ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ॥
ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ॥੧॥
ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰੁ ਅਪਨਾ ਨਮਸਕਾਰਿਆ॥
ਸਰਬ ਫਲਾ ਦੀਨੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ॥੨॥੪੭॥
(ਸਾਰੰਗ ਮ: ੫, ਪੰਨਾ ੧੨੧੮)
ਪੁਨਾ-ਸ਼ੇਖ ਬ੍ਰਹਮ ਨੇ ਕਿਹਾ-’ਆਪ ਦੇ ਗੁਰੂ ਕਿਹੜੇ ਹਨ?' ਤਾਂ ਗੁਰੂ ਸਾਹਿਬ ਜੀ ਨੇ ਕਿਹਾ-
ਜਿਨਿ ਮਾਣਸ ਤੇ ਦੇਵਤੇ ਕੀਏ
ਜਿਸ ਨੇ ਮਨੁੱਸ਼ ਤੇ ਦੇਵਤੇ ਆਦਿਕ ਸਾਰੇ ਜੀਵ ਉਤਪੰਨ ਕੀਤੇ ਹਨ, ਉਹ ਪਰਮਾਤਮਾ ਹੀ ਸਾਡਾ ਗੁਰੂ ਹੈ।
ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਉਸ ਪਰਮੇਸ਼ਰ ਨੂੰ ਉਤਪਤ ਕਰਦਿਆਂ ਦੇਰ ਲੱਗਦੀ ਹੋਵੇਗੀ ?
ਉੱਤਰ:-
ਕਰਤ ਨ ਲਾਗੀ ਵਾਰ ॥੧॥
ਉਸ ਨੂੰ ਉਤਪਤ ਕਰਦਿਆਂ ਹੋਇਆਂ ਕੁਛ ਵਾਰ=ਦੇਰ ਨਹੀਂ ਲੱਗਦੀ।
ਯਥਾ-ਸੋ ਐਸੇ ਬਡਿ ਮਹਰਾਜਾ॥ ਜਿਹ ਨਿਮਖ ਬਿਖੈ ਜਗ ਸਾਜਾ॥
ਅਥਵਾ:-ਜਿਸ ਨੇ ਕਿਰਪਾ ਦ੍ਰਿਸ਼ਟੀ ਕਰਕੇ ਮਾਨ ਦੇ ਸਹਿਤ ਜਿਹੜੇ ਪੁਰਸ਼ ਸਨ, ਓਨ੍ਹਾਂ ਨੂੰ ਦੇਵ=ਪ੍ਰਕਾਸ਼ ਰੂਪ ਕੀਤਾ ਹੈ। ਫਿਰ ਜਿਸ ਨੂੰ ਪ੍ਰਕਾਸ਼ ਰੂਪ ਕਰਦਿਆਂ ਹੋਇਆਂ ਕੁਛ ਦੇਰੀ ਨਹੀਂ ਲਗਦੀ।
ਅਥਵਾ:-ਜਿਨ੍ਹਾਂ ਨੇ ਮਨੁੱਖ ਤੋਂ ਦੇਵਤਾ ਕੀਤਾ ਹੈ।
ਯਥਾ- ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ॥
ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ॥ (ਸਿਰੀਰਾਗ ਕੀ ਵਾਰ, ਪੰਨਾ ੯੦)
ਤਥਾ- ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ॥
ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ॥
(ਬਿਲਾਵਲ ਕੀ ਵਾਰ, ਪੰਨਾ ੮੫੦)
ਤਥਾ- ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ॥
(ਗੌਂਡ ਨਾਮਦੇਵ, ਪੰਨਾ ੮੭੩)