ਤਥਾ- ਸੋਅਕਾਮਯਤ ਬਹੁ ਸਯਾਂ ਪ੍ਰਜਾਯੇਯ॥
ਅਰਥ-ਓਹ ਬ੍ਰਹਮ ਅਕਾਮਯਤ=ਕਾਮਨਾ ਕਰਦਾ ਹੋਇਆ ਕਿ ਮੈਂ ਬਹੁਤ ਰੂਪ ਹੋ ਕਰ ਕੇ ਪ੍ਰ=ਭਲੀ ਪ੍ਰਕਾਰ ਜਾਯੇਯ=ਉਤਪਤ ਹੋ ਜਾਊਂ ।
ਇਹ ਸੁਰਤੀ ਤੈਤਿਰੀਯ ਉਪਨਿਸ਼ਦ ਦੀ ਬ੍ਰਹਮਾ ਨੰਦ ਵਲੀ ਦੀ ਹੈ।
'ਏਕੋ ਹੰ ਬਹੁ ਸ੍ਯਾਮਹ॥
ਇਹ ਆਮ ਮੁਹਾਵਰਾ ਹੈ, ਸੁਰਤੀ ਨਹੀਂ ਹੈ।
ਅਥਵਾ:- ਮਾਇਆ ਰੂਪੀ ਕਵਾਉ=ਪੁਸ਼ਾਕ ਕਰਕੇ ਜਿੰਦ ਨੂੰ ਲੈਂਦਾ ਤੇ ਦੇਂਦਾ ਹੈ।
ਅਥਵਾ:- ਸਰੀਰ ਰੂਪੀ ਕਵਾਉ=ਪੁਸ਼ਾਕ ਵਿਚ ਕਦੇ ਜਿੰਦ ਪਾ ਦੇਂਦਾ ਹੈਂ ਤੇ ਕਦੇ ਕੱਢ ਲੈਂਦਾ ਹੈਂ।
ਅਥਵਾ:- ਕ=ਕਰਤਾ ਬ੍ਰਹਮਾ, ਵਾ=ਵਿਸ਼ਨੂੰ ਉ=ਉਮਾਪਤੀ=ਸ਼ਿਵ ਜੀ। ਇਨ੍ਹਾਂ ਤਿੰਨਾਂ ਦੇਵਤਿਆਂ ਦੁਆਰੇ ਜਿੰਦ ਨੂੰ ਦੇਂਦਾ ਭੀ ਹੈ, ਫਿਰ ਲੈ ਭੀ ਲੈਂਦਾ ਹੈ।
ਕਰਿ ਆਸਣੁ ਡਿਠੋ ਚਾਉ ॥੧॥
ਆਸਣੁ=ਇਸਥਤੀ ਕਰਕੇ ਚਾਉ=ਉਤਸ਼ਾਹ ਪੂਰਬਕ ਸਾਰਿਆਂ ਨੂੰ ਵੇਖ ਰਿਹਾ ਹੈ॥ ੧॥
ਸਲੋਕੁ ਮਃ ੧ ॥
ਸ਼ੇਖ ਬ੍ਰਹਮ ਨੇ ਬੇਨਤੀ ਕੀਤੀ, ਨੌਂ ਖੰਡ ਅਤੇ ਬ੍ਰਹਮੰਡ ਵਗੈਰਾ ਕਿਸ ਨੇ ਰਚਨਾ ਕੀਤੇ ਹਨ ਅਤੇ ਇਹ ਕੀ ਰੂਪ ਹਨ ? ਗੁਰ ਉੱਤਰ-
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
ਹੇ ਸੱਚੇ ਅਕਾਲ ਪੁਰਖ! ਇਹ ਨੌਂ ਖੰਡ* ਤੇਰੇ=ਆਪ ਜੀ ਦੇ ਰਚੇ ਹੋਏ ਹਨ। ਹੇ ਸੱਚੇ ਅਕਾਲ ਪੁਰਖ ! ਇਹ ਬ੍ਰਹਮੰਡ ਵੀ ਆਪ ਦੇ ਰਚੇ ਹੋਏ ਹਨ।
ਸਚੇ ਤੇਰੇ ਲੋਅ ਸਚੇ ਆਕਾਰ ॥
ਹੇ ਸੱਚੇ ਅਕਾਲ ਪੁਰਖ! ਮਾਤ, ਪਤਾਲ, ਸੁਰਗ, ਇਹ ਤਿੰਨੇ ਲੋਕ,
ਅਥਵਾ:-ਚੌਦਾਂ ਲੋਕ ਆਪ ਦੇ ਰਚੇ ਹੋਏ ਹਨ। ਹੇ ਸੱਚੇ ਅਕਾਲ ਪੁਰਖ! ਇਹ ਸਰੀਰਾਂ ਦੇ ਅਕਾਰ ਵੀ ਆਪ ਜੀ ਦੇ ਬਣਾਏ ਹੋਏ ਹਨ।
ਸਚੇ ਤੇਰੇ ਕਰਣੇ ਸਰਬ ਬੀਚਾਰ ॥
-------------------
* ਨੌਂ ਖੰਡ- ਕਿੰਪੁਰਖ, ੨ ਭਦਰਖੰਡ, ੩ ਕੇਤੁਮਾਲ, ੪ ਹਰਿਖੰਡ, ੫ ਹਿਰਣਯ, ੬ ਰਮਯ ਖੰਡ, ੭ ਕੁਸ਼ਾ ਖੰਡ ੮ ਇਲਾਬ੍ਰਤ ਖੰਡ, ੯ ਭਾਰਥ ਖੰਡ।