ਹੇ ਸੱਚੇ ਅਕਾਲ ਪੁਰਖ! ਸਾਰੇ ਵਿਚਾਰ ਕਰਨੇ ਤੇਰੇ ਆਪਣੇ ਹੀ ਬਣਾਏ ਹੋਏ ਹਨ।
ਦੂਜਾ ਪ੍ਰਸ਼ਨ ਸੀ ਕਿ ਇਹ ਖੰਡ ਬ੍ਰਹਮੰਡ ਵਗੈਰਾ ਸਾਰੇ ਕੀ ਰੂਪ ਹਨ?
ਉੱਤਰ-ਤੇਰੇ ਰਚੇ ਹੋਏ ਨੌਂ ਖੰਡ ਸੱਚੇ ਹਨ, ਬ੍ਰਹਮੰਡ ਵੀ ਉਤਪੰਨ ਕੀਤੇ ਹੋਏ ਸੱਚੇ ਹਨ। ਤੇਰੇ ਰਚੇ ਹੋਏ ਚੌਦਾਂ ਲੋਕ ਸੱਚੇ ਹਨ, ਤੇਰੇ ਬਣਾਏ ਹੋਏ ਸਰੀਰਾਂ ਦੇ ਅਕਾਰ ਭੀ ਸੱਚੇ ਹਨ। ਸਾਰਿਆਂ ਦੇ ਵਿਚਾਰ ਕਰਨੇ ਜੋ ਤੇਰੇ ਗੋਚਰੇ ਹਨ ਓਹ ਭੀ ਸੱਚੇ ਹਨ।
ਸਚਾ ਤੇਰਾ ਅਮਰੁ ਸਚਾ ਦੀਬਾਣੁ ॥
ਆਪ ਜੀ ਦਾ ਅਮਰੁ=ਰਾਸ ਸੱਚਾ ਹੈ, ਆਪ ਜੀ ਦਾ ਦੀਬਾਣੁ= ਦਰਬਾਰ ਸਤਸੰਗ ਭੀ ਸੱਚਾ ਹੈ।
ਅਥਵਾ:-ਆਪ ਦਾ ਦੀਬਾਣੁ=ਆਸਰਾ ਭੀ ਸੱਚਾ ਹੈ।
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥
ਹੇ ਅਕਾਲ ਪੁਰਖ ! ਆਪ ਦਾ ਹੁਕਮ ਸੱਚਾ ਹੈ ਅਤੇ ਆਪ ਦਾ ਫੁਰਮਾਣੁ=ਹੁਕਮਨਾਮਾ ਭੀ ਸੱਚਾ ਹੈ। (ਹੁਕਮਨਾਮਾ=ਆਗਿਆ ਪੱਤ੍ਰ ਨੂੰ ਆਖਦੇ ਹਨ ਜਿਵੇਂ ਗੁਰੂ ਸਾਹਿਬਾਨ ਦੇ ਸਮੇਂ ਸਤਿਗੁਰਾਂ ਦੇ ਹੁਕਮਨਾਮੇ=ਆਗਿਆ ਪੱਤ੍ਰ ਸਿੱਖਾਂ ਵੱਲ ਭੇਜੇ ਜਾਂਦੇ ਸਨ।)
ਅਥਵਾ-ਆਪ ਦਾ ਹੁਕਮ ਸੱਚਾ ਹੈ ਅਤੇ ਜੋ ਆਪ ਦਾ ਫੁਰਮਾਣੁ=ਹੁਕਮ ਮੰਨਣ ਵਾਲਾ ਹੈ, ਓਹ ਵੀ ਸੱਚਾ ਹੈ।
ਸਚਾ ਤੇਰਾ ਕਰਮੁ ਸਚਾ ਨੀਸਾਣੁ ॥
ਹੇ ਅਕਾਲ ਪੁਰਖ! ਆਪ ਦਾ ਕਰਮੁ=ਕਰਤੱਤ, ਵਾ ਅਨੁਗ੍ਰਹ ਭੀ ਸੱਚਾ ਹੈ ਅਤੇ ਆਪ ਦਾ ਨਾਮ ਰੂਪ ਨੀਸਾਣੁ=ਪਰਵਾਨਾ ਭੀ ਸੱਚਾ ਹੈ।
ਅਥਵਾ:-ਆਪ ਦਾ ਨੀਸਾਣੁ=ਪ੍ਰਗਟ ਹੋਣਾ ਭੀ ਸੱਚਾ ਹੈ।
ਅਥਵਾ:-ਆਪ ਦਾ ਜਸ ਰੂਪੀ ਨੀਸਾਣੁ=ਝੰਡਾ ਭੀ ਸੱਚਾ ਹੈ।
ਅਥਵਾ:-ਆਪ ਜੀ ਦੇ ਭਗਤਾਂ ਰੂਪੀ ਨੀਸਾਣੁ=ਧੌਂਸੇ ਨਗਾਰੇ ਵੀ ਸੱਚੇ ਹਨ।
ਸਚੇ ਤੁਧੁ ਆਖਹਿ ਲਖ ਕਰੋੜਿ ॥
ਹੇ ਸੱਚੇ ਅਕਾਲ ਪੁਰਖ! ਤੇਰੇ ਜਸ ਨੂੰ ਲੱਖਾਂ ਕ੍ਰੋੜਾਂ ਆਦਮੀ ਆਖ ਰਹੇ ਹਨ।
ਯਥਾ- ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ॥
(ਕਾਨੜਾ ਮ: ੫, ਪੰਨਾ ੧੩੦੧)
ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥