ਦੇ ਜਵਾਬ ਲੱਭਣ ਦੀ ਚਿੰਤਨੀ ਮੁਸ਼ੱਕਤ ਹੋ ਚੁੱਕੀ ਸੀ। ਸ੍ਰਿਸ਼ਟੀ, ਕੁਦਰਤ ਅਤੇ ਮਨੁੱਖੀ ਹੋਂਦ ਵਿਚਕਾਰ ਸਾਂਝ ਦੇ ਸਵਾਲਾਂ ਨੂੰ ਸੰਬੋਧਿਤ ਹੁੰਦਿਆਂ ਤਤਕਾਲੀ ਦਰਸ਼ਨ ਨੇ ਬਹੁਤ ਸਾਰੇ ਸਿੱਟੇ ਪੇਸ਼ ਕੀਤੇ ਜਿਹੜੇ ਗਿਆਨ-ਵਿਗਿਆਨ ਦੀਆਂ ਬਹਿਸਾਂ ਵਿਚ ਸ਼ਾਮਿਲ ਹੁੰਦੇ ਹੋਏ ਜਨ-ਬੋਧ ਦੀ ਸੂਝ ਦਾ ਹਿੱਸਾ ਬਣ ਚੁੱਕੇ ਹਨ। ਯੂਨਾਨੀ ਦਰਸ਼ਨ ਵਿਚ ਵੀ ਆਦਰਸ਼ਵਾਦੀ ਬਿਰਤੀ ਮੁੱਢਲੇ ਦੌਰ ਵਿਚ ਭਾਰੂ ਨਜ਼ਰ ਆਉਂਦੀ ਹੈ। ਧਰਮ ਅਤੇ ਅਧਿਆਤਮਕ ਵਿਚਾਰਾਂ ਦਾ ਪ੍ਰਭਾਵ ਅਤੇ ਮਨੁੱਖੀ ਵਿਕਾਸ ਨੂੰ ਕਿਸੇ ਦੈਵੀ-ਉਦੇਸ਼ ਨਾਲ ਜੋੜ ਕੇ ਮੁੱਢਲੇ ਯੂਨਾਨੀ ਦਾਰਸ਼ਨਿਕਾਂ ਨੇ ਪਰਾਲੌਕਿਕ ਵਿਚਾਰ ਸਿਰਜੇ। ਯੂਨਾਨੀ ਦਰਸ਼ਨ ਦੀ ਲੰਮੇਰੀ ਇਤਿਹਾਸ ਯਾਤਰਾ ਦੇ ਤਿੰਨ ਪ੍ਰਮੁੱਖ ਇਤਿਹਾਸਕ ਪੜਾਅ ਮਿੱਥ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਇਹ ਪੜਾਅ ਹਨ:
(i) ਪਹਿਲਾ ਪੜਾਅ : 600 ਈ. ਪੂ. ਤੋਂ 450 ਈ. ਪੂ. ਤੱਕ, ਇਸ ਪੜਾਅ ਵਿਚ ਸ੍ਰਿਸ਼ਟੀ, ਕੁਦਰਤ ਅਤੇ ਧਰਤੀ ਦੀ ਹੋਂਦ ਬਾਰੇ ਮੂਲ ਸੁਆਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਹੋਈ।
(ii) ਦੂਸਰਾ ਪੜਾਅ : 450 ਈ. ਪੂ. ਤੋਂ 400 ਈ. ਪੂ. ਤੱਕ, ਇਸ ਦੌਰ ਦੇ ਦਾਰਸ਼ਨਿਕ ਚਿੰਤਨ ਦੇ ਕੇਂਦਰ ਵਿਚ ਸਮਾਜ ਅਤੇ ਮਨੁੱਖ ਆ ਜਾਂਦਾ ਹੈ। ਮਨੁੱਖੀ ਹੋਂਦ ਦੀ ਪ੍ਰਕਿਰਤੀ ਅਤੇ ਉਦੇਸ਼ ਬਾਰੇ ਭਰਪੂਰ ਚਿੰਤਨ ਇਸ ਦੌਰ ਦੀ ਖਾਸੀਅਤ ਹੈ।
(iii) ਤੀਸਰਾ ਪੜਾਅ : 400 ਈ. ਪੂ. ਤੋਂ ਲੈ ਕੇ 322 ਈ. ਪੂ. ਤੱਕ, ਇਹ ਪੜਾਅ ਆਪਣੇ ਤੋਂ ਪੂਰਬਲੀਆਂ ਦਾਰਸ਼ਨਿਕ ਲੱਭਤਾਂ ਨੂੰ ਆਧਾਰ ਬਣਾ ਕੇ ਯੂਨਾਨੀ ਦਰਸ਼ਨ ਦਾ ਵਿਗਿਆਨ ਅਤੇ ਤਾਰਕਿਕ ਸਰੂਪ ਪੇਸ਼ ਕਰਦਾ ਹੈ।
ਯੂਨਾਨੀ ਦਰਸ਼ਨ ਵਿੱਚ ਸਿਰਫ਼ ਆਦਰਸ਼ਵਾਦੀ ਰੁਚੀ ਦੀ ਪ੍ਰਧਾਨਤਾ ਹੋਵੇ ਅਜਿਹਾ ਹਰਗਿਜ਼ ਨਹੀਂ ਹੈ। ਏਂਗਲਜ਼ ਨੇ ਯੂਨਾਨੀ ਦਰਸ਼ਨ ਦੇ ਪਦਾਰਥਵਾਦੀ ਅੰਸ਼ਾਂ 'ਤੇ ਝਾਤ ਪਾਉਂਦਿਆਂ ਵਿਸ਼ਵ ਦੇ ਪਦਾਰਥਵਾਦੀ ਦ੍ਰਿਸ਼ਟੀਕੋਣ ਅਤੇ ਪਦਾਰਥਵਾਦੀ ਜੀਵਨ ਦ੍ਰਿਸ਼ਟੀਕੋਣ ਦੀਆਂ ਜੜ੍ਹਾਂ ਦੀ ਸ਼ਨਾਖ਼ਤ ਕੀਤੀ। ਉਸ ਅਨੁਸਾਰ, "ਯੂਨਾਨੀ-ਦਰਸ਼ਨ ਸ਼ਾਸਤਰ ਦੇ ਅਨੇਕ ਰੂਪ ਵਿਸ਼ਵ-ਦ੍ਰਿਸ਼ਟੀ ਦੇ ਸਾਰੇ ਬਾਅਦ ਵਾਲੇ ਰੂਪਾਂ ਨੂੰ ਬੀਜ ਰੂਪ ਵਿਚ ਆਪਣੇ ਗਰਭ ਵਿਚ ਸਮੋਈ ਰੱਖਦੇ ਹਨ। ਇਸ ਲਈ ਸਿਧਾਂਤਕ ਕੁਦਰਤੀ ਵਿਗਿਆਨ ਨੂੰ ਵੀ ਆਪਣੇ ਅਜੋਕੇ ਸਾਧਾਰਣ ਸਿਧਾਂਤਾਂ ਦੇ ਆਰੰਭ ਤੇ ਵਿਕਾਸ ਦੇ ਇਤਿਹਾਸ ਦੀ ਤਲਾਸ਼ ਵਿਚ ਮਜਬੂਰਨ ਯੂਨਾਨੀਆਂ ਤੱਕ ਜਾਣਾ ਪੈਂਦਾ ਹੈ।2
ਇੰਜ ਅਸੀਂ ਦੇਖਦੇ ਹਾਂ ਕਿ ਸੁਕਰਾਤ ਤੋਂ ਪੂਰਬਲੇ ਯੁਗ ਤੱਕ ਯੂਨਾਨੀ ਦਰਸ਼ਨ ਦਾ ਚਿਹਰਾ-ਮੁਹਰਾ ਬਣ ਚੁੱਕਾ ਸੀ। ਪਦਾਰਥਕ ਵਿਕਾਸ ਨੇ ਯੂਨਾਨੀ ਸਮਾਜ ਨੂੰ ਵਿਚਾਰ ਦੀ ਉਸ ਵਿਕਸਿਤ ਸਥਿਤੀ ਤੱਕ ਪਹੁੰਚਾ ਦਿੱਤਾ ਸੀ ਜਿੱਥੋਂ ਉਹ ਘਟਨਾਵਾਂ ਪਿੱਛੇ ਕਾਰਜਸ਼ੀਲ ਵਰਤਾਰਿਆਂ ਬਾਰੇ ਜਾਨਣਾ ਚਾਹੁੰਦਾ ਸੀ।