
"ਏਨੇ ਦਿਨਾਂ ਵਿੱਚ ਸਪਾਰਟਾ ਸੰਬੰਧੀ ਇੱਕ ਲੇਖ ਲਿਖ ਲੈਂਦਾ ਹਾਂ। ਹੇਨਾਲਟ ਪਾਰਕ ਵਿੱਚ ਸਾਰਾ ਪਰਿਵਾਰ ਪਿਕਨਿਕ ਲਈ ਜਾਵਾਂਗੇ। ਉੱਥੇ ਇਕਾਂਤ ਵਿੱਚ ਬੇਠ ਕੇ ਸਾਰੇ 'ਸਿਆਣਿਆਂ' ਸਾਹਮਣੇ ਉਹ ਲੇਖ ਪੜ੍ਹਿਆ ਜਾਵੇਗਾ ਅਤੇ ਉਸ ਉੱਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਸ ਨੂੰ ਸੋਧ ਸੁਆਰ ਕੇ ਤੂੰ ਆਪਣੀ ਸਹੇਲੀ ਨੂੰ ਲਿਖ ਦੇਵੀਂ। ਹੁਣ ਤੋਂ ਹੀ ਸਾਰਿਆਂ ਨੂੰ ਸੂਚਿਤ ਕਰ ਦਿੰਦੇ ਹਾਂ।"
"ਬਹੁਤ ਖੂਬ, ਪਾਪਾ, ਏਕ ਪੰਥ ਦੇ ਕਾਜ।"
"ਇਹ ਸੁੱਖ ਮੰਗੇ ਕਿ ਮੌਸਮ ਸਾਥ ਦੇਵੇ।"
ਮੌਸਮ ਨੇ ਸਾਡਾ ਸਾਥ ਦਿੱਤਾ ਹੈ ਅਤੇ ਉਹ ਪਿਕਨਿਕ ਮੇਰੇ ਜੀਵਨ ਦੀ ਇੱਕ ਇਤਿਹਾਸਕ ਘਟਨਾ ਬਣ ਗਈ। ਹਫ਼ਤਾ ਭਰ ਅਸੀਂ ਖਾਣ-ਪੀਣ ਦੀਆਂ ਚੀਜ਼ਾਂ ਦੀ ਤਿਆਰੀ ਵਿੱਚ ਰੁੱਝੇ ਰਹੇ ਅਤੇ ਪਾਪਾ ਸਪਾਰਟਾ ਬਾਰੇ ਲੇਖ ਲਿਖਦੇ ਰਹੇ। ਰਸੋਈ ਵਿੱਚ ਏਨੇ ਦਿਨਾਂ ਲਈ ਰੁੱਝੀ ਰਹਿਣ ਦਾ ਇਹ ਮੇਰਾ ਪਹਿਲਾ ਮੌਕਾ ਸੀ, ਇਸ ਦੇਸ਼ ਵਿੱਚ ਅਤੇ ਘਰ ਵਿੱਚ। ਘਰ ਦਾ ਕੰਮ ਤਾਂ ਮੈਂ ਪਹਿਲਾ ਵੀ ਕਰਦੀ ਰਹੀ ਸਾਂ ਪਰ ਪਿਕਨਿਕ ਨੂੰ ਬਹੁ-ਭੋਜ ਦਾ ਨਾਂ ਦੇ ਕੇ ਪਾਪਾ ਨੇ ਮੇਰੇ ਲਈ ਮੁਆਮਲਾ ਜਰਾ ਗੰਭੀਰ ਬਣਾ ਦਿੱਤਾ। ਝਾਈ ਜੀ ਦੀ ਸਿੱਖਿਆ ਮੇਰੇ ਬਹੁਤ ਕੰਮ ਆਈ। ਮਾਤਾ ਜੀ ਨੇ ਮੇਰੀ ਮਦਦ ਕਰਨ ਦੀ ਇੱਛਾ ਪਰਗਟ ਕੀਤੀ, ਪਰ ਮੈਂ ਇਹ ਕਹਿ ਕੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਕਿ-"ਇਸ ਪਿਕਨਿਕ ਲਈ ਪਕਾਇਆ ਜਾਣ ਵਾਲਾ ਭੋਜਨ ਮੇਰੀ ਨਿਗਰਾਨੀ ਅਤੇ ਆਗਿਆ ਵਿੱਚ ਪਕਾਇਆ ਜਾਣਾ ਹੈ। ਇਸ ਕੰਮ ਵਿੱਚ ਉਹ ਵਿਅਕਤੀ ਹਿੱਸਾ ਲੈ ਸਕਦਾ ਹੈ ਜਿਹੜਾ ਮੇਰੀ ਆਗਿਆ ਵਿੱਚ ਕੰਮ ਕਰ ਸਕਦਾ ਹੋਵੇ। ਤੁਹਾਡਾ ਨੰਬਰ ਤਾਂ ਪਹਿਲਾਂ ਹੀ ਕੱਟਿਆ ਗਿਆ।" ਇੱਕ ਤਰ੍ਹਾਂ ਨਾਲ ਸਾਰਿਆਂ ਦਾ ਨੰਬਰ ਕੱਟਿਆ ਗਿਆ, ਪਰ ਤਾਂ ਵੀ ਮੇਰੀ ਮਦਦ ਜ਼ਰੂਰ ਹੁੰਦੀ ਰਹੀ।
ਐਤਵਾਰ ਨੂੰ ਪੰਜਾਂ ਪਰਵਾਰਾਂ ਦਾ ਜਬਾ ਛੇ ਕਾਰਾਂ ਵਿੱਚ ਬੈਠ ਕੇ ਹੇਨਾਲਟ ਪਾਰਕ ਪੁੱਜ ਗਿਆ। ਅਸੀਂ ਦਸ ਵਜੇ ਤੋਂ ਪਹਿਲਾਂ ਹੀ ਪਾਰਕ ਵਿੱਚ ਪੁੱਜ ਗਏ ਸਾਂ, ਤਾਂ ਵੀ ਪਾਰਕ ਵਿੱਚ ਤਿੰਨ-ਚਾਰ ਸੌ ਕਾਰਾਂ ਸਾਡੇ ਤੋਂ ਪਹਿਲਾਂ ਹੀ ਪੁੱਜ ਚੁੱਕੀਆਂ ਸਨ। ਗਿਆਰਾਂ-ਬਾਰਾਂ ਵਜੇ ਤਕ ਤਾਂ ਇਹ ਗਿਣਤੀ ਹਜ਼ਾਰਾਂ ਤਕ ਪੁੱਜ ਜਾਣ ਦੀ ਸੰਭਾਵਨਾ ਸੀ। ਵਿਸ਼ਾਲ ਪਾਰਕ ਵਿੱਚ ਖਿੱਲਰੀ-ਪਸਰੀ ਹੋਈ ਮਨੁੱਖੀ ਅਤੇ ਮਸ਼ੀਨੀ ਸੁੰਦਰਤਾ ਪ੍ਰਕਿਰਤੀ ਦੀ ਸੁੰਦਰਤਾ ਨਾਲ ਇੱਕ- ਮਿੱਕ ਹੋ ਕੇ ਆਖ ਰਹੀ ਸੀ ਕਿ ਮਨੁੱਖ, ਮਸ਼ੀਨ ਅਤੇ ਪ੍ਰਕਿਰਤੀ ਦੀ ਮਿੱਤਰਤਾ ਨਾਲ ਖੁਸ਼ਹਾਲੀ,