

ਸਥਾਪਿਤ ਹੋਏ। ਪਲੈਟੋ ਤੋਂ ਬਿਨਾਂ ਐਨਟਿਸਥਿਨੀਜ਼, ਐਰਿਸਟੀਪਸ ਅਤੇ ਯੂਕਲਿਡ ਨੇ ਅਜਿਹੇ ਦਰਸ਼ਨ ਮੱਠ ਸਥਾਪਿਤ ਕੀਤੇ ਜੋ ਸੁਕਰਾਤ ਦੇ ਵਿਚਾਰਾਂ ਨੂੰ ਬੀਜ ਰੂਪ ਵਿਚ ਮੰਨ ਕੇ ਵਰਤਾਰਿਆਂ ਨੂੰ ਸਮਝਦੇ ਸਨ। ਵਿਸ਼ੇਸ਼ ਕਰ ਕੇ ਪਲੈਟੋ ਨੇ ਸੁਕਰਾਤ ਦੇ ਦਰਸ਼ਨ ਨੂੰ ਅਗਾਂਹ ਤੋਰਨ ਵਿਚ ਸਭ ਤੋਂ ਅਹਿਮ ਯੋਗਦਾਨ ਪਾਇਆ। ਉਹ ਦਸ ਸਾਲ ਤੱਕ ਏਥਨਜ਼ ਤੋਂ ਬਾਹਰ ਰਿਹਾ। ਇਸ ਦੌਰਾਨ ਉਸਨੇ ਬਹੁਤ ਸਾਰੇ ਥਾਵਾਂ ਦੀ ਯਾਤਰਾ ਕੀਤੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਪਲੇਟੋ ਭਾਰਤ ਆਇਆ ਤੇ ਇੱਥੋਂ ਦੇ ਰਿਸ਼ੀਆਂ ਨੂੰ ਵੀ ਮਿਲਦਾ ਰਿਹਾ। ਵਾਪਸ ਏਥਨਜ਼ ਆ ਕੇ ਉਸਨੇ ਅਕੈਡਮੀ ਨਾਂ ਹੇਠ ਸਕੂਲ ਬਣਾਇਆ ਜਿੱਥੇ ਬੜੀ ਦੂਰੋਂ-ਦੂਰੋਂ ਵਿਦਿਆਰਥੀ ਆਉਂਦੇ ਸਨ। ਇਹ ਪੱਕੀ ਗੱਲ ਹੈ ਕਿ ਪਲੈਟੋ ਕਦੇ ਵੀ ਸੁਕਰਾਤ ਦੇ ਬਹੁਤ ਨੇੜੇ ਦੇ ਵਿਦਿਆਰਥੀਆਂ ਵਿੱਚੋਂ ਨਹੀਂ ਸੀ, ਨਾ ਹੀ ਉਸਨੇ ਬਹੁਤਾ ਸਮਾਂ ਸੁਕਰਾਤ ਦੀ ਸੰਗਤ ਵਿਚ ਗੁਜ਼ਾਰਿਆ ਸੀ ਪਰ ਤਾਂ ਵੀ ਉਸ ਦੀ ਪ੍ਰਤਿਭਾ ਤੇ ਯੋਗਤਾ ਨੇ ਸੁਕਰਾਤ ਦੀ ਜੀਵਨੀ ਤੇ ਦਰਸ਼ਨ ਸੰਬੰਧੀ ਅਹਿਮ ਸੰਵਾਦ ਲਿਖੇ। ਕੁਝ ਲੋਕ ਤਾਂ ਇਸਨੂੰ ਕਲਪਿਤ ਤੇ ਗਲਪਿਤ ਸੁਕਰਾਤ ਕਹਿੰਦੇ ਹਨ। ਫਿਰ ਵੀ ਸੰਵਾਦਾਂ ਵਿਚ ਪੇਸ਼ ਸੁਕਰਾਤ ਉਸ ਦੀ ਮੌਤ ਤੋਂ ਬਾਅਦ ਸਭ ਤੋਂ ਨੇੜੇ ਦੇ ਕਾਲ ਵਿਚ ਅੱਖੀਂ ਦੇਖਣ ਵਾਲੇ ਸ਼ਾਗਿਰਦ ਵਲੋਂ ਚਿਤਰਿਆ ਗਿਆ ਸੁਕਰਾਤ ਬਹੁਤ ਹੱਦ ਤੱਕ ਵਾਸਤਵਿਕ ਲਗਦਾ ਹੈ। ਉਸਨੇ ਹੀ ਸਹੀ ਅਰਥਾਂ ਵਿਚ ਸੁਕਰਾਤ ਦੇ ਦਰਸ਼ਨ ਨੂੰ ਪੇਸ਼ ਕੀਤਾ। ਅਗਲੇ ਸਾਲਾਂ ਵਿਚ ਚਰਚ ਦਾ ਪ੍ਰਭਾਵ ਜਦੋਂ ਪੂਰੇ ਯੂਰਪ ਵਿਚ ਫੈਲਿਆ ਤਾਂ ਪਲੈਟੋ ਦੇ ਸੁਕਰਾਤ ਦੇ ਚਿੰਤਨ ਨੂੰ ਰੋਕਣ ਦਾ ਕਾਰਜ ਹੋਇਆ। ਈਸਾਈ ਮੱਤ ਨੇ ਹਰ ਤਰ੍ਹਾਂ ਦੇ ਪੁਰਾਤਨ ਗਿਆਨ ਵਿਸ਼ੇਸ਼ ਕਰ ਕੇ ਈਸਾ ਤੋਂ ਪੂਰਬਲੇ ਗਿਆਨ ਨੂੰ ਰੱਦ ਕਰ ਦਿੱਤਾ। ਸੁਕਰਾਤ ਦਾ ਚਿੰਤਨ ਤਾਂ ਭੌਤਿਕਵਾਦ ਦੇ ਆਸ-ਪਾਸ ਸੀ। ਉਸ ਬਾਰੇ ਈਸਾਈ ਚਰਚਾ ਤਾਂ ਕਿਵੇਂ ਵੀ ਨਰਮਾਈ ਨਹੀਂ ਦਿਖਾ ਸਕਦਾ ਸੀ। ਇਸ ਸੰਬੰਧੀ ਐੱਮ.ਐੱਨ. ਰਾਇ ਦਾ ਕਥਨ ਦੇਖਣਯੋਗ ਹੈ:
ਈਸਾਈਆਂ ਨੇ ਫ਼ਜੂਲ ਦੀ ਕਾਲਪਨਿਕ ਪਵਿੱਤਰਤਾ ਅਤੇ ਪਵਿੱਤਰ ਆਤਮਾ ਬਣਨ ਦੇ ਫ਼ਰੇਬ ਦੇ ਆਧਾਰ 'ਤੇ ਪੁਰਾਤਨ ਵਿਗਿਆਨ ਨੂੰ ਅਸ਼ੁੱਧ ਕਹਿ ਕੇ ਉਸਨੂੰ ਨਜ਼ਰਅੰਦਾਜ਼ ਕੀਤਾ ਸੀ। ਅਗਿਆਨ ਦੇ ਉਸ ਹੰਕਾਰ ਦੇ ਸਿੱਟੇ ਵਜੋਂ ਯੂਰਪੀਅਨ ਲੋਕ ਮੱਧਯੁਗੀ ਹਨੇਰੇ ਵਿਚ ਡੁੱਬ ਗਏ ਤੇ ਉਨ੍ਹਾਂ ਦੀ ਤਬਾਹੀ ਨੂੰ ਰੋਕਣ ਦਾ ਕੋਈ ਉਪਾਅ ਵੀ ਨਹੀਂ ਸੀ। ਪੁਰਾਤਨ ਯੂਨਾਨ ਦੇ ਵਿਚਾਰਕਾਂ ਦੇ ਗਿਆਨ ਦੇ ਪ੍ਰਕਾਸ਼ ਦੇ ਦੁਬਾਰਾ ਸਾਹਮਣੇ ਆਉਣ ਨਾਲ ਅਗਿਆਨ ਅਤੇ ਪਾਖੰਡ, ਮੰਦਭਾਵਨਾ ਅਤੇ ਅਸਹਿਣਸ਼ੀਲਤਾ ਤੋਂ ਪੈਦਾ ਹੋਇਆ ਹਨੇਰਾ ਸਮਾਪਤ ਹੋਇਆ ਅਤੇ