ਦਿਨ ਚੜ੍ਹਨ ਤੇ ਉਸ ਨੂੰ ਮਹਿਲਾਂ ਵਿਚ ਵਜ਼ੀਰਾਂ ਦੇ ਸਾਹਮਣੇ ਲੈ ਗਏ, ਪੁਛਣ ਤੇ ਅਸਰਾਜ ਨੇ ਮੁਢ ਤੋਂ ਲੈ ਕੇ ਅਖ਼ੀਰ ਤੱਕ ਆਪਣੀ ਹੱਡ ਬੀਤੀ ਸਾਰੀ ਕਹਾਣੀ ਸੁਣਾਈ ਸਾਰੇ ਮੰਤ੍ਰੀ ਪ੍ਰਸੰਨ ਹੋਏ, ਕਿਉਂਕਿ ਉਹਨਾਂ ਨੂੰ ਰਾਜ ਗੱਦੀ ਉਪਰ ਬਿਠਾਉਣ ਵਾਸਤੇ ਰਾਜ ਪੁਤਰ ਹੀ ਮਿਲ ਗਿਆ। ਸਰੀਰ ਪਰ ਵਟਣਾ ਮਲ ਕੇ ਚੰਗੀ ਤਰ੍ਹਾਂ ਇਸ਼ਨਾਨ ਕਰਾ ਕੇ ਸੋਹਣੇ ਸੋਹਣੇ ਕਪੜੇ ਪੁਆ ਕੇ ਕਲਗੀ ਜਿਗਾ ਬੰਨ੍ਹ ਕੇ ਬੜੀ ਸਜ ਧਜ ਨਾਲ ਅਸਰਾਜ ਨੂੰ ਗੱਦੀ ਉਪਰ ਬਿਠਾ ਦਿੱਤਾ।
ਅਸਰਾਜ ਨੇ ਆਪਣੀ ਰੂਹਾਨੀ ਤਾਕਤ ਨਾਲ ਬੜਾ ਸੋਹਣਾ ਧਰਮ ਦਾ ਰਾਜ ਕੀਤਾ, ਪਰਜਾ ਨੂੰ ਬਹੁਤ ਸੁਖੀ ਵਸਾਇਆ, ਜਿਸ ਨਾਲ ਇਸ ਦੀ ਕੀਰਤੀ ਗੁਲਾਬ ਦੇ ਫੁਲਾਂ ਵਾਂਗ ਦੂਰ ਦੂਰ ਤੱਕ ਫੈਲ ਗਈ।
ਸਮੇਂ ਦੇ ਚੱਕ੍ਰ ਅਨੁਸਾਰ ਇਸ ਦੇ ਪਿਤਾ ਦੇ ਦੇਸ਼ ਵਿਚ ਬੜਾ ਦੁਰਭਿਖ (ਕਾਲ) ਪੈ ਗਿਆ।
ਚਿਤ੍ਰ ਕੇਤੂ ਰਾਜੇ ਦੇ ਦੇਸ਼ ਵਾਸੀ ਲੋਕ ਅਨਾਜ ਲੱਭਦੇ ਲੱਭਦੇ ਅਸਰਾਜ ਦੇ ਦੇਸ਼ ਵਿਚ ਆ ਗਏ। ਜਿਸ ਵੇਲੇ ਅਸਰਾਜ ਨੂੰ ਖ਼ਬਰ ਮਿਲੀ ਕਿ ਮੇਰੇ ਪਿਤਾ ਦੇ ਦੇਸ਼ ਦੇ ਆਦਮੀ ਅਨਾਜ ਲੈਣ ਵਾਸਤੇ ਆਏ ਹਨ, ਉਸ ਵੇਲੇ ਉਹਨਾਂ ਪਾਸੋਂ ਕੋਈ ਰੁਪਿਆ ਨਹੀਂ ਲੀਤਾ, ਐਵੇਂ ਹੀ ਅਨਾਜ ਦੀਆਂ ਬੋਰੀਆਂ ਚੁੱਕਾ ਦਿੱਤੀਆਂ। ਲੋਕਾਂ ਨੇ ਆਪਣੇ ਚਿਤ੍ਰ ਕੇਤੂ ਰਾਜੇ ਪਾਸ ਆ ਕੇ ਅਸਰਾਜ ਦੀ ਬੜੀ ਉਪਮਾ ਕੀਤੀ ਕਿ ਟੁੰਡਾ ਅਸਰਾਜ ਨਾਮੀ ਰਾਜਾ ਬੜਾ ਧਰਮਾਤਮਾ ਹੈ। ਅੰਨ ਦੀਆਂ ਬੋਰੀਆਂ ਮੁਫ਼ਤ ਚੁਕਾ ਦੇਂਦਾ ਹੈ ਤਾਂ ਚਿਤ੍ਰ ਕੇਤੂ ਨੇ ਵਿਚਾਰਿਆ ਐਸੇ ਧਰਮਾਤਮਾ ਰਾਜੇ ਦਾ ਦਰਸ਼ਨ ਜ਼ਰੂਰ ਕਰਨਾ ਚਾਹੀਦਾ ਹੈ। ਉਸ ਵੇਲੇ ਸੁਨੇਹਾ ਭੇਜਿਆ ਮੈਂ ਆਪ ਨੂੰ ਮਿਲਣ ਆ ਰਿਹਾ ਹਾਂ। ਜਿਸ ਵੇਲੇ ਅਸਰਾਜ ਨੇ ਸੁਣਿਆ ਮੇਰਾ ਬਾਪ ਮੈਨੂੰ ਮਿਲਣ ਵਾਸਤੇ ਆ ਰਿਹਾ ਹੈ ਤਿਸ ਵੇਲੇ ਵਾਜਿਆਂ ਗਾਜਿਆਂ ਸਹਿਤ ਅੱਗੋਂ ਆ ਕੇ ਸਤਿਕਾਰ ਨਾਲ ਆਪਣੇ ਮਹੱਲਾਂ ਵਿਚ ਲੈ ਗਿਆ। ਚਿਤ੍ਰ ਕੇਤੂ ਨੇ ਪੁਛਿਆ ਤੇਰੇ ਪਿਤਾ ਜੀ ਦਾ ਨਾਂ ਕੀ ਹੈ ?
ਅਸਰਾਜ ਨੇ ਕਿਹਾ ਧਰਮ ਦਾ ਬਾਪ ਤਾਂ ਗੁਜ਼ਰ ਗਿਆ ਹੈ ਜਿਸ ਦੀ ਰਾਜ ਗੱਦੀ 'ਪਰ ਬੈਠਾ ਹਾਂ ਤੇ ਪਿੱਛਲੇ ਪਿਤਾ ਮੇਰੇ ਆਪ ਹੋ। ਅਸਰਾਜ ਪਾਸੋਂ ਸਾਰੀ ਕਹਾਣੀ ਸੁਣ ਕੇ ਚਿਤ੍ਰ ਕੇਤੂ ਨੇ ਪ੍ਰਸੰਨ ਹੋ ਕੇ ਆਪਣਾ ਰਾਜ ਵੀ ਟੁੰਡੇ ਅਸਰਾਜ ਨੂੰ ਦੇ ਦਿੱਤਾ। ਉਸ ਸਮੇਂ ਦੂਜੀ ਰਾਣੀ ਦੇ ਪੁਤ੍ਰ ਖਾਨ ਤੇ ਸੁਲਤਾਨ ਨੇ ਜੰਗ ਕੀਤਾ। ਆਖ਼ਰ ਅਸਰਾਜ ਦੀ ਜਿੱਤ ਹੋ ਗਈ। ਤਿਸ ਵੇਲੇ ਢਾਢੀਆਂ ਨੇ ਉਸ ਦੀ ਵਾਰ ਬਣਾਈ। ਉਹ ਪਉੜੀ ਇਹ ਹੈ-
ਭਬਕਿਆ ਸ਼ੇਰ ਸਰਦੂਲ ਰਾਇ ਰਣ ਮਾਰੂ ਬੱਜੇ।
ਸੁਲਤਾਨ, ਖਾਨ ਬਡ ਸੂਰਮੇ ਵਿਚ ਰਣ ਦੇ ਗੱਜੇ।
ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੇ।
ਟਿੱਕਾ ਸਾਰੰਗ ਬਾਪ ਨੇ ਦਿਤਾ ਭਰ ਲੱਜੇ।