ਹੈਂ, ਤੇਰਾ ਹੱਕ ਨਹੀਂ ਮੱਥਾ ਟੇਕਣ ਦਾ। ਮੇਰੇ ਨਾਲ ਗ੍ਰਹਿਸਤ ਵਾਲਾ ਵਿਹਾਰ ਕਰ।" ਇਹ ਸੁਣ ਕੇ ਅਸਰਾਜ ਨੇ ਕਿਹਾ-'ਇਹ ਗੱਲ ਫੇਰ ਨਾ ਕਹੀਂ, ਤੂੰ ਤਾਂ ਮੇਰੀ ਮਾਤਾ ਹੈਂ। ਰਾਣੀ ਨੇ ਆਖਿਆ- 'ਮੈਂ ਤੇਰੀ ਕੋਈ ਮਾਤਾ ਨਹੀਂ, ਮੈਂ ਤੈਨੂੰ ਆਪਣੇ ਪੇਟੋਂ ਨਹੀਂ ਜੰਮਿਆ, ਮੇਰਾ ਕਿਹਾ ਮੰਨ ਕੇ ਮੇਰੇ ਨਾਲ ਰਚ ਮਿਚ ਜਾਹ, ਨਹੀਂ ਤਾਂ ਮੈਂ ਤੇਰਾ ਬੁਰਾ ਹਾਲ ਕਰਾਵਾਂਗੀ, ਹੋ ਸਕਿਆ ਤਾਂ ਜਾਨੋਂ ਮਰਵਾ ਦਿਆਂਗੀ।" ਰਾਜ ਪੁਤ੍ਰ ਇਹ ਗੱਲਾਂ ਸੁਣ ਕੇ ਬੜੀਆਂ ਸੋਚਾਂ ਅੰਦਰ ਪੈ ਗਿਆ, ਆਖ਼ਿਰਕਾਰ ਅਸਰਾਜ ਬੜਾ ਧਰਮਾਤਮਾ ਤੇ ਅਕਲਮੰਦ ਸੀ, ਆਖਣ ਲੱਗਾ-'ਹੇ ਮਾਤਾ ! ਇਕ ਵੇਰਾਂ ਤਾਂ ਮਰਨਾ ਹੀ ਹੈ ਪਰ ਕਲੰਕਤ ਹੋ ਕੇ ਨਹੀਂ ਮਰਾਂਗਾ, ਤੂੰ ਆਪਣੇ ਖ਼ਿਆਲਾਂ ਨੂੰ ਮੋੜ ਲੈ।" ਇਤਨੀ ਗੱਲ ਆਖ ਕੇ ਅਸਰਾਜ ਝਟ ਪਟ ਬਾਹਰ ਦੌੜ ਆਇਆ।
ਪਿਛੋਂ ਰਾਣੀ ਨੇ ਰਾਜੇ ਦੇ ਆਉਣ ਦਾ ਵੇਲਾ ਜਾਣ ਕੇ ਇਹ ਚਰਿੱਤ੍ਰ ਕਰ ਲਿਆ, ਗਲ ਦੇ ਕੱਪੜੇ ਪਾੜ ਦਿੱਤੇ, ਗਹਿਣੇ ਲਾਹ ਸੁੱਟੇ, ਸਿਰ ਦੇ ਵਾਲ ਖਿਲਾਰ ਕੇ, ਪਿੰਡੇ ਤੇ ਨਹੁੰਦਰਾਂ ਮਾਰ ਕੇ ਬੁਰਾ ਭੇਸ ਬਣਾ ਕੇ ਜ਼ਮੀਨ 'ਪਰ ਲੇਟ ਗਈ। ਇਤਨੇ ਨੂੰ ਰਾਜਾ ਜੀ ਆ ਗਏ, ਆਉਂਦਿਆਂ ਸਾਰ ਇਹ ਹਾਲਤ ਵੇਖ ਕੇ ਹੈਰਾਨ ਹੋ ਗਏ, ਪੁੱਛਦੇ ਹਨ-ਹੇ ਸੁਭੱਦਰੇ ! ਤੇਰਾ ਇਹ ਹਾਲ ਕਿਸ ਕੀਤਾ ਹੈ ? ਜਲਦੀ ਦੱਸ।" ਰਾਣੀ ਬੋਲੀ, 'ਹੋਰ ਕਿਸ ਕਰਨਾ ਹੈ, ਤੇਰੇ ਨੇਕ ਪੁਤ੍ਰ ਦੀ ਕਰਤੂਤ ਹੈ, ਜਿਸ ਦੀ ਉਪਮਾ ਤੂੰ ਰੋਜ਼ ਸੁਣਾਉਂਦਾ ਹੁੰਦਾ ਸੈਂ ਜਾਂ ਇਸ ਨੂੰ ਮਰਵਾ ਦੇਹ, ਨਹੀਂ ਤਾਂ ਮੈਂ ਮਰ ਜਾਵਾਂਗੀ।
ਆਪਣੀ ਪਿਆਰੀ ਰਾਣੀ ਦੀ ਇਹ ਗੱਲ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ। ਉਸ ਵੇਲੇ ਅੰਨ੍ਹਾ ਹੋ ਗਿਆ, ਸੋਚਿਆ ਸਮਝਿਆ ਕੁਝ ਨਾ ਮੰਤਰੀ ਨੂੰ ਪਾਸ ਸਦਵਾ ਕੇ ਸਖ਼ਤ ਹੁਕਮ ਦੇ ਦਿੱਤਾ-'ਹੁਣੇ ਹੀ ਜਲਾਦਾਂ ਨੂੰ ਸਦਵਾ ਕੇ ਅਸਰਾਜ ਨੂੰ ਬਾਹਰ ਲਿਜਾ ਕੇ ਚੁਪ ਚੁਪਾਤੇ ਮਰਵਾ ਦਿਓ ਤੇ ਇਸ ਦਾ ਕੋਈ ਨਾ ਕੋਈ ਇਕ ਅੰਗ ਕੱਟ ਕੇ ਮੈਨੂੰ ਲਿਆ ਕੇ ਵਿਖਾਣਾ।"
ਰਾਜੇ ਦਾ ਹੁਕਮ ਮੰਨ ਕੇ ਜਲਾਦ ਅਸਰਾਜ ਨੂੰ ਬਾਹਰ ਲੈ ਗਏ ਪਰ ਰਾਜ ਪੁਤ੍ਰ ਦੇ ਸੋਹਣੇ ਖ਼ੂਬਸੂਰਤ ਚੇਹਰੇ ਨੂੰ ਵੇਖ ਕੇ ਮਾਰਨ ਲਈ ਕਿਸੇ ਦਾ ਹੌਂਸਲਾ ਨਾ ਪਵੇ, ਇਕ ਦੂਜੇ ਦੇ ਮੂੰਹ ਵੱਲ ਤੱਕਣ, ਬੜੇ ਸ਼ਸ਼ੋਪੰਜ ਵਿਚ ਪੈ ਗਏ। ਆਖ਼ਰਕਾਰ ਇਕ ਨੇ ਇਹ ਸਲਾਹ ਦਿੱਤੀ ਕਿ ਬਹੁਤਾ ਡਰ ਤਾਂ ਰਾਜੇ ਦਾ ਹੀ ਹੈ, ਤੁਸੀਂ ਰਾਜੇ ਦੀ ਤਸੱਲੀ ਵਾਸਤੇ ਇਸ ਦਾ ਇਕ ਹੱਥ ਵੱਢ ਕੇ ਲੈ ਜਾਓ। ਜਲਾਦਾਂ ਨੇ ਇਹ ਗੱਲ ਦਿਲ ਪਸੰਦੀ ਵਾਲੀ ਸੋਚ ਕੇ ਰਾਜ ਪੁਤ੍ਰ ਦਾ ਹੱਥ ਵੱਢ ਕੇ ਉਸ ਨੂੰ ਥੋੜ੍ਹੇ ਪਾਣੀ ਵਾਲੇ ਖੂਹ ਵਿਚ ਸੁਟ ਕੇ ਵਾਪਸ ਚਲੇ ਆਏ, ਮਹਿਲਾਂ ਵਿਚ ਰਾਜਾ ਨੂੰ ਉਹ ਹੱਥ ਕੱਟਿਆ ਵਿਖਾ ਕੇ ਤਸੱਲੀ ਕਰਵਾ ਦਿੱਤੀ ਕਿ ਠੀਕ ਅਸਰਾਜ ਨੂੰ ਮਾਰ ਆਏ ਹਾਂ।
ਜਦ ਕੁਝ ਸਮਾਂ ਲੰਘ ਗਿਆ ਤਾਂ ਇਕ ਵਣਜਾਰਿਆਂ ਦਾ ਟੋਲਾ ਆਪਣੇ ਰਾਹੇ ਰਾਹ ਤੁਰੀ ਜਾਂਦਾ ਸੀ, ਉਹਨਾਂ ਨੂੰ ਬੜੀ ਪਿਆਸ ਲੱਗੀ ਹੋਈ ਸੀ, ਤੱਕਦੇ ਤੱਕਦੇ ਉਸ ਖੂਹ 'ਤੇ ਆ ਪਹੁੰਚੇ ਜਿਸ ਵਿਚ ਅਸਰਾਜ ਪਿਆ ਸੀ।