

***
ਅਧਿਆਇ ਚੌਥਾ
ਮੁਕੱਦਮਾ ਤੇ ਮੌਤ
ਸੁਕਰਾਤ ਦੇ ਜੀਵਨ ਦੇ ਆਖਰੀ ਸਾਲ ਅਜਿਹਾ ਦੌਰ ਹੈ ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਇਸ ਘਟਨਾ ਦਾ ਨਾ ਸਿਰਫ਼ ਉਸਦੇ ਜੀਵਨੀ ਲੇਖਕਾਂ ਨੇ ਵਰਣਨ ਕੀਤਾ ਬਲਕਿ ਏਥਨਜ਼ ਦੇ ਰਾਜ ਸੰਬੰਧੀ ਰਿਕਾਰਡਾਂ ਵਿਚ ਵੀ ਇਹ ਘਟਨਾ ਦਰਜ ਹੈ। ਉਸਦੇ ਜੀਵਨ ਦਾ ਆਖ਼ਰੀ ਹਿੱਸਾ ਹੀ ਸਭ ਤੋਂ ਵੱਧ ਪ੍ਰਮਾਣਿਕ ਹੈ। ਉਹ ਦੁਨੀਆ ਦੇ ਵਿਰਲੇ-ਟਾਵੇਂ ਅਜਿਹੇ ਵਿਦਵਾਨਾਂ ਵਿੱਚੋਂ ਹੈ ਜਿਸਨੂੰ ਉਸਦੇ ਵਿਚਾਰਾਂ ਲਈ ਕੈਦ ਕਰਕੇ ਨਾ ਸਿਰਫ਼ ਮੁਕੱਦਮਾ ਚਲਾਇਆ ਗਿਆ ਸਗੋਂ ਉਨ੍ਹਾਂ ਵਿਚਾਰਾਂ ਦੇ ਫੈਲਾਅ ਬਦਲੇ ਮੌਤ ਦੀ ਸਜ਼ਾ ਵੀ ਦਿੱਤੀ ਗਈ।ਸੁਕਰਾਤ ਦੇ ਦਾਰਸ਼ਨਿਕ ਵਾਦ-ਵਿਵਾਦ ਉਸਦੇ ਜੀਵਨ ਦੇ ਦੌਰਾਨ ਹੀ ਬਹੁਤ ਮਕਬੂਲ ਹੋ ਗਏ ਸਨ। ਵੱਡੀ ਪੱਧਰ 'ਤੇ ਏਥਨਜ਼ ਦੇ ਨੌਜਵਾਨ ਉਸ ਕੋਲ ਆਉਂਦੇ ਤੇ ਆਪਣੇ ਗਿਆਨ ਨੂੰ ਸੰਵਾਦ ਦੀ ਸਾਣ 'ਤੇ ਲਾ ਕੇ ਤਿੱਖਾ ਕਰਦੇ। ਸੁਕਰਾਤ ਦੀ ਸਾਧਾਰਣ ਜਿਹੀ ਦਿਸਦੀ ਕਾਇਆ ਨੌਜਵਾਨਾਂ ਉੱਪਰ ਜਾਦੂ ਧੂੜ ਦਿੰਦੀ। ਉਹ ਉਸਦੇ ਆਕਰਸ਼ਣ ਵਿਚ ਬੱਝੇ ਮਹਿਸੂਸ ਕਰਦੇ। ਇਸ ਸੰਬੰਧ ਵਿਚ ਪਲੈਟੋ ਦੀ
ਟਿੱਪਣੀ ਦੇਖਣ ਯੋਗ ਹੈ:
ਦੋਸਤੋ ਜੇਕਰ ਤੁਸੀਂ ਮੈਨੂੰ ਨਸ਼ੇ ਵਿਚ ਨਾ ਸਮਝੋ ਤਾਂ ਅੱਜ ਮੈਂ ਸਹੁੰ ਖਾ ਕੇ ਤੁਹਾਨੂੰ ਦੱਸਾਂਗਾ ਕਿ ਸੁਕਰਾਤ ਦੇ ਸ਼ਬਦਾਂ ਨੇ ਮੇਰੇ ਉੱਪਰ ਕੈਸਾ ਪ੍ਰਭਾਵ ਪਾਇਆ ਹੈ, ਜੋ ਹੁਣ ਵੀ ਬਰਕਰਾਰ ਹੈ। ਮੈਂ ਜਦ ਵੀ ਉਸਦਾ ਭਾਸ਼ਣ ਸੁਣਿਆ, ਖ਼ੁਸ਼ੀ ਨਾਲ ਮੇਰਾ ਦਿਲ ਪਹਿਲਾਂ ਨਾਲੋਂ ਕਿਤੇ ਤੇਜ਼ੀ ਨਾਲ ਧੜਕਿਆ, ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਮੈਨੂੰ ਯਾਦ ਹੈ ਕਿ ਹੋਰ ਵੀ ਅਜਿਹੇ ਲੋਕ ਸਨ, ਜਿਨ੍ਹਾਂ ਦੀ ਹਾਲਤ ਅਜਿਹੀ ਹੀ ਸੀ। ਪਹਿਲਾਂ ਜਦੋਂ ਮੈਂ ਪੈਰੀਕਲੀਜ਼ ਤੇ ਹੋਰ ਬੁਲਾਰਿਆਂ ਦਾ ਭਾਸ਼ਣ ਸੁਣਦਾ ਸਾਂ ਤਾਂ ਉਨ੍ਹਾਂ ਦੇ ਚੰਗਾ ਹੋਣ ਬਾਰੇ ਮੇਰੀ ਧਾਰਨਾ ਬਣ ਜਾਂਦੀ ਸੀ ਪਰ ਮੈਨੂੰ ਇਸ ਤਰ੍ਹਾਂ ਦਾ ਅਨੁਭਵ ਨਹੀਂ ਹੁੰਦਾ ਸੀ। ਮੈਨੂੰ ਮੇਰੀ ਰੂਹ ਦੇ ਦਾਸ ਬਣ ਜਾਣ ਦਾ ਅਹਿਸਾਸ ਨਹੀਂ ਹੁੰਦਾ ਸੀ। ਇਸ ਤਰ੍ਹਾਂ ਦੀ ਵਿਆਕੁਲਤਾ ਤੇ ਗੁੱਸਾ ਵੀ ਮੇਰੀਆਂ ਭਾਵਨਾਵਾਂ ਵਿਚ ਜਾਗ੍ਰਿਤ ਨਹੀਂ ਸੀ ਹੁੰਦਾ।
ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਸੁਕਰਾਤ ਦੇ ਦਰਸ਼ਨ ਦਾ ਪ੍ਰਭਾਵ ਨੌਜਵਾਨਾਂ