ਇਕ ਸਹਿ-ਰੂਪ ਹੈ ਜੋ ਜੀਵਨ ਦੇ ਵਿਕਾਸ ਤੋਂ ਪ੍ਰਭਾਵਿਤ ਵੀ ਹੁੰਦਾ ਹੈ ਤੇ ਉਸਨੂੰ ਪ੍ਰਭਾਵਿਤ ਕਰਨ ਦੇ ਦੁਵੱਲੇ ਸੰਬੰਧਾਂ ਨਾਲ ਜੁੜਿਆ ਹੁੰਦਾ ਹੈ। ਇਸ ਲਈ ਦਰਸ਼ਨ ਦੀ ਉਤਪਤੀ ਕਿਸੇ ਵਿਸ਼ੇਸ਼ ਸਮਾਜ ਦੀਆਂ ਕਿਰਤ ਸੰਬੰਧੀ ਗਤੀਵਿਧੀਆਂ ਅਤੇ ਉਨ੍ਹਾਂ ਦੀ ਰਾਜਨੀਤਿਕ ਭਾਗੀਦਾਰੀ ਤੋਂ ਪ੍ਰਭਾਵਿਤ ਹੁੰਦੀ ਹੈ। ਮਾਰਕਸ ਕਹਿੰਦਾ ਹੈ ਕਿ 'ਦਾਰਸ਼ਨਿਕ ਵਿਸ਼ਲੇਸ਼ਣ ਲਈ ਵਧੇਰੇ ਦਲੇਰ ਅਤੇ ਸੁਤੰਤਰ ਮਨ ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਹਨ।6
ਇਸ ਪ੍ਰਸੰਗ ਵਿਚ ਦੇਖਿਆ ਜਾਵੇ ਤਾਂ ਇਹ ਵਿਸ਼ੇਸ਼ ਸਮਾਜਕ ਅਤੇ ਆਰਥਕ ਹਾਲਾਤ ਹੀ ਸਨ ਜਿਨ੍ਹਾਂ ਦੇ ਸਿੱਟੇ ਵਜੋਂ ਪੂਰਬ ਵਿਚ ਭਾਰਤ ਅਤੇ ਚੀਨ ਅਤੇ ਪੱਛਮ ਵਿਚ ਯੂਨਾਨ ਵਿਚ ਲਗਭਗ ਇੱਕੋ ਸਮੇਂ ਚਿੰਤਨ-ਸਰਗਰਮੀਆਂ ਆਰੰਭ ਹੋਈਆਂ। ਥੋੜ੍ਹੇ ਜਿਹੇ ਸਥਾਨਕ ਸੱਭਿਆਚਾਰ ਦਾ ਫਰਕ ਛੱਡ ਕੇ ਪੂਰਬ ਤੇ ਪੱਛਮ ਵਿਚ ਦਾਰਸ਼ਨਿਕਾਂ ਦੇ ਫ਼ਿਕਰ ਦੇ ਸਵਾਲ ਲਗਭਗ ਉਹੀ ਸਨ। ਮਨੁੱਖ ਦੇ ਕੁਦਰਤ ਨਾਲ ਸੰਬੰਧ ਤੇ ਇਸ ਬ੍ਰਹਿਮੰਡ ਦੀ ਚਾਲਕ ਸ਼ਕਤੀ ਸੰਬੰਧੀ ਜਗਿਆਸਾ ਇਨ੍ਹਾਂ ਸਵਾਲਾਂ ਦੇ ਕੇਂਦਰ ਵਿਚ ਸੀ। ਜਿਵੇਂ ਸ੍ਰਿਸ਼ਟੀ ਕੀ ਹੈ? ਦੁਨੀਆਂ ਕਿਵੇਂ ਬਣੀ? ਚੰਦ, ਸੂਰਜ, ਸਿਤਾਰੇ ਕੀ ਹਨ? ਮਨੁੱਖ ਦੀ ਹੋਂਦ ਕੀ ਹੈ? ਕੁਦਰਤ ਦੀ ਚਾਲਕ ਸ਼ਕਤੀ ਕੌਣ ਹੈ? ਮਨੁੱਖੀ ਜੀਵਨ ਦਾ ਉਦੇਸ਼ ਕੀ ਹੈ? ਮੌਤ ਕੀ ਹੈ? ਆਤਮਾ ਤੇ ਜੀਵਾਤਮਾ ਦੇ ਆਪਸੀ ਸੰਬੰਧ ਕੀ ਹਨ? ਅਤੇ ਮਨੁੱਖ ਕਿਹੜੇ ਕਾਰਜਾਂ ਨਾਲ ਆਪਣੀ ਤੇ ਸਮਾਜ ਦੀ ਬਿਹਤਰੀ ਕਰ ਸਕਦਾ ਹੈ? ਥੋੜ੍ਹੇ-ਬਹੁਤੇ ਫ਼ਰਕ ਨਾਲ ਇਹ ਸਾਰੇ ਸਵਾਲ ਭਾਰਤ, ਚੀਨ ਅਤੇ ਯੂਨਾਨ ਦੀਆਂ ਮੁੱਢਲੀਆਂ ਚਿੰਤਨ-ਸਰਗਰਮੀਆਂ ਦੇ ਭਾਰੂ ਫ਼ਿਕਰ ਰਹੇ ਹਨ। ਭਾਰਤ ਵਿਚ ਫ਼ਲਸਫ਼ੇ ਲਈ ਸ਼ਬਦ 'ਦਰਸ਼ਨ' ਵਰਤਿਆ ਗਿਆ, ਜਿਸਦੇ ਅਰਥ ਹੀ ਦੇਖਣਾ ਹੁੰਦੇ ਹਨ। ਕੇਵਲ ਬਾਹਰੀ ਅੱਖਾਂ ਨਾਲ ਦੇਖਣਾ ਨਹੀਂ ਬਲਕਿ ਅੰਤ੍ਰੀਵ ਸੋਝੀ ਨਾਲ ਦੇਖਣਾ ਹੀ ਦਰਸ਼ਨ ਹੈ। ਮਨੁੱਖ ਜਿਸ ਬ੍ਰਹਿਮੰਡ ਦਾ ਹਿੱਸਾ ਹੈ, ਉਸ ਨਾਲ ਮਨੁੱਖੀ ਸੰਬੰਧਾਂ ਨੂੰ ਸਮਝਣਾ ਦਰਸ਼ਨ ਦੇ ਸੰਕਲਪ ਵਜੋਂ ਲਏ ਜਾ ਸਕਦੇ ਹਨ। ਇੱਥੇ ਇਹ ਯਾਦ ਰੱਖਣ ਦੀ ਲੋੜ ਵੀ ਹੈ ਕਿ ਦਰਸ਼ਨ ਮਨੁੱਖ ਦੇ ਬਾਹਰੀ ਸੰਸਾਰ ਬਾਰੇ ਕੁਝ ਵਿਚਾਰਾਂ ਦਾ ਠੁੱਲ੍ਹਾ ਸੰਗ੍ਰਹਿ ਨਹੀਂ ਬਲਕਿ ਇਨ੍ਹਾਂ ਵਿਚਾਰਾਂ ਦੇ ਮੁੜਵੇਂ ਪ੍ਰਭਾਵ ਵਜੋਂ ਮਨੁੱਖੀ ਵਿਹਾਰ ਅਤੇ ਬੌਧਿਕ ਸਰਗਰਮੀ ਨੂੰ ਨਿਰਧਾਰਤ ਕਰਨ ਦੀ ਕਿਰਿਆ ਵੀ ਦਰਸ਼ਨ ਦਾ ਰੂਪ ਹੈ। ਫ਼ਲਸਫ਼ਾ ਭਾਵੇਂ ਓਪਰੀ ਨਜ਼ਰੇ ਵਿਗਿਆਨ ਜਾਪਦਾ ਹੈ ਤੇ ਇਹ ਵਿਗਿਆਨ ਹੈ ਵੀ, ਪਰ ਇਹ ਵਿਗਿਆਨ ਕੁਦਰਤ, ਸਮਾਜ ਅਤੇ ਮਨੁੱਖੀ ਚਿੰਤਨ ਦੇ ਸਾਧਾਰਣ ਨੇਮਾਂ ਦੀ ਪੜਤਾਲ ਕਰਦਾ ਹੈ। ਇਸ ਦੇ ਬੋਧਾਤਮਕ, ਸਮਾਜਕ ਅਤੇ ਵਿਚਾਰਧਾਰਕ ਮੰਤਵ ਨੂੰ ਸਮਝ ਕੇ ਹੀ ਮਨੁੱਖੀ ਸਭਿਅਤਾ ਦੇ ਇਤਿਹਾਸਕ ਵਿਕਾਸ ਵਿਚ ਦਰਸ਼ਨ ਦੇ ਮਹੱਤਵ ਨੂੰ ਉਲੀਕਿਆ ਜਾ ਸਕਦਾ ਹੈ।