

ਅਧਿਆਇ ਪੰਜਵਾਂ
ਸੁਕਰਾਤ ਦੇ ਦਰਸ਼ਨ ਤੇ ਚਿੰਤਨ ਦੀ ਵਿਰਾਸਤ
ਸੁਕਰਾਤ ਦੀ ਮੌਤ ਦੁਨੀਆਂ ਦੇ ਦਰਸ਼ਨ ਦੇ ਇਤਿਹਾਸ ਦੀ ਬਹੁਤ ਦੁਰਲੱਭਘਟਨਾ ਸੀ। ਕਿਸੇ ਚਿੰਤਕ ਨੂੰ ਆਪਣੇ ਵਿਚਾਰਾਂ ਦੀ ਵੱਖਰਤਾ ਲਈ ਮੌਤ ਦੀ ਸਜ਼ਾ ਦਿੱਤੀ ਜਾਵੇ, ਇਹ ਸੰਸਾਰ ਵਿਚ ਉਦੋਂ ਤੱਕ ਨਹੀਂ ਵਾਪਰਿਆ ਸੀ। ਏਥਨਜ਼ ਦੇ ਸ਼ਾਸਕਾਂ ਵਿਚ ਹੀ ਨਹੀਂ ਬਲਕਿ ਆਮ ਲੋਕਾਂ ਵਿਚ ਵੀ ਸੁਕਰਾਤ ਦੀ ਰਵਾਇਤ ਤੋਂ ਹਟਵੇਂ ਵਿਚਾਰ ਉਸ ਪ੍ਰਤੀ ਨਫ਼ਰਤ ਦਾ ਕਾਰਨ ਬਣੇ ਰਹੇ। ਲੋਕਾਂ ਨੇ ਏਥਨਜ਼ ਦੀ ਸਪਾਰਟਾ ਹੱਥੋਂ ਜੰਗ ਵਿਚ ਹਾਰ, ਪਲੇਗ, ਬਿਮਾਰੀਆਂ, ਗਰੀਬੀ ਦਾ ਕਾਰਨ ਦੇਵੀ-ਕਰੋਪੀ ਨੂੰ ਮੰਨਿਆ। ਇਹ ਵੀ ਆਮ ਧਾਰਨਾ ਸੀ ਕਿ ਸੁਕਰਾਤ ਨੌਜਵਾਨਾਂ ਨੂੰ ਦੇਵਤਿਆਂ ਜਿਵੇਂ ਸੂਰਜ ਅਤੇ ਚੰਦਰਮਾ ਵਿਰੁੱਧ ਉਕਸਾਉਂਦਾ ਹੈ। ਏਥਨਜ਼ ਦੀ ਨਗਰ ਦੇਵੀ 'ਏਥੇਨਾ' ਨੂੰ ਵੀ ਉਸਦੇ ਚੇਲੇ ਮਿਥਿਹਾਸਕ ਕਥਾ ਕਹਿੰਦੇ ਹਨ, ਜੋ ਸਾਰੇ ਸ਼ਹਿਰ ਦੀ ਰਖਵਾਲੀ ਕਰਦੀ ਸੀ । ਇਸ ਲਈ ਉਸਦੇ ਵਿਚਾਰਾਂ ਦੀ ਤਰਕਸ਼ੀਲਤਾ ਤੋਂ ਪ੍ਰਭਾਵਿਤ ਹੁੰਦੇ ਹੋਏ ਵੀ ਏਥਨਜ਼ ਵਾਸੀਆਂ ਨੂੰ ਲਗਦਾ ਸੀ ਕਿ ਸੁਕਰਾਤ ਵਰਗੇ ਭ੍ਰਿਸ਼ਟ ਵਿਚਾਰਾਂ ਵਾਲੇ ਬੰਦੇ ਦੀ ਮੌਤ ਨਾਲ ਰੁੱਸੇ ਦੇਵਤੇ ਖ਼ੁਸ਼ ਹੋ ਜਾਣਗੇ। ਇਸ ਲਈ ਉਸਦੀ ਬਲੀ ਤੋਂ ਬਾਅਦ ਵੀ ਸੁਕਰਾਤ ਪ੍ਰਤੀ ਨਫ਼ਰਤ ਦੀ ਭਾਵਨਾ ਬਣੀ ਰਹੀ ਤੇ ਉਸਦੇ ਸ਼ਾਗਿਰਦਾਂ ਤੇ ਦੋਸਤਾਂ ਨੂੰ ਆਪਣੀ ਜਾਨ ਬਚਾਉਣ ਲਈ ਏਥਨਜ਼ ਤੋਂ ਕਿਤੇ ਦੂਰ ਜਾ ਕੇ ਰਹਿਣਾ ਪਿਆ।
ਹੌਲੀ-ਹੌਲੀ ਮਾਹੌਲ ਬਦਲਿਆ। ਸੁਕਰਾਤ ਦੇ ਕਸੂਰ ਦੁਬਾਰਾ ਵਿਚਾਰੇ ਗਏ ਤਾਂ ਉਸਦੇ ਬੇਕਸੂਰ ਹੋਣ ਦੀ ਗੱਲ ਉੱਭਰ ਕੇ ਸਾਹਮਣੇ ਆਈ। ਇਕ ਮਨੋਤ ਅਨੁਸਾਰ ਲੋਕਾਂ ਨੇ ਸੁਕਰਾਤ ਉੱਪਰ ਝੂਠੀਆਂ ਤੁਹਮਤਾਂ ਲਾ ਕੇ ਮੁਕੱਦਮਾ ਚਲਾਉਣ ਵਾਲਿਆਂ ਨੂੰ ਵੀ ਮੌਤ ਦੀਆਂ ਸਜ਼ਾਵਾਂ ਜਾਂ ਦੇਸ਼-ਨਿਕਾਲੇ ਦਿੱਤੇ। ਨਾਲ ਹੀ ਸੁਕਰਾਤ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ। ਇਹ ਸਭ ਤਾਂ ਬਾਹਰੀ ਦਿਸਣ ਵਾਲੇ ਤੱਥ ਸਨ। ਉਸਦੀ ਅਸਲ ਵਿਰਾਸਤ ਤਾਂ ਦੁਨੀਆਂ ਭਰ ਦੇ ਲੋਕਾਂ ਦੇ ਵਿਚਾਰਾਂ ਉੱਪਰ ਪਿਆ ਪ੍ਰਭਾਵ ਸੀ, ਜੋ ਉਸ ਤੋਂ ਬਾਅਦ ਨਵੇਂ ਦ੍ਰਿਸ਼ਟੀਕੋਣ ਦੇ ਰੂਪ ਵਿਚ ਹਰ ਯੁੱਗ ਵਿਚ ਪ੍ਰਸਾਰਿਤ ਹੋਇਆ। ਸੁਕਰਾਤ ਦੇ ਸ਼ਾਗਿਰਦਾਂ ਤੇ ਦੋਸਤਾਂ ਵਿਸ਼ੇਸ਼ ਕਰ ਕੇ ਜ਼ੀਨੋਫੋਨ, ਪਲੈਟੋ ਤੇ ਅਰਸਤੂ ਨੇ ਉਸ ਦੇ ਵਿਚਾਰਾਂ ਦਾ ਦਸਤਾਵੇਜ਼ੀਕਰਨ ਕੀਤਾ। ਉਸਦੇ ਵਿਚਾਰਾਂ ਦੀ ਰੌਸ਼ਨੀ ਵਿਚ ਦਰਸ਼ਨ ਦੇ ਸੰਪ੍ਰਦਾਇ