

ਨਾਲ ਜੰਗਾਂ ਦਾ ਪਹਿਲਾ ਸ਼ਿਕਾਰ ਵੀ ਏਥਨਜ਼ ਹੀ ਹੁੰਦਾ ਸੀ। ਇਨ੍ਹਾਂ ਜੰਗਾਂ ਦੇ ਸਾਹਮਣੇ ਏਥਨਜ਼ ਅਤੇ ਸਪਾਰਟਾ ਸਾਂਝੀ ਸ਼ਕਤੀ ਬਣ ਕੇ ਅੜੇ ਰਹੇ। ਏਥਨਜ਼ ਵਿਚ ਲੋਕਤੰਤਰੀ ਵਿਚਾਰਾਂ ਦੀ ਪ੍ਰਧਾਨਤਾ ਸੀ ਤੇ ਸਪਾਰਟਾ ਰਾਜਾਸ਼ਾਹੀ ਦੇ ਕਬਜ਼ੇ ਵਿਚ ਆਇਆ ਰਾਜ ਸੀ। ਸਪਾਰਟਾ ਦੇ ਸ਼ਾਸਕਾਂ ਨੇ ਏਥਨਜ਼ ਦੀ ਤਰੱਕੀ ਤੋਂ ਸਾੜਾ ਕਰਕੇ ਉਸ ਨਾਲ ਹੋਏ ਸਾਂਝ ਦੇ ਸਮਝੋਤੇ ਤੋੜ ਕੇ ਯੁੱਧ ਛੇੜ ਦਿੱਤਾ। 'ਪੇਲੋਪੋਨੀਸ' ਨਾਂ ਦੇ ਸਥਾਨ ਤੋਂ ਸ਼ੁਰੂ ਹੋਈ ਇਸ ਜੰਗ ਨੂੰ 'ਪੇਲੋਪੋਨੀਸ਼ੀਅਨ ਜੰਗ' ਕਿਹਾ ਜਾਂਦਾ ਹੈ। ਇਹ ਜੰਗ ਦਹਾਕਿਆਂ ਤੱਕ ਏਥਨਜ਼ ਵਿਚ ਭੁੱਖਮਰੀ, ਗਰੀਬੀ, ਬੇਕਾਰੀ ਤੇ ਆਰਥਿਕਤਾ ਦਾ ਕਾਰਨ ਬਣ ਕੇ ਆਈ। ਪੇਰੀਕਲੀਜ਼ ਦਾ ਸ਼ਾਸਨ ਇਸ ਜੰਗ ਦੀ ਭੇਟ ਚੜ੍ਹ ਗਿਆ। 404 ਈ. ਪੂ. ਵਿਚ ਜਦੋਂ ਇਹ ਜੰਗ ਖਤਮ ਹੋਈ ਤਾਂ ਏਥਨਜ਼ ਸ਼ਰਮਨਾਕ ਹਾਰ ਦੇ ਮਲਾਲ ਵਿਚ ਡੁੱਬਿਆ ਹੋਇਆ ਸੀ। ਏਥਨਜ਼ ਦੀ ਸੰਸਦ 'ਤੇ ਕਾਬਜ਼ ਹੋਏ ਧੜੇ ਨੇ ਇਸ ਹਾਰ ਲਈ ਨਰਮ ਵਿਚਾਰਾਂ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਜ਼ਿੰਮੇਵਾਰ ਕਿਹਾ। ਇਕ ਤੇਜ਼-ਤਰਾਰ ਰਾਜਨੀਤਿਕ ਆਗੂ ਸੇਮਾਈਅਸ ਨੇ ਇਨ੍ਹਾਂ ਹਾਰਾਂ ਪਿੱਛੇ ਏਥਨਜ਼ ਦੇ ਦੇਵਤਿਆਂ ਦੀ ਕਰੋਪੀ ਨੂੰ ਮੰਨਿਆ ਤੇ ਦੇਵ-ਨਿੰਦਕਾਂ ਨੂੰ ਕਰੜੇ ਹੱਥੀਂ ਟੱਕਰਨ ਦਾ ਸੱਦਾ ਦਿੱਤਾ।
ਸੁਕਰਾਤ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਨ ਵਿਚ ਅਰਿਸਤੋਫੇਨਸ ਦੇ ਨਾਟਕ ਕਲਾਊਡਜ਼ ਦਾ ਅਹਿਮ ਹਿੱਸਾ ਸੀ। ਕਲਾਉਡਜ਼ ਇਕ ਹਾਸ-ਨਾਟਕ ਸੀ ਜੋ ਅਜਿਹੇ ਫ਼ਿਲਾਸਫ਼ਰ ਦੇ ਪਾਤਰ ਨੂੰ ਕੇਂਦਰ ਵਿਚ ਰੱਖ ਕੇ ਲਿਖਿਆ ਗਿਆ ਸੀ ਜੋ ਹਵਾਈ ਦੁਨੀਆ ਵਿਚ ਵਿਚਰਦਾ ਹੈ। ਉਹ ਸੋਫਿਸਟਾਂ ਵਾਂਗ ਨੌਜਵਾਨਾਂ ਨੂੰ ਚਲਾਕੀਆਂ ਸਿਖਾਉਂਦਾ ਹੈ। ਪਰਿਵਾਰਕ ਮੁਹਾਜ਼ 'ਤੇ ਆਪਣੇ ਨਕਾਰੋਪਣ ਦਾ ਦੁਖਾਂਤ ਭੋਗਦਾ ਉਹ ਕਿਰਦਾਰ ਸਮਾਜ ਤੋਂ ਬਦਲਾ ਲੈਣ ਲਈ ਨੌਜਵਾਨ ਤਬਕੇ ਨੂੰ ਸਮਾਜ ਦਾ ਵਿਰੋਧੀ ਬਣਾ ਰਿਹਾ ਹੈ। ਉਹ ਐਸੇ ਗਿਆਨ ਦਾ ਉਤਪਾਦਨ ਕਰ ਰਿਹਾ ਹੈ ਜੋ ਸਮਾਜ ਦੀ ਸਹੀ ਦਿਸ਼ਾ ਦੇ ਰਾਹ ਵਿਚ ਵੱਡੀ ਰੁਕਾਵਟ ਹੈ। ਇਸ ਨਾਟਕ ਦੇ ਮੁੱਖ ਕਿਰਦਾਰ ਨੂੰ ਸੁਕਰਾਤ ਵਰਗੀ ਦਿੱਖ ਦਿੱਤੀ ਗਈ ਸੀ। ਨਿੱਕਾ ਜਿਹਾ, ਗੰਜਾ ਵਿਅਕਤੀ ਜੋ ਹਰ ਸਮੇਂ ਵਿਚਾਰ ਮਗਨ ਰਹਿੰਦਾ ਹੈ। ਇਸ ਨਾਟਕ ਦੇ ਲਿਖਣ ਸਮੇਂ ਅਰਿਸਤੇਫੇਨਸ ਸੁਕਰਾਤ ਦੀ ਮਿੱਤਰਤਾ ਦੇ ਘੇਰੇ ਵਿਚ ਨੇੜਲੇ ਲੋਕਾਂ ਵਿੱਚੋਂ ਇਕ ਸੀ। ਉਹ ਇਸ ਨਾਟਕ ਨੂੰ ਲਿਖੇ ਜਾਣ ਤੋਂ 6 ਸਾਲ ਬਾਅਦ ਤੱਕ ਉਵੇਂ ਹੀ ਦੋਸਤ ਬਣੇ ਰਹੇ। ਪਲੈਟੋ ਦੇ ਵਰਣਨ ਅਨੁਸਾਰ ਸੁਕਰਾਤ ਨੇ ਇਸ ਗੱਲ ਦਾ ਬਿਲਕੁਲ ਵੀ ਬੁਰਾ ਨਹੀਂ ਮਨਾਇਆ ਕਿ ਉਸਦਾ ਮਜ਼ਾਕ ਉਡਾਇਆ ਗਿਆ ਹੈ। ਪਰ ਸਮਾਜ ਦੇ ਬਾਕੀ ਤਬਕਿਆਂ ਵਿਸ਼ੇਸ਼ ਕਰਕੇ ਸੁਕਰਾਤ ਦੇ ਵਿਰੋਧੀਆਂ ਤੱਕ ਇਹ ਗੱਲ ਬਹੁਤ ਨਾਂਹ-ਪੱਖੀ ਰੂਪ ਵਿਚ ਗਈ। ਨਾਟਕ ਕਿਰਦਾਰ ਵੱਲੋਂ ਪਰਿਵਾਰਕ