Back ArrowLogo
Info
Profile

ਪਾਣੀ ਖਿੱਚਣ ਵਾਸਤੇ ਖੂਹ ਵਿਚ ਡੋਲ ਸੁੱਟਿਆ ਤਾਂ ਅਸਰਾਜ ਨੇ ਡੋਲ ਫੜ ਲਿਆ, ਉਪਰ ਨੂੰ ਖਿੱਚਣ, ਪਰ ਖਿੱਚਿਆ ਨਾ ਜਾਵੇ ਤਦ ਵਣਜਾਰਿਆਂ ਨੇ ਸੋਚਿਆ ਕੇਹੜੀ ਬਲਾ ਹੈ ਜਿਸ ਨੇ ਡੋਲ ਨੂੰ ਫੜ ਲਿਆ ਹੈ ? ਝਾਤੀ ਮਾਰ ਕੇ ਵੇਖਿਆ ਤਾਂ ਇਕ ਸੁੰਦਰ ਰਾਜ ਕੁਮਾਰ ਨਜ਼ਰੀਂ ਪਿਆ, ਦਿਲ ਵਿਚ ਤਰਸ ਆਇਆ, ਅਸਰਾਜ ਨੂੰ ਬਾਹਰ ਕੱਢ ਲਿਆ। ਹੱਥ ਜ਼ਖ਼ਮੀ ਹੋਇਆ ਵੇਖ ਕੇ ਪੱਟੀ ਬੰਨ੍ਹ ਕੇ ਬਲਦ ਉਪਰ ਚੜ੍ਹਾ ਕੇ ਆਪਣੇ ਨਾਲ ਲੈ ਤੁਰੇ।

ਕੁਝ ਕੁ ਰਸਤਾ ਲੰਘ ਗਏ ਤਾਂ ਰਾਹ ਵਿਚ ਇਕ ਰਾਜੇ ਦਾ ਧੋਬੀ ਰਾਜੇ ਦੇ ਕਪੜੇ ਧੋ ਰਿਹਾ ਸੀ। ਅਸਰਾਜ ਦੇ ਸੁੰਦਰ ਚੇਹਰੇ ਨੂੰ ਵੇਖ ਕੇ ਉਸ ਨੂੰ ਕਪੜੇ ਧੋਣੇ ਭੁਲ ਗਏ, ਏਸੇ ਵੱਲ ਹੀ ਤੱਕਣਾ ਸ਼ੁਰੂ ਕਰ ਦਿਤਾ। ਵਣਜਾਰਿਆਂ ਪੁਛਿਆ ਤੂੰ ਆਪਣਾ ਕੰਮ ਛੱਡ ਕੇ ਇਸ ਵੱਲ ਕਿਉਂ ਨਜ਼ਰ ਲਗਾਈ ਹੈ ? ਧੋਬੀ ਨੇ ਆਖਿਆ ਮੇਰੇ ਘਰ ਔਲਾਦ ਨਹੀਂ, ਮੈਂ ਚਾਹੁੰਦਾ ਹਾਂ ਮੇਰੇ ਘਰ ਵੀ ਲੜਕਾ ਹੋਵੇ ਤਾਂ ਵਣਜਾਰਿਆਂ ਨੇ ਅਸਰਾਜ ਨੂੰ ਮੁਲ ਵਿਚ ਵੇਚ ਦਿੱਤਾ। ਰਾਜ ਪੁਤ੍ਰ ਨੂੰ ਲੈਂਦਿਆਂ ਸਾਰ ਹੀ ਧੋਬੀ ਨੂੰ ਚਾਰ ਚੰਨ ਚੜ੍ਹ ਗਏ। ਘਰ ਲਿਆ ਕੇ ਬੜਾ ਪਿਆਰ ਕੀਤਾ ਤੇ ਦਿਲ ਦੀਆਂ ਸੱਧਰਾਂ ਪੂਰੀਆਂ ਕੀਤੀਆਂ ਅਤੇ ਆਪਣੇ ਦੁੱਖ ਸੁਖ ਦਾ ਸਾਥੀ ਸਮਝ ਕੇ, ਕੁਝ ਸਮੇਂ ਤੋਂ ਪਿਛੋਂ ਆਪਣੇ ਕੰਮ ਦੀਆਂ ਭੂਮਣਾ ਪਾਣ ਵਾਸਤੇ ਸਵੇਰ ਸਾਰ ਬਲਦ ਉਪਰ ਕੱਪੜੇ ਧਰ ਕੇ ਟਿਕਾਣਾ ਸਮਝਾ ਕੇ ਤੋਰ ਦੇਵੇ ਕਿ ਫਲਾਣੀ ਜਗ੍ਹਾਂ ਪਾਣੀ ਦੇ ਕੰਢੇ ਕਪੜੇ ਉਤਾਰ ਕੇ ਬਲਦ ਨੂੰ ਘਾਹ ਚਰਨੇ ਛੱਡ ਦੇਵੀਂ। ਅਸਰਾਜ ਨੇ ਧਰਮ ਪਿਤਾ ਦਾ ਕਹਿਣਾ ਮੰਨ ਕੇ ਰੋਜ਼ਾਨਾ ਏਸੇ ਤਰ੍ਹਾਂ ਕੰਮ ਸ਼ੁਰੂ ਕਰ ਦਿੱਤਾ ਅਤੇ-ਓਧਰ 'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥' (ਪੰਨਾ ੧੨੩੯) ਦੇ ਹੁਕਮ ਅਨੁਸਾਰ ਉਸ ਦੇਸ ਦਾ ਰਾਜਾ ਮਿਰਤੂ ਹੋ ਗਿਆ।

ਰਾਜੇ ਦੇ ਘਰ ਸੰਤਾਨ ਕੋਈ ਨਹੀਂ ਸੀ। ਮੰਤ੍ਰੀਆਂ ਨੇ ਰਾਜ ਗੱਦੀ ਪਰ ਨਵੇਂ ਆਦਮੀ ਨੂੰ ਬਿਠਾਉਣ ਲਈ ਬਹੁਤ ਵਿਚਾਰ ਕੀਤੀ। ਆਖ਼ਰ ਇਸ ਸਿੱਟੇ ਤੇ ਪਹੁੰਚੇ ਕਿ ਜੋਤਸ਼ੀਆਂ ਪਾਸੋਂ ਪੁਛ ਕੀਤੀ ਜਾਵੇ, ਕਿਉਂਕਿ ਵਜ਼ੀਰ ਆਪ ਰਾਜ ਗੱਦੀ ਉਪਰ ਨਹੀਂ ਬੈਠ ਸਕਦੇ, ਜੇ ਬੈਠਣ ਤਾਂ ਨਰਕਾਂ ਦੇ ਅਧਿਕਾਰੀ ਹੁੰਦੇ ਹਨ।

ਜੋਤਸ਼ੀਆਂ ਨੂੰ ਸੱਦ ਕੇ ਪੁਛ ਕੀਤੀ ਕਿ ਰਾਜ ਗੱਦੀ 'ਪਰ ਕਿਸ ਨੂੰ ਬਿਠਾਈਏ ? ਉਹਨਾਂ ਨੇ ਆਪਣੇ ਜੋਤਸ਼ ਅਨੁਸਾਰ ਸਲਾਹ ਦਿੱਤੀ ਕਿ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿਓ, ਅੰਮ੍ਰਿਤ ਵੇਲੇ ਜਿਸ ਦੇ ਹੱਥ ਲੱਗਣ ਨਾਲ ਜੰਦਰੇ ਸਮੇਤ ਬੂਹੇ ਖੁਲ੍ਹ ਜਾਣ, ਉਸ ਨੂੰ ਰਾਜ ਗੱਦੀ ਉਪਰ ਬਿਠਾ ਦਿਓ। ਮੰਤ੍ਰੀਆਂ ਨੇ ਉਸ ਦਿਨ ਸ਼ਾਮ ਨੂੰ ਸਭ ਦਰਵਾਜ਼ੇ ਬੰਦ ਕਰਵਾ ਦਿੱਤੇ। ਦੋ ਦੋ ਦਰਵਾਨਚੀ ਹਰ ਇਕ ਦਰਵਾਜ਼ੇ ਅੱਗੇ ਖੜੇ ਕਰਕੇ ਹੁਕਮ ਦੇ ਦਿੱਤਾ ਕਿ ਸਵੇਰ ਸਾਰ ਜਿਸ ਦੇ ਹੱਥ ਲੱਗਣ ਨਾਲ ਜੰਦਰੇ ਬੂਹੇ ਆਪੇ ਖੁਲ੍ਹ ਜਾਣ ਉਸ ਨੂੰ ਫੜ ਲੈਣਾ।

ਜਿਸ ਵੇਲੇ ਅਸਰਾਜ ਆਪਣੇ ਨੇਮ ਅਨੁਸਾਰ ਘਰੋਂ ਬਲਦ ਉੱਤੇ ਕਪੜੇ ਰਖ ਕੇ ਤੁਰ ਪਿਆ, ਅਗੋਂ ਦਰਵਾਜ਼ਾ ਬੰਦ ਵੇਖ ਕੇ ਆਪਣਾ ਟੁੰਡ ਅੱਗੇ ਵਧਾ ਕੇ ਜੰਦਰੇ ਨੂੰ ਲਾਇਆ ਤਾਂ ਜੰਦਰਾ ਤੇ ਦਰਵਾਜ਼ਾ ਦੋਵੇਂ ਖੁਲ੍ਹ ਗਏ ਦਰਵਾਨਚੀਆਂ ਨੇ ਉਸੀ ਵੇਲੇ ਫੜ ਲਿਆ।

9 / 355
Previous
Next