

ਕਲੇਸ਼ ਤੋਂ ਤੰਗ ਆ ਕੇ ਦੇਵਤਿਆਂ ਨੂੰ ਕੋਸਣ ਵਾਲੇ ਵਾਰਤਾਲਾਪਾਂ ਨੂੰ ਲੋਕਾਂ ਨੇ ਸੁਕਰਾਤ ਦੇ ਵਿਚਾਰ ਮੰਨਿਆ। ਨਾਟਕ ਦਾ ਪਾਤਰ ਵੀ ਸੋਫਿਸਟਾਂ ਵਾਂਗ ਸਿੱਖਿਆ ਦੇਣ ਨੂੰ ਕਾਰੋਬਾਰ ਵਾਂਗ ਪੈਸੇ ਕਮਾਉਣ ਦਾ ਜ਼ਰੀਆ ਬਣਾਈ ਰੱਖਦਾ ਹੈ। ਨਾਟਕ ਵਿਚਲੇ ਮੋਹਤਬਰ ਲੋਕਾਂ ਵਾਲੇ ਕਿਰਦਾਰਾਂ ਵੱਲੋਂ ਉਸਨੂੰ ਇਨ੍ਹਾਂ ਕੰਮਾਂ ਤੋਂ ਰੋਕੇ ਜਾਣ 'ਤੇ ਕਲਾਊਡਜ਼ ਦਾ ਮੁੱਖ ਪਾਤਰ ਆਪਣੇ ਚੇਲਿਆਂ ਨੂੰ ਵਿਦਰੋਹ ਲਈ ਉਕਸਾਉਂਦਾ ਹੈ। ਸੁਕਰਾਤ ਵਿਰੋਧੀ ਰਾਜਨੀਤੀਵਾਨਾਂ ਤੱਕ ਇਸ ਨਾਟਕ ਦੇ ਵਾਰਤਾਲਾਪਾਂ ਨੂੰ ਸੁਕਰਾਤ ਦੀਆਂ ਉਕਤੀਆਂ ਵਾਂਗ ਪੇਸ਼ ਕੀਤਾ ਗਿਆ। ਇਸੇ ਦਾ ਕਾਰਨ ਹੈ ਕਿ ਸੁਕਰਾਤ ਦੇ ਵਿਰੋਧ ਦਾ ਮਾਹੌਲ ਬਣ ਗਿਆ। ਸੁਕਰਾਤ ਵਿਰੁੱਧ ਚੱਲ ਰਹੇ ਮੁਕੱਦਮੇ ਵਿਚ ਇਸ ਮਾਹੌਲ ਨੇ ਬਹੁਤ ਅਹਿਮ ਭੂਮਿਕਾ ਨਿਭਾਈ।
ਸੁਕਰਾਤ ਨੇ ਕਦੇ ਆਪਣੇ-ਆਪ ਨੂੰ ਗਿਆਨਵਾਨ ਨਹੀਂ ਕਿਹਾ, ਉਹ ਤਾਂ ਬੁੱਧੀਮਾਨ ਕਹੇ ਜਾਣ ਦੇ ਵੀ ਖ਼ਿਲਾਫ਼ ਸੀ ਤੇ ਖ਼ੁਦ ਨੂੰ ਦਾਰਸ਼ਨਿਕ ਅਖਵਾਉਣਾ ਪਸੰਦ ਕਰਦਾ ਸੀ। ਉਸਦਾ ਬਹੁਤ ਪ੍ਰਸਿੱਧ ਕਥਨ, "ਮੈਂ ਘੱਟ-ਘੱਟ ਇਹ ਤਾਂ ਜਾਣਦਾ ਹੀ ਹਾਂ ਕਿ ਮੈਂ ਕੁਝ ਨਹੀਂ ਜਾਣਦਾ" ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਗਿਆਨ ਦਾ ਪ੍ਰਦਰਸ਼ਨ ਸੁਕਰਾਤ ਦਾ ਸੁਭਾਅ ਹੀ ਨਹੀਂ ਸੀ। ਉਸਦੇ ਬਚਪਨ ਦੇ ਮਿੱਤਰ ਸ਼ੇਰੀਫੋਨ ਨੇ ਡੇਲਫ਼ੀ ਦੀ ਭਵਿੱਖ ਦੱਸਣ ਵਾਲੀ ਸੰਤਣੀ ਪਾਇਥੀਆ ਕੋਲੋਂ ਜਦੋਂ ਪੁੱਛਿਆ ਕਿ 'ਕੀ ਏਥਨਜ਼ ਵਿਚ ਕੋਈ ਸੁਕਰਾਤ ਨਾਲੋਂ ਵੱਧ ਸਿਆਣਾ ਹੈ?' ਤਾਂ ਪਾਇਥੀਆ ਨੇ ਨਹੀਂ ਕਹਿ ਦਿੱਤਾ। ਸ਼ੇਰੀਫੋਨ ਵੱਲੋਂ ਸੁਕਰਾਤ ਨੂੰ ਇਹ ਦੱਸਿਆ ਗਿਆ ਤਾਂ ਉਹ ਹੈਰਾਨ ਰਹਿ ਗਿਆ। ਉਸਨੇ ਕਈ ਵਰਗਾਂ ਦੇ ਸਿਆਣੇ ਲੋਕਾਂ ਦੀ ਪਰਖ ਕਰਨ ਦਾ ਮਨ ਬਣਾਇਆ। ਇਕ ਰਾਜਨੀਤੀਵਾਨ, ਕਵੀਆਂ ਤੇ ਸ਼ਿਲਪਕਾਰਾਂ ਨਾਲ ਸੰਵਾਦ ਰਚਾ ਕੇ ਸੁਕਰਾਤ ਇਸ ਨਤੀਜੇ 'ਤੇ ਪਹੁੰਚਿਆ ਕਿ ਉਹ ਸਭ ਤੋਂ ਗਿਆਨਵਾਨ ਨਹੀਂ ਹੈ। ਬਸ ਬਾਕੀ ਲੋਕ ਹੀ ਆਪਣੇ ਰੋਜ਼ਾਨਾ ਕੰਮਾਂ ਵਿਚ ਉਲਝੇ ਗਿਆਨ ਤੋਂ ਬੇਮੁੱਖ ਹਨ। ਬਸ ਉਹ ਸਾਰੇ ਖ਼ੁਦ ਨੂੰ ਸਿਆਣੇ ਸਮਝਣ ਦੇ ਭੁਲੇਖੇ ਦਾ ਸ਼ਿਕਾਰ ਹਨ। ਸੁਕਰਾਤ ਆਪਣੇ ਸੰਵਾਦਾਂ ਵਿਚ ਲੋਕਾਂ ਨੂੰ ਇਹ ਅਹਿਸਾਸ ਕਰਾਉਣ ਲਈ ਕਿ ਉਹ ਗਿਆਨਵਾਨ ਨਹੀਂ ਹਨ, ਸਵਾਲ ਪੁੱਛਣ ਲੱਗ ਪਿਆ। ਜੋ ਵੀ ਮਿਲਦਾ ਸੁਕਰਾਤ ਦੇ ਸਵਾਲਾਂ ਦੇ ਸਾਹਮਣੇ ਉਸਨੂੰ ਹੋਣਾ ਹੀ ਪੈਂਦਾ। ਲੋਕਾਂ ਨੇ ਸੁਕਰਾਤ ਦੇ ਵਿਰੋਧੀਆਂ ਕੋਲ ਇਹ ਗੱਲਾਂ ਪੁਚਾ ਦਿੱਤੀਆਂ ਕਿ ਸੁਕਰਾਤ ਨੂੰ ਏਥਨਜ਼ ਵਿਚ ਸਭ ਤੋਂ ਸਿਆਣਾ ਹੋਣ ਦਾ ਮਾਣ ਹੈ। ਉਹ ਇਕ ਭਵਿੱਖਬਾਣੀ ਕਾਰਨ ਸਭ ਨੂੰ ਗਿਆਨ ਪੱਖੋਂ ਨੀਵੇਂ ਦਿਖਾਉਣ ਲਈ ਉਨ੍ਹਾਂ ਦੀ ਪਰਖ ਕਰਦਾ ਫਿਰਦਾ ਹੈ। ਇਹ ਗੱਲ ਉਸਦੇ ਮੁਕੱਦਮੇ ਵਿਚ ਜ਼ੋਰ-ਸ਼ੋਰ ਨਾਲ ਉਠਾ ਕੇ ਉਸਦੇ ਵਿਰੋਧ ਵਿਚ ਪੇਸ਼ ਕੀਤੀ ਗਈ।