ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
ਇਤਨੇ ਚਾਨਣ=ਪ੍ਰਕਾਸ਼ ਦੇ ਹੁੰਦਿਆਂ ਭੀ ਹੇ ਸਿੱਧੋ ! ਏਹ ਸਮਝ ਲਵੋ ਕਿ ਉੱਲੂਆਂ ਦਾ ਕਲਪਿਆ ਹੋਇਆ ਸੂਰਜ ਵਿਚੋਂ ਅੰਧਕਾਰ ਕਦੇ ਦੂਰ ਨਹੀਂ ਹੁੰਦਾ ਇਸੇ ਤਰ੍ਹਾਂ ਅਗਿਆਨੀ ਪੁਰਸ਼ਾਂ ਦਾ ਬ੍ਰਹਮ ਵਿਚ ਕਲਪਿਆ ਹੋਇਆ ਜੋ ਜਗਤ ਹੈ ਏਹ ਕਦੇ ਦੂਰ ਨਹੀਂ ਹੁੰਦਾ। ਸਤਿਗੁਰਾਂ ਦੇ ਉਪਦੇਸ਼ ਧਾਰੇ ਬਿਨਾਂ ਘੋਰ ਭਿਆਨਕ ਅਗਿਆਨ ਰੂਪ ਅੰਧਕਾਰ ਬਣਿਆਂ ਰਹਿੰਦਾ ਹੈ। ਪੁਨਾ-ਸਿੱਧਾਂ ਬੇਨਤੀ ਕੀਤੀ ਗੁਰੂ ਧਾਰਨ ਦੀ ਕੋਈ ਜ਼ਰੂਰਤ ਨਹੀਂ। ਵੇਦਾਂ ਸ਼ਾਸਤ੍ਰਾਂ ਦੇ ਪੜ੍ਹਨ ਨਾਲ ਅੰਧਕਾਰ ਦੂਰ ਹੋ ਜਾਂਦਾ ਹੈ।
ਗੁਰ ਉੱਤਰ:-
ਜੇ ਸਉ ਚੰਦਾ ਉਗਵਹਿ
ਜੇਕਰ ਚਾਹੇ ਸੈਂਕੜੇ ਸ਼ਾਸਤ੍ਰਾਂ ਨੂੰ ਪੜ੍ਹ ਲਵੇ।
ਸੂਰਜ ਚੜਹਿ ਹਜਾਰ॥
ਚਾਹੇ ਹਜ਼ਾਰਾਂ ਵੇਦਾਂ ਨੂੰ ਭੀ ਪੜ੍ਹ ਲਵੇ।
ਏਤੇ ਚਾਨਣ ਹੋਦਿਆਂ
ਇਤਨੇ ਪ੍ਰਕਾਸ਼ ਦੇ ਹੁੰਦਿਆਂ ਭਾਵ ਪਦ ਪਦਾਰਥ ਦੇ ਗਿਆਨ ਹੋ ਜਾਣ ਨਾਲ ਭੀ ਗੁਰ ਬਿਨੁ ਘੋਰ ਅੰਧਾਰ॥੨॥
ਗੁਰਾਂ ਤੋਂ ਬਿਨਾਂ ਭਿਆਨਕ ਅਗਿਆਨ ਰੂਪੀ ਅੰਧਕਾਰ ਬਣਿਆਂ ਰਹਿੰਦਾ ਹੈ।
ਯਥਾ-ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥੩॥
(ਸਿਰੀਰਾਗੁ ਮਹਲਾ ੧, ਪੰਨਾ ੫੪)
ਤਥਾ-ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ॥
ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ॥
(ਸਿਰੀਰਾਗੁ ਮਹਲਾ ੧, ਪੰਨਾ ੫੫)
ਤਥਾ- ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ॥
ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ॥ ੨॥
ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ॥
ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ॥ ੩॥
(ਗੂਜਰੀ ਮਹਲਾ ੫, ਪੰਨਾ ੪੯੫)
ਤਥਾ- ਸਤਿਗੁਰ ਬਾਝਹੁ ਘੋਰ ਅੰਧਾਰਾ ਡੂਬਿ ਮੁਏ ਬਿਨੁ ਪਾਣੀ ॥੬॥
(ਮਲਾਰ ਮ: ੧ ਅਸਟਪਦੀਆ, ਪੰਨਾ ੧੨੭੫)