ਪਹਿਲਾਂ ਪਦਾਰਥ, ਕੁਦਰਤ, ਮਨੁੱਖ ਅਤੇ ਪਰਮ-ਸੱਤਾ ਸਭ ਨੂੰ ਇੱਕੋ ਤੱਤ ਤੋਂ ਪੈਦਾ ਹੋਏ ਗਿਣਿਆ ਜਾਂਦਾ ਸੀ। ਇਸ ਸੰਬੰਧ ਵਿਚ ਅਰਸਤੂ ਨੇ ਆਇਓਨਿਕ ਚਿੰਤਕ ਬਾਰੇ ਕਿਹਾ, "ਪਹਿਲੇ ਦਾਰਸ਼ਨਿਕਾਂ ਤੋਂ ਉਲਟ ਬਹੁਤੇ ਆਇਓਨਿਕ ਦਾਰਸ਼ਨਿਕ ਇਹੀ ਸੋਚਦੇ ਸਨ ਕਿ ਮਾਦੇ (ਪਦਾਰਥ) ਦੀ ਪ੍ਰਕਿਰਤੀ ਹੀ ਇਕ ਸਾਂਝਾ ਸਿਧਾਂਤ ਹੈ ਜੋ ਸਾਰੀਆਂ ਚੀਜ਼ਾਂ ਵਿਚ ਵਿਦਮਾਨ ਹੈ। ਇਸ ਤੋਂ ਬਿਨਾਂ ਇਹ ਵੀ ਅਹਿਮ ਹੈ ਕਿ ਹਰ ਚੀਜ਼ ਕਿੱਥੋਂ ਆਉਂਦੀ ਹੈ ਤੇ ਕਿੱਥੇ ਜਾਂਦੀ ਹੈ। ਪਦਾਰਥ ਰਹਿੰਦਾ ਹੈ ਪਰ ਇਸ ਦਾ ਰੂਪ ਬਦਲਦਾ ਹੈ। ਇਸ ਨੂੰ ਉਨ੍ਹਾਂ ਨੇ ਤੱਤ ਕਿਹਾ ਜੋ ਚੀਜ਼ਾਂ ਦਾ ਮੂਲ ਸਿਧਾਂਤ ਸੀ ਕਿ ਨਾ ਕੁਝ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ।" ਆਇਓਨਿਕ ਚਿੰਤਕਾਂ ਨੇ ਬਹੁਤ ਉੱਚੀ ਸੁਰ ਵਿਚ ਦੇਵਤਿਆਂ ਦੇ ਰਵਾਇਤੀ ਵਿਚਾਰਾਂ ਤੋਂ ਬਗਾਵਤ ਕੀਤੀ ਤੇ ਦੇਵਤਿਆਂ ਨੂੰ ਕੁਦਰਤ ਦੇ ਤੱਤ ਕਿਹਾ ਜੋ ਭੌਤਿਕ ਸੰਸਾਰ ਨਾਲ ਸੰਬੰਧਿਤ ਹਨ।
ਥੇਲਜ਼ ਇਸ ਦਾਰਸ਼ਨਿਕ ਸੰਪ੍ਰਦਾਇ ਦਾ ਮੋਢੀ ਚਿੰਤਕ ਸੀ। ਉਸਨੇ ਦਰਸ਼ਨ ਨੂੰ ਮਿੱਥ ਕਥਾਵਾਂ ਤੋਂ ਅੱਗੇ ਲਿਜਾ ਕੇ ਬੌਧਿਕ ਸੰਵਾਦ ਵਿੱਚ ਢਾਲਿਆ। ਉਹ ਅਸਲ ਵਿਚ ਵਿਗਿਆਨੀ ਸੀ। ਗਣਿਤ-ਸ਼ਾਸਤਰੀ, ਤਾਰਾ ਵਿਗਿਆਨੀ, ਜੋਤਿਸ਼-ਵਿਗਿਆਨ ਦਾ ਮਾਹਿਰ ਅਤੇ ਸੂਰਜ-ਮੰਡਲ ਬਾਰੇ ਕਈ ਕਾਢਾਂ ਕੱਢਣ ਵਾਲਾ ਇਹ ਮਹਾਨ ਵਿਦਵਾਨ 624 ਈ. ਪੂ. ਤੋਂ 550 ਈ. ਪੂ. ਤੱਕ ਜੀਵਿਆ। ਉਸਨੇ ਹਵਾਵਾਂ, ਬੱਦਲਾਂ ਅਤੇ ਰੁੱਤਾਂ ਦਾ ਅਧਿਐਨ ਕਰਕੇ ਉਨ੍ਹਾਂ ਬਾਰੇ ਪਹਿਲਾਂ ਹੀ ਸੂਚਿਤ ਕੀਤਾ। 28 ਮਈ 585 ਈ. ਪੂ. ਦੇ ਪ੍ਰਸਿੱਧ ਸੂਰਜ ਗ੍ਰਹਿਣ ਦੀ ਭਵਿੱਖ ਬਾਣੀ ਕਰਨ ਕਰਕੇ ਲੋਕਾਂ ਉਸਨੂੰ ਸੰਤ ਦਾ ਦਰਜਾ ਦਿੱਤਾ। ਯੂਨਾਨੀ ਮਾਨਤਾਵਾਂ ਅਨੁਸਾਰ 365 ਦਿਨਾਂ ਦਾ ਸਾਲ ਵੀ ਥੇਲਜ਼ ਨੇ ਹੀ ਨਿਸ਼ਚਿਤ ਕੀਤਾ। ਬੇਲਜ ਨੇ ਨੀਲ ਨਦੀ ਦੇ ਪਾਣੀਆਂ ਦੇ ਉਤਰਾਅ-ਚੜਾਅ ਦੇ ਆਧਾਰ 'ਤੇ ਸਮੁੰਦਰੀ ਯਾਤਰਾ ਬਾਰੇ ਵੀ ਅਗਾਉਂ ਜਾਣਕਾਰੀਆਂ ਦਿੱਤੀਆਂ। ਗਣਿਤ ਵਿਗਿਆਨ ਬਾਰੇ ਜਾਨਣ ਲਈ ਉਸਨੇ ਮਿਸਰ ਦਾ ਦੌਰਾ ਕੀਤਾ ਅਤੇ ਮਾਈਲੇਟਸ ਵਿਚ ਵੀ ਯੂਨਾਨ, ਫਾਰਸ, ਮਿਸਰ ਤੇ ਦੂਰ ਪੂਰਬ ਦੇ ਵਪਾਰੀਆਂ ਨਾਲ ਮੇਲ-ਜੋਲ ਰੱਖ ਕੇ ਉਨ੍ਹਾਂ ਕੋਲੋਂ ਦਾਰਸ਼ਨਿਕ ਵਿਧੀਆਂ ਸਿੱਖੀਆਂ। ਉਸਨੇ ਸਮੁੱਚੀ ਸ੍ਰਿਸ਼ਟੀ ਨੂੰ ਪਾਣੀ ਤੋਂ ਨਿਰਮਿਤ ਕਿਹਾ ਤੇ ਅਰਸਤੂ ਦੀ ਵਿਆਖਿਆ ਮੁਤਾਬਕ ਧਰਤੀ ਦੇ ਇਕ ਤਸ਼ਤਰੀ ਵਾਂਗ ਪਾਣੀ ਤੇ ਤਰਦੀ ਹੋਣ ਦਾ ਸਿਧਾਂਤ ਵੀ ਥੇਲਜ਼ ਨੇ ਹੀ ਦਿੱਤਾ। ਥੇਲਜ਼ ਨੇ ਬਹੁਤ ਸਾਰੇ ਸਵਾਲ ਉਠਾਏ ਤੇ ਇਨ੍ਹਾਂ ਦੇ ਜਵਾਬ ਲੱਭਣ ਲਈ ਇਕ ਤਾਰਕਿਕ ਆਧਾਰ ਆਪਣੇ ਅਗਲੇਰੇ ਦਾਰਸ਼ਨਿਕਾਂ ਨੂੰ ਦਿੱਤਾ।
ਅਨੈਕਸੀਮੈਂਡਰ 611 ਈ. ਪੂ. ਨੂੰ ਪੈਦਾ ਹੋਇਆ ਅਤੇ 547 ਈ. ਪੂ. ਵਿਚ