ਪ੍ਰਸ਼ਨ-ਜੋ ਬੂਆੜ ਤਿਲ ਸੁੰਞੇ ਖੇਤ ਵਿਚ ਛੱਡਿਆ ਹੋਇਆ ਛੁੱਟੜ ਹੁੰਦਾ ਹੈ, ਉਸ ਦਾ ਰੱਖਕ ਕੋਈ ਹੈ ਜਾਂ ਨਹੀਂ ?
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਹੇ ਸ਼ੇਖ ਬ੍ਰਹਮ ! ਜੋ ਸੁੰਞੇ ਖੇਤ ਵਿਚ ਬੂਆੜ ਤਿਲ ਛੁੱਟੜ ਹੈ ਉਹਨਾਂ ਦਾ ਸਉ-ਰੱਖਕ ਕੋਈ ਭੀ ਨਹੀਂ।
ਪ੍ਰਸ਼ਨ-ਉਹਨਾਂ ਦਾ ਕੋਈ ਰੱਖਕ ਕਿਉਂ ਨਹੀਂ ਹੁੰਦਾ? ਕੀ ਉਹ ਫੁਲਦੇ ਨਹੀਂ ਜਾਂ ਫਲਦੇ ਨਹੀਂ ?
ਗੁਰ ਉੱਤਰ-
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥
ਉਹ ਫੁਲਦੇ ਭੀ ਹਨ ਬਪੁੜੇ=ਵਿਚਾਰੇ ਫਲੀਂਦੇ ਵੀ ਹਨ, ਪਰ ਉਹਨਾਂ ਦੇ ਤਨ=ਡੋਡੀ ਵਿਚ ਸੁਆਹ ਹੁੰਦੀ ਹੈ ਇਸ ਵਾਸਤੇ ਉਹਨਾਂ ਦਾ ਕੋਈ ਰੱਖਕ ਨਹੀਂ। ਜ਼ਿਮੀਂਦਾਰ ਲੋਕ ਉਸ ਨੂੰ ਕੱਟਦੇ ਹੀ ਨਹੀਂ।
ਯਥਾ- ਸੰਤ ਕਾ ਦੋਖੀ ਛੁਟੈ ਇਕੇਲਾ॥ ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ॥
(ਗਉੜੀ ਸੁਖਮਨੀ, ਪੰਨਾ ੨੮੦)
ਖੇਤੈ ਅੰਦਰਿ ਜੰਮਿ ਕੈ, ਸਭ ਦੂੰ ਉੱਚਾ ਹੋਇ ਵਿਖਾਲੇ।
ਬੂਟੁ ਵਡਾ ਕਰਿ ਫੈਲਦਾ, ਹੋਇ ਚੁਹਚੁਹਾ ਆਪੁ ਸਮਾਲੇ।
ਖੇਤਿ ਸਫਲ ਹੋਇ ਲਾਵਣੀ, ਛੁਟਨਿ ਤਿਲੁ ਬੂਆੜ ਨਿਰਾਲੇ।
ਨਿਹਫਲ ਸਾਰੇ ਖੇਤ ਵਿਚਿ, ਜਿਉ ਸਰਵਾੜ ਕਮਾਦ ਵਿਚਾਲੇ।
ਸਾਧਸੰਗਤਿ ਗੁਰ ਸਬਦੁ ਸੁਣਿ, ਕਪਟ ਸਨੇਹੁ ਕਰਨਿ ਬੇਤਾਲੇ।
ਨਿਹਫਲ ਜਨਮੁ ਅਕਾਰਥਾ, ਹਲਤਿ ਪਲਤਿ ਹੋਵਨਿ ਮੁਹ ਕਾਲੇ।
ਜਮ ਪੁਰਿ ਜਮ ਜੰਦਾਰਿ ਹਵਾਲੇ॥੧੬॥
(ਭਾਈ ਗੁਰਦਾਸ ਜੀ, ਵਾਰ ੧੭)
ਦੂਸਰਾ ਅਰਥ-
ਇਸੀ ਪ੍ਰਕਾਰ ਜੋ ਮਨੁੱਖ ਸੁਚੇਤ=ਹੁਸ਼ਿਆਰ ਹੋ ਕੇ ਆਪਣੇ ਮਨ ਵਿਚ ਗੁਰਾਂ ਨੂੰ ਯਾਦ ਨਹੀਂ ਕਰਦੇ, ਉਹ ਪੁਰਸ਼ ਸੁੰਞੇ ਖੇਤ=ਸੰਸਾਰ ਅੰਦਰ ਬੂਆੜ ਤਿਲ ਵਾਗੂੰ ਛੁੱਟੜ ਹੁੰਦੇ ਹਨ।
ਪ੍ਰਸ਼ਨ-ਸੁੰਞੇ ਖੇਤ=ਸੰਸਾਰ ਵਿਚ ਜੋ ਛੁੱਟੜ ਹੋਏ ਹਨ ਭਾਵ ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ, ਉਹਨਾਂ ਦਾ ਕੋਈ ਰੱਖਕ ਹੈ ਜਾਂ ਨਹੀਂ ?
ਉੱਤਰ-
ਕਹੁ ਨਾਨਕ ਸਉ ਨਾਹ
ਸਤਿਗੁਰ ਦੇਵ ਜੀ ਆਖਦੇ ਹਨ— ਉਹਨਾਂ ਦਾ ਸਉ=ਰੱਖਕ ਕੋਈ ਭੀ ਨਹੀਂ ਹੈ।