ਕਰਨ ਲਈ ਨਹੀਂ ਕਹਿੰਦੇ। (ਮੇਰੀ ਜਾਚੇ) ਉਹ ਜਾਣਨਾ ਚਾਹੁੰਦੇ ਹਨ ਕਿ ਮੇਰੀਆਂ ਲਿਖਤਾਂ ਮਨੁੱਖ ਮਾਤਰ ਦੀ ਕਿਹੜੀ ਮੰਜ਼ਲ ਵੱਲ ਸੰਕੇਤ ਕਰਦੀਆਂ ਹਨ। ਇਨ੍ਹਾਂ ਵਿਚਲਾ ਕੇਂਦਰੀ ਸੁਨੇਹਾ ਕੀ ਹੈ ਅਤੇ ਉਨ੍ਹਾਂ ਦੀ ਇਹ ਜਗਿਆਸਾ 'ਸੋਚ ਦਾ ਸਫ਼ਰ' ਅਤੇ 'ਸਾਇੰਸ ਦਾ ਸੰਸਾਰ' ਵਿਚਲੇ ਲੇਖਾਂ ਨਾਲ ਵਧੇਰੇ ਸੰਬੰਧਤ ਹੈ।
ਮੇਰਾ ਨਿਮਾਣਾ ਜਿਹਾ ਉੱਤਰ ਇਹ ਹੈ :
ਰਿਨੇਸਾਂਸ, ਸਾਇੰਸ, ਮਸ਼ੀਨੀ ਕ੍ਰਾਂਤੀ, ਤਕਨੀਕ ਅਤੇ ਕੰਪਿਊਟਰ ਆਦਿਕਾਂ ਨੇ ਮਿਲ ਕੇ ਸਾਡੀ ਦੁਨੀਆ ਨੂੰ ਏਨਾ ਬਦਲ ਦਿੱਤਾ ਹੈ ਕਿ ਇਸ ਲਈ ਮੱਧਕਾਲੀਨ ਕਦਰਾਂ-ਕੀਮਤਾਂ ਦਾ ਤਿਆਗ ਜ਼ਰੂਰੀ ਹੋ ਗਿਆ ਹੈ। ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੇ ਦੁਨੀਆ ਦੇ ਦੇਸ਼ਾਂ ਨੂੰ ਇੱਕ ਵੱਡੇ ਸ਼ਹਿਰ ਦੇ ਮੁਹੱਲਿਆਂ ਦਾ ਰੂਪ ਦੇ ਦਿੱਤਾ ਹੈ। ਐਟਮੀ ਹਥਿਆਰਾਂ ਦੀ ਭਿਆਨਕਤਾ ਨੇ ਧਰਮ ਯੁੱਧਾ, ਜਹਾਦਾਂ ਅਤੇ ਇਨਕਲਾਬਾਂ ਦੇ ਸ਼ੈਤਾਨੀ ਚਿਹਰਿਆਂ ਉੱਤੇ ਆਦਰਸ਼ਾਂ ਦੇ ਨਕਾਬ ਲਾਹ ਕੇ ਇਨ੍ਹਾਂ ਵਿਚਲੇ ਪਸ਼ੂਪੁਣੇ ਤੋਂ 'ਡਰਨ' ਅਤੇ ਅਮਨ-ਸ਼ਾਂਤੀ ਲਈ 'ਤਾਂਘਣ' ਨੂੰ ਬਹਾਦਰੀਆਂ, ਕੁਰਬਾਨੀਆਂ ਅਤੇ ਬਲੀਦਾਨਾਂ ਦੀ ਹਿਰਦੇ ਹੀਣਤਾ ਦੇ ਟਾਕਰੇ ਵਿੱਚ ਵਧੇਰੇ ਸਤਿਕਾਰਯੋਗ ਅਤੇ ਜ਼ਰੂਰੀ ਕੰਮ ਸਿੱਧ ਕਰ ਦਿੱਤਾ ਹੈ। ਜੀਵਨ ਦੀ ਲੋੜ ਦੀਆਂ ਚੀਜ਼ਾ (ਧਨ) ਦੀ ਬੇ-ਓੜਕੀ ਉਪਜ ਦੀ ਸਮਰਥਾ ਨੇ ਸਮੁੱਚੀ ਮਨੁੱਖ ਜਾਤੀ ਲਈ ਸੁਰੱਖਿਅਤ, ਸੁਖੀ ਅਤੇ ਸਤਿਕਾਰਯੋਗ ਜੀਵਨ ਦੀ ਉਸਾਰੀ ਦੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ ਹੈ। ਵਪਾਰ ਦੇ ਵਿਕਾਸ ਨੇ ਸਹਾਇਤਾ, ਸਹਿਯੋਗ ਅਤੇ ਨਿਰਭਰਤਾ ਦੀ ਭਾਵਨਾ ਨੂੰ ਕੌਮੀ ਗ਼ੈਰਤ, ਆਤਮ ਨਿਰਭਰਤਾ ਅਤੇ ਸਭਿਆਚਾਰਕ ਸ੍ਰੇਸ਼ਟਤਾ ਦੀ ਹੈਂਕੜ ਨਾਲੋਂ ਬਹੁਤਾ ਸਤਿਕਾਰ ਦੇਣ ਦੀ ਲੋੜ ਪੈਦਾ ਕਰ ਦਿੱਤੀ ਹੈ। ਪੁਰਾਤਨਤਾ, ਅਧਿਆਤਮਕਤਾ, ਦਾਰਸ਼ਨਿਕਤਾ ਅਤੇ ਸੂਰਬੀਰਤਾ ਆਦਿਕ ਆਦਰਸ਼ਾਂ ਦਾ ਸਹਾਰਾ ਲਏ ਬਗ਼ੈਰ ਸੰਸਾਰਕ ਜੀਵਨ ਨੂੰ ਸੁੰਦਰ ਅਤੇ ਸਤਿਕਾਰਯੋਗ ਬਣਾਉਣ ਦੀ ਸਮਰਥਾ ਰੱਖਣ ਵਾਲੀ ਪਦਾਰਥਵਾਦੀ ਸਭਿਅਤਾ ਨੂੰ ਅਪਣਾਉਣ ਦੀ ਸਮੁੱਚੀ ਸੱਭਿਅ ਮਨੁੱਖ ਜਾਤੀ ਦੀ 'ਪਰਬਲ ਇੱਛਾ ਮਨੁੱਖ ਮਾਤਰ ਨੂੰ ਸੱਭਿਆਤਾਵਾਂ ਅਤੇ ਸੰਸਕ੍ਰਿਤੀਆਂ ਦੀ ਸੰਕੀਰਣਤਾ ਵਿੱਚੋਂ ਬਾਹਰ ਆ ਕੇ ਵਿਸ਼ਾਲ ਮਨੁੱਖੀ ਪਰਿਵਾਰ ਵਿੱਚ ਪਰਵੇਸ਼ ਕਰਨ ਦੀ ਪ੍ਰੇਰਣਾ ਦੇਣ ਲੱਗ ਪਈ ਹੈ।
ਮਨੁੱਖ ਜਾਤੀ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਦੀਵੀ ਅਮਨ, ਨਿਰਸ਼ਸਤ੍ਰੀਕਰਣ, ਧਰਤੀ ਦੇ ਧਨ ਦੀ ਨਿਆਏ ਪੂਰਣ ਵੰਡ, ਸ਼ੋਸ਼ਣ ਰਹਿਤ ਵਪਾਰ, ਸੰਸਾਰ ਵਿਆਪੀ ਵਿੱਦਿਅਕ ਪ੍ਰਬੰਧ, ਵਿਸ਼ਵ ਦਾ ਸਾਂਝਾ ਨਿਆਏ ਪ੍ਰਬੰਧ, ਸਾਂਝੀ ਵਿਗਿਆਨਿਕ ਖੋਜ, ਸਮੁੱਚੀ ਮਨੁੱਖ ਜਾਤੀ ਦੇ ਜੀਵਨ-ਪੱਧਰ ਦੀ ਉਸਾਰੀ ਦਾ ਕੇਂਦਰੀ ਯਤਨ ਅਤੇ ਇਸ ਸਭ ਕਾਸੇ ਲਈ (ਸ਼ਾਇਦ) ਇੱਕ ਵਿਸ਼ਵ ਸਰਕਾਰ ਦੀ ਲੋੜ ਵੀ ਮਹਿਸੂਸੀ ਜਾਣ ਵਾਲੀ ਹੈ। ਪੱਛਮੀ ਹਥਿਆਰਾਂ ਦੇ ਮੁੱਲ ਵਜੋਂ ਡ੍ਰੱਗਾਂ ਅਤੇ ਰਫਿਊਜੀਆਂ ਦੇ ਖੋਟੇ ਸਿੱਕਿਆਂ ਦੇ ਰੂਪ ਵਿੱਚ ਵਸੂਲੀ ਵਾਲਾ ਸੌਦਾ ਪੱਛਮੀ ਦੇਸ਼ ਬਹੁਤਾ ਚਿਰ ਨਹੀਂ ਕਰ ਸਕਣਗੇ। ਪੱਛਮੀ ਜਨਸਾਧਾਰਣ ਹਥਿਆਰਾਂ ਦੇ ਵਪਾਰ ਵਿੱਚ ਸ਼ਰਮਸਾਰੀ ਮਹਿਸੂਸ ਕਰਨ ਲੱਗ ਪਿਆ ਹੈ।
ਮੱਧਕਾਲੀਨ ਆਦਰਸ਼ਾਂ ਦੀ ਐਨਕ ਰਾਹੀਂ ਵੇਖਿਆ ਇਹ ਸੁਪਨਾ ਕੇਵਲ ਖ਼ੁਸ਼-ਖਿਆਲੀ ਦਿਸੇਗਾ। ਜੰਗਲੀ ਮਨੁੱਖ ਦੇ ਜੀਵਨ ਨੂੰ ਆਧੁਨਿਕ ਉੱਨਤ ਮਨੁੱਖ ਦੇ ਜੀਵਨ ਦੇ ਸਨਮੁੱਖ ਰੱਖ ਕੇ ਵੇਖਿਆਂ ਇਸ ਸੁਪਨੇ ਵਿੱਚ ਕਿਆਸੀ ਗਈ ਤਬਦੀਲੀ ਬਹੁਤ ਹੀ ਛੋਟੀ ਅਤੇ ਬਹੁਤ ਹੀ ਸੌਖੀ ਅਪਣਾਈ ਜਾ ਸਕਣ ਵਾਲੀ ਦਿਸੇਗੀ। ਮੈਨੂੰ ਇਹ ਸੌਖੀ ਅਤੇ ਸੁਭਾਵਕ ਤਬਦੀਲੀ ਜਾਪਦੀ ਹੈ। ਜੋ ਇਸ ਦੇ ਰਾਹ ਵਿੱਚ ਮੱਧਕਾਲੀਨ ਮਹਾਨ ਆਦਰਸ਼ਾਂ ਦੀਆਂ ਅਲੰਘ ਰੁਕਾਵਟਾਂ ਨਾ ਹੋਣ।