ਮੈਂ ਇਹ ਨਹੀਂ ਕਹਿੰਦਾ ਕਿ ਫਾਂਸੀਸੀ ਕ੍ਰਾਂਤੀ ਇਕੱਲੇ ਰੂਸੋ ਦੇ 'ਸ਼ੋਸ਼ਲ ਕਾਨਟ੍ਰੈਕਟ' ਦਾ ਨਤੀਜਾ ਸੀ ਜਾਂ ਕਾਰਲ ਮਾਰਕਸ ਦੇ ਕੈਪੀਟਲ' ਨੇ ਰੂਸ ਵਿੱਚ ਇਨਕਲਾਬ ਲੈ ਆਦਾ। ਅਜੇਹੀਆਂ ਤਬਦੀਲੀਆਂ ਪਿੱਛੇ ਬਹੁਤ ਸਾਰੇ ਸਿਆਸੀ, ਸਮਾਜੀ ਅਤੇ ਆਰਥਕ ਕਾਰਨ ਕੰਮ ਕਰ ਰਹੇ ਹੁੰਦੇ ਹਨ। ਪਰੰਤੂ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿ ਲਿਖਣ- ਬੋਲਣ ਵਾਲੇ ਲੋਕਾਂ ਦੁਆਰਾ ਪਰਚਾਰੇ ਹੋਏ ਵਿਚਾਰ ਵੀ ਬਾਕੀ ਸਾਰੇ ਕਾਰਨਾਂ ਵਿੱਚ ਸ਼ਾਮਲ ਹੁੰਦੇ ਹਨ। ਸਾਇੰਸ, ਸਨਅਤ ਟੈਕਨਾਲੋਜੀ ਅਤੇ ਵਿਸ਼ਵ-ਵਪਾਰ ਦੁਆਰਾ ਕਿਆਸੀ-ਕਲਪੀ ਜਾਣ ਵਾਲੀ ਦੁਨੀਆ ਦੀ ਉਸਾਰੀ ਇਨਕਲਾਬ ਨਹੀਂ, ਵਿਕਾਸ ਹੈ। ਇਨਕਲਾਬਾਂ ਦੀ ਸੋਚ ਵਿਚਾਰ ਦੇ ਬਹੁਤੇ ਪਰਸਾਰ ਦੀ ਲੋੜ ਨਹੀਂ ਹੁੰਦੀ। ਗਿਣਤੀ ਦੇ ਕੁਝ ਆਗੂਆ ਦੇ ਇਸ਼ਾਰੇ ਉੱਤੇ ਨੱਚਣ-ਟੱਪਣ ਵਾਲੇ ਲੋਕਾਂ ਨੂੰ ਸੋਚ ਦੀ ਥਾਂ ਨਾਅਰੇ-ਜੈਕਾਰੇ ਦੀ ਲੋੜ ਹੁੰਦੀ ਹੈ। ਵਿਕਾਸ (ਵਿਸ਼ੇਸ਼ ਕਰਕੇ ਆਧੁਨਿਕ ਵਿਗਿਆਨਕ ਵਿਕਾਸ) ਲਈ ਜਨ-ਸਾਧਾਰਣ ਦੀ ਸੋਚ ਦਾ ਵਿਕਾਸ ਜਰੂਰੀ ਹੈ। ਸੋਚ ਦੇ ਵਿਕਾਸ ਬਿਨਾਂ ਲੋਕ ਸਮਾਜਕ, ਧਾਰਮਕ, ਸਾਂਸਕ੍ਰਿਤਿਕ ਅਤੇ ਰਾਸ਼ਟਰੀ ਹੱਦਬੰਦੀਆਂ ਵਿੱਚੋਂ ਬਾਹਰ ਆਉਣ ਦਾ ਸਾਹਸ ਨਹੀਂ ਕਰਨਗੇ। ਇਨ੍ਹਾਂ ਵੰਡੀਆਂ ਦੀ ਲਛਮਣ- ਰੇਖਾ ਨੂੰ ਇਲਾਹੀ ਹੁਕਮ ਦਾ ਦਰਜਾ ਦਿੰਦੇ ਰਹਿਣਗੇ। ਆਧੁਨਿਕ ਦੁਨੀਆ ਦੀ ਨਵੀਂ ਉਸਾਰੀ ਲਈ ਮਨੁੱਖਤਾ ਵਿੱਚ ਕੋਈ ਏਕਤਾ, ਕੋਈ ਸਾਂਝ ਵੇਖੀ ਜਾਣੀ ਜ਼ਰੂਰੀ ਹੈ।
ਸਾਰੇ ਮੱਧਕਾਲ ਵਿੱਚ ਮਨੁੱਖੀ ਏਕਤਾ ਦੀ ਗੱਲ ਨਹੀਂ ਕੀਤੀ ਗਈ। ਈਸ਼ਵਰੀ ਏਕਤਾ ਜਾਂ ਵਾਹਦਾਨੀਅਤ ਨੂੰ ਮੈਂ ਮਨੁੱਖੀ ਏਕਤਾ ਨਹੀਂ ਮੰਨਦਾ। ਇਹ ਰੋਮਨ ਐਂਪਰਰ ਜਾਂ ਭਾਰਤੀ ਸਮ੍ਰਾਟ ਦੀ ਏਕਤਾ ਸੀ। ਮਨੁੱਖਾਂ ਵਿੱਚ ਆਤਮਾ ਨਾਂ ਦੀ ਕਿਸੇ ਹੋਂਦ ਦੀ ਸਾਂਝ ਜਾਂ ਏਕਤਾ ਦੱਸੀ ਜਾਂਦੀ ਰਹੀ ਹੈ। ਇਹ ਨਿਰਾਰਥਕ ਅਤੇ ਅਵਿਵਹਾਰਕ ਏਕਤਾ ਸੀ। ਇਸ ਏਕਤਾ ਨੇ ਜਹਾਦਾਂ, ਧਰਮਯੁੱਧਾਂ ਅਤੇ ਮੋਰਚਾਬੰਦੀਆਂ ਸਮੇਂ ਕਿਸੇ ਵਿਰੋਧੀ ਵਿਚਲੀ ਆਤਮਾ ਦੀ ਚਿੰਤਾ ਨਹੀਂ ਕੀਤੀ। ਇਸ ਦੀ ਲੋੜ ਹੀ ਨਹੀਂ ਸੀ। ਆਤਮਾ ਅਮਰ ਅਤੇ ਅਭਿੱਜ ਸੀ। ਇਸ ਦੀ ਚਿੰਤਾ ਕਰਨੀ ਵੱਡੀ ਮੂਰਖਤਾ ਦੀ ਗੱਲ ਸੀ: ਬੇਲੋੜਾ ਕੰਮ ਸੀ।
ਮਨੁੱਖਾਂ ਵਿਚਲੀ ਭਾਵੁਕ ਏਕਤਾ ਰਜੋਗੁਣੀ ਬਿਰਤੀ ਹੋਣ ਕਰਕੇ ਮਿੱਤਰਤਾ, ਸਹਿਯੋਗ ਅਤੇ ਸਹਾਇਤਾ ਦੇ ਅਪਣੱਤਮੂਲਕ ਘੇਰੇ ਨੂੰ ਆਪਣੇ ਦੇਸ਼-ਧਰਮ ਦੇ ਲੋਕਾਂ ਤਕ ਸੀਮਿਤ ਕਰ ਕੇ ਆਪਣੇ ਘੇਰੇ ਤੋਂ ਬਾਹਰਲੇ ਲੋਕਾਂ ਪ੍ਰਤਿ ਸੰਘਰਬ ਦੀਆਂ ਭਾਵਨਾਵਾਂ ਅਤੇ ਸੰਭਾਵਨਾਵਾਂ ਵਿੱਚ ਵਾਧਾ ਕਰਦੀ ਸੀ। ਮਨੁੱਖੀ ਭਾਵੁਕਤਾ ਵਿੱਚ ਪਿਆਰ ਦੇ ਭਾਵ ਨੂੰ ਸ੍ਰੇਸ਼ਟ ਥਾਂ ਪ੍ਰਾਪਤ ਹੈ। ਪਰੰਤੂ ਇਸ ਦੇ ਵਿਵਹਾਰਕ ਰੂਪ ਦਾ ਘੇਰਾ ਬਹੁਤ ਤੰਗ, ਅਧਿਕਾਰਾਤਮਕ ਅਤੇ ਮਾਲਕੀਮਈ (possessive) ਹੈ। ਇਸ ਦਾ ਅਧਿਆਤਮਕ, ਦਾਰਸ਼ਨਿਕ ਅਤੇ ਪਛਾਣਾਤਮਕ ਰੂਪ, ਆਤਮਾ ਵਾਗ, ਅਵਿਵਹਾਰਕ, ਨਿਰਾਰਥਕ ਅਤੇ ਕਾਲਪਨਿਕ ਹੈ। ਇਸੇ ਲਈ ਇਸ ਪ੍ਰਕਾਰ ਦੇ ਪਿਆਰ ਨੂੰ ਰੱਬ ਜਾਂ ਆਤਮਕ ਪਿਆਰ ਆਖ ਕੇ ਸੰਸਾਰਕ ਵਿਵਹਾਰ ਵਿੱਚੋਂ ਖਾਰਜ ਕਰ ਦਿੱਤਾ ਜਾਂਦਾ ਹੈ।
ਜਿਸ ਪਿਆਰ ਨੇ ਪਛਾਣ-ਰੂਪਾਂ ਹੋਣਾ ਹੈ ਉਸ ਦੀ ਜੜ ਭਾਵਕਤਾ ਦੀ ਰਜੋਗੁਣੀ ਧਰਤੀ ਦੀ ਥਾਂ ਵਿਚਾਰ ਦੀ ਸਾਤਵਿਕਤਾ ਵਿੱਚ ਹੋਵੇਗੀ। ਅਤੇ ਉਸ ਨੂੰ ਪਿਆਰ ਦੀ ਥਾਂ ਸਹਾਇਤਾ, ਸਹਿਯੋਗ, ਸਤਿਕਾਰ, ਆਪਸੀ ਨਿਰਭਰਤਾ, ਸ਼ਿਸ਼ਟਾਚਾਰ ਅਤੇ ਸਦਾਚਾਰ ਦੀ
___________