{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ੪੬੨}
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਆਸਾ ਮਹਲਾ ੧ ॥
ਵਾਰ ਸਲੋਕਾ ਨਾਲਿ
ਸ੍ਰੀ ਆਸਾ ਜੀ ਦੀ ਵਾਰ ਸਲੋਕ ਮਹੱਲਿਆਂ ਦੇ ਨਾਲ ਕਥਨ ਕੀਤੀ ਹੈ। ਇਤਨੇ ਅੱਖਰ ਇਸ ਲਈ ਲਿਖੇ ਹਨ ਚੂੰਕਿ ਕਈ ਵਾਰਾਂ ਸਲੋਕ ਮਹੱਲਿਆਂ ਤੋਂ ਬਿਨਾਂ ਹੈਨ।
ਸਲੋਕ ਭੀ ਮਹਲੇ ਪਹਿਲੇ ਕੇ ਲਿਖੇ
ਇਸ ਵਾਰ ਵਿਚ ਵਾਰ=ਪਉੜੀਆਂ ਸਾਰੀਆਂ ਪਹਿਲੇ ਪਾਤਿਸ਼ਾਹ ਜੀ ਦੀਆਂ ਹਨ, ਸਲੋਕ ਅਤੇ ਮਹੱਲੇ ਭੀ ਬਹੁਤੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲਿਖੇ ਹੋਏ ਹਨ।
ਟੁੰਡੇ ਅਸ ਰਾਜੈ ਕੀ ਧੁਨੀ॥
ਇਤਨੇ ਅੱਖਰ ਛੇਵੇਂ ਪਾਤਿਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਲਿਖ ਕੇ ਰਾਗੀਆਂ ਨੂੰ ਹੁਕਮ ਦਿੱਤਾ, ਜਿਵੇਂ ਟੁੰਡੇ ਅਸਰਾਜ ਦੀ ਧੁਨੀ=ਪਉੜੀ ਲਿਖੀ ਹੋਈ ਢਾਢੀ ਲੋਕ ਗਾਉਂਦੇ ਹਨ ਤਿਵੇਂ ਸ੍ਰੀ ਆਸਾ ਜੀ ਦੀ ਵਾਰ ਦੀਆਂ ਪਉੜੀਆਂ ਗਾਇਨ ਕਰਨੀਆਂ।
ਕਿਉਂਕਿ ਧੁਨਾਂ ਦੇ ਚਾੜ੍ਹਨ ਦਾ ਹੁਕਮ ਪੰਚਮ ਪਾਤਿਸ਼ਾਹ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦਿੱਤਾ ਸੀ।
(ਦੇਖੋ ਗੁਰ ਬਿਲਾਸ ਪਾ: ੬ ਕ੍ਰਿਤ ਭਾਈ ਮਨੀ ਸਿੰਘ ਜੀ ਧਿਆਇ ੪ ਪੰਨਾ ੭੭)
ਯਥਾ-ਸ੍ਰੀ ਸਤਿਗੁਰ ਦਿਖ ਲਗੋ ਦਿਵਾਨਾਂ। ਬੁੱਢੇ ਆਦਿਕ ਸਭ ਇਕ ਠਾਂਨਾ।
ਹਰਿ ਗੋਬਿੰਦ ਕੋ ਕਹਾ ਸੁਨਾਈ। ਆਗਿਆ ਮੋਰ ਸੁਨੋ ਚਿਤ ਲਾਈ।