ਆਧਾਰ ਬਣਾ ਕੇ ਇਕ ਮੁਬਹਿਸੇ ਦਾ ਹਿੱਸਾ ਬਣਨ ਦੀ ਰੁਚੀ ਹੀ ਹੁੰਦੀ ਹੈ। ਸੁਕਰਾਤ ਤੋਂ ਪੂਰਬਲੇ ਚਿੰਤਨ ਵਿਚ ਅਜਿਹੇ ਬਹੁਤ ਸਾਰੇ ਨਾਮ ਹਨ ਜਿਨ੍ਹਾਂ ਦੀਆਂ ਧਾਰਨਾਵਾਂ ਦਾ ਸੰਬਾਦੀ ਰੂਪ ਜਾਂ ਉਨ੍ਹਾਂ ਦੀਆਂ ਧਾਰਨਾਵਾਂ ਨਾਲ ਸੰਬਾਦ ਅੱਗੇ ਤੁਰਦਾ ਹੈ। ਅਜਿਹੇ ਚਿੰਤਕਾਂ ਦੀ ਗਿਣਤੀ ਵੀ ਘੱਟ ਨਹੀਂ ਜਿਹੜੇ ਗਿਆਨ ਦੇ ਨਾਲ-ਨਾਲ ਗਿਆਨ ਦੀ ਪ੍ਰਕਿਰਤੀ ਅਤੇ ਪ੍ਰਕਾਰਜ ਬਾਰੇ ਵੀ ਆਪਣੇ ਚਿੰਤਨ ਰਾਹੀਂ ਗਹਿਨ ਸੰਬਾਦ ਛੇੜਦੇ ਹਨ। ਇਨ੍ਹਾਂ ਚਿੰਤਕਾਂ ਵਿਰੋਧ ਅਤੇ ਸਮਾਨਤਾ ਨੂੰ ਆਧਾਰ ਬਣਾ ਕੇ ਯੂਨਾਨੀ ਦਰਸ਼ਨ ਦੇ ਇਤਿਹਾਸ ਨੂੰ ਕੁਝ ਸਕੂਲਾਂ/ਚਿੰਤਨ ਧਾਰਾਵਾਂ ਵਿਚ ਵੰਡੇ ਜਾ ਸਕਣ ਦੀ ਗੁੰਜਾਇਸ਼ ਹੈ।
ਆਇਓਨਿਕ ਜਾਂ ਮਾਈਲੇਸ਼ੀਅਨ ਦਾਰਸ਼ਨਿਕ ਸੰਪ੍ਰਦਾਇ : ਆਇਓਨਿਕ ਦਰਸ਼ਨ ਉਨ੍ਹਾਂ ਦਾਰਸ਼ਨਿਕਾਂ ਦੀਆਂ ਧਾਰਨਾਵਾਂ ਦਾ ਸੰਗ੍ਰਹਿ ਹੈ ਜੋ ਸੱਤਵੀਂ ਸਦੀ ਈ. ਪੂ. ਵਿਚ ਏਸ਼ੀਆ ਮਾਈਨਰ ਦੇ ਪੱਛਮੀ ਸਮੁੰਦਰੀ ਕਿਨਾਰਿਆਂ ਦੇ ਕਬੀਲਿਆਂ ਵਿਚ ਹੋਂਦ 'ਚ ਆਏ। ਇਨ੍ਹਾਂ ਚਿੰਤਕਾਂ ਦਾ ਮੂਲ ਭਾਵੇਂ ਕਬੀਲਾਈ ਵਿਚਾਰ ਸਨ ਪਰ ਦੂਜੀਆਂ ਸਭਿਅਤਾਵਾਂ ਦੇ ਸੰਪਰਕ ਵਿਚ ਆ ਕੇ ਇਨ੍ਹਾਂ ਆਪਣਾ ਚਿੰਤਨ ਵਿਕਸਿਤ ਕੀਤਾ। ਇਨ੍ਹਾਂ ਚਿੰਤਕਾਂ ਦੇ ਦਰਸ਼ਨ ਉੱਪਰ ਪੂਰਬੀ ਚਿੰਤਨ ਦੀ ਗਹਿਰੀ ਛਾਪ ਦਿਸਦੀ ਹੈ। ਆਇਓਨੀਆ ਉਸ ਸਮੇਂ ਸਭਿਆਚਾਰ ਅਤੇ ਆਰਥਕ ਪੱਖੋਂ ਯੂਨਾਨੀ ਖੇਤਰ ਦਾ ਸਭ ਤੋਂ ਵਿਕਸਤ ਇਲਾਕਾ ਸੀ। ਰਾਠਸ਼ਾਹੀ ਅਤੇ ਲੋਕਤੰਤਰੀ ਤਾਕਤਾਂ ਵਿਚਕਾਰ ਲਗਾਤਾਰ ਲੰਮੇ ਸੰਘਰਸ਼ ਅਤੇ ਬਾਹਰੀ ਹਮਲਾਵਰਾਂ ਨਾਲ ਆਏ ਵਿਦਵਾਨਾਂ ਦੇ ਪ੍ਰਭਾਵਵੱਸ ਆਇਓਨੀਆ ਵਿਚ ਚਿੰਤਨ ਲਈ ਜ਼ਮੀਨ ਤਿਆਰ ਹੋਈ। ਇਸ ਇਲਾਕੇ ਨੂੰ ਮਾਈਲੇਟਸ ਵੀ ਕਿਹਾ ਜਾਂਦਾ ਸੀ ਜਿਸ ਵਜ੍ਹਾ ਨਾਲ ਇਸ ਖੇਤਰ ਦੇ ਚਿੰਤਕਾਂ ਨੂੰ ਮਾਈਲੇਸ਼ੀਅਨ ਸੰਪ੍ਰਦਾਇ ਵਜੋਂ ਯਾਦ ਕੀਤਾ ਜਾਂਦਾ ਹੈ।
ਆਇਓਨਿਕ ਦਰਸ਼ਨ ਨੇ ਯੂਨਾਨ ਦੇ ਰਾਜਾਂ ਵਿਚ ਪ੍ਰਚਲਿਤ ਮਿੱਥ-ਕਥਾਵਾਂ ਨਾਲ ਸੰਬੰਧਿਤ ਮਿਲਦੀਆਂ-ਜੁਲਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਦੀ ਪਹਿਲ ਕੀਤੀ। ਇਨ੍ਹਾਂ ਚਿੰਤਕਾਂ ਨੇ ਦਿਸਦੀਆਂ ਚੀਜ਼ਾਂ ਦੇ ਤੱਤਾਂ ਨੂੰ ਜਾਨਣ ਦੀ ਕੋਸ਼ਿਸ਼ ਵਿਚ ਆਪਣੇ ਦਰਸ਼ਨ ਨੂੰ ਵਿਉਂਤਿਆ। ਮਨੁੱਖੀ ਹੋਂਦ ਦੇ ਤੱਤਾਂ ਤੋਂ ਲੈ ਕੇ ਇਸ ਸ੍ਰਿਸ਼ਟੀ ਅਤੇ ਕੁਦਰਤ ਦੇ ਤੱਤਾਂ ਦੀ ਪੜਚੋਲ ਅਤੇ ਉਨ੍ਹਾਂ ਵਿਚ ਆਪਸੀ ਸੰਬੰਧਾਂ ਦੀ ਤਲਾਸ਼ ਕਾਰਨ ਹੀ ਇਨ੍ਹਾਂ ਚਿੰਤਕਾਂ ਦੀ ਵਿਧੀ ਨੂੰ ਤੱਤਵਾਦੀ ਵੀ ਕਿਹਾ ਗਿਆ। ਇਸ ਦਰਸ਼ਨ ਸੰਪ੍ਰਦਾਇ ਨੇ ਯੂਨਾਨੀ ਦਰਸ਼ਨ ਪ੍ਰੰਪਰਾ ਅਤੇ ਉਸ ਨਾਲ