

ਪਰ ਉਸਨੇ ਸੁਕਰਾਤੀ ਵਿਧੀ ਦੀ ਥਾਂ ਆਪਣੇ ਦਰਸ਼ਨ ਦੀ ਏਕਾਲਾਪੀ ਗਿਆਨ ਪ੍ਰਸਾਰਨ ਦੀ ਵਿਧੀ ਅਪਣਾਈ। ਉਸਨੇ ਅਧਿਆਤਮ ਸੰਬੰਧੀ ਬਹੁਤ ਸਾਰਾ ਵਿਮਰਸ਼ ਸਾਹਮਣੇ ਲਿਆਂਦਾ ਜੋ ਸੁਕਰਾਤ ਦੇ ਗਿਆਨ ਤੋਂ ਹਟਵਾਂ ਸੀ। ਉਸਨੇ ਪਰਮਾਤਮਾ ਨੂੰ ਕੇਵਲ ਸ਼ੁੱਧਤਾ ਨਾਲ ਜੋੜਿਆ ਤੇ ਸੰਸਾਰ ਦੇ ਆਦਰਸ਼/ਸ਼ੁੱਭ ਰੂਪ ਨੂੰ ਹੀ ਪਰਮਾਤਮਾ ਵੱਲੋਂ ਨਿਰਮਤ ਦੱਸਿਆ। ਜੋ ਵੀ ਅਸ਼ੁੱਭ ਹੈ ਉਸਦੀ ਰਚਨਾ ਲਈ ਜੀਵਾਤਮਾ ਨੂੰ ਜ਼ਿੰਮੇਵਾਰ ਕਿਹਾ। ਇਸ ਚਿੰਤਨ ਨੇ ਸਾਰੇ ਸੰਸਾਰ ਵਿਚ ਦਵੈਤਵਾਦੀ-ਅਦਵੈਤਵਾਦੀ ਫ਼ਲਸਫ਼ੇ ਸੰਬੰਧੀ ਇਕ ਬਹਿਸ ਪੈਦਾ ਕੀਤੀ। ਉਸਨੇ ਜੀਵਾਤਮਾ ਨੂੰ ਬੌਧਿਕ, ਅਬੋਧਿਕ, ਕੁਲੀਨ ਤੇ ਗ਼ੈਰਕੁਲੀਨ ਚਾਰ ਵਰਗਾਂ ਵਿਚ ਵੰਡਿਆ ਤੇ ਹਰ ਵਰਗ ਦੀ ਪ੍ਰਕਿਰਤੀ ਅਨੁਸਾਰ ਸੰਸਾਰ ਦੀ ਸਿਰਜਣਾ ਵਿਚ ਯੋਗਦਾਨ ਪਾਉਣ ਲਈ ਜ਼ਿੰਮੇਵਾਰ ਠਹਿਰਾਇਆ। ਨਿਆਂ ਦੇ ਜਿਸ ਸਿਧਾਂਤ ਸੰਬੰਧੀ ਸੁਕਰਾਤ ਨੇ ਬਹੁਤ ਸਾਰੇ ਸਵਾਲ ਆਪਣੇ ਸਮਕਾਲੀਆਂ ਕੋਲੋਂ ਪੁੱਛੇ ਸਨ ਉਸ ਦੀ ਵਿਹਾਰਕਤਾ ਬਾਰੇ ਪਲੈਟੋ ਤੇ ਅਰਸਤੂ ਦੋਵਾਂ ਨੇ ਹੀ ਬਹੁਤ ਸਾਰਾ ਵਾਦ-ਵਿਵਾਦ ਕੀਤਾ। ਪਲੈਟੋ ਸੰਸਾਰ/ਸਮਾਜ ਦੀ ਉੱਚਤਮ ਅਵਸਥਾ ਸਾਮਵਾਦ ਨੂੰ ਕਹਿੰਦਾ ਹੈ ਤੇ ਅਰਸਤੂ ਇਸਨੂੰ ਰਾਜੇ ਵੱਲੋਂ ਭਲਾਈ ਪੂਰਨ ਰਾਜ ਦੀ ਸਥਾਪਨਾ ਤੱਕ ਲੈ ਆਉਂਦਾ ਹੈ। ਇਹ ਅਸਲ ਵਿਚ ਦਰਸ਼ਨ ਦੇ ਸੁਕਰਾਤੀ ਸਕੂਲ/ਸੰਪ੍ਰਦਾਇ ਦੀ ਵਿਰਾਸਤ ਹੀ ਹੈ ਜੋ ਪਲੈਟੋ ਤੋਂ ਅਰਸਤੂ ਤੱਕ ਪਹੁੰਚਦੀ ਹੈ। ਅਰਸਤੂ ਇਸ ਸਿਧਾਂਤ ਨੂੰ ਲਾਗੂ ਕਰਨ ਲਈ ਇਕ ਰਾਜ ਦਾ ਆਦਰਸ਼ ਕਲਪਦਾ ਹੈ ਤੇ ਸਿਕੰਦਰ ਨੂੰ ਮੁੱਢਲੇ ਰੂਪ ਵਿਚ ਇਸ ਸਿਧਾਂਤ ਦੇ ਪਸਾਰ ਲਈ ਤਿਆਰ ਕਰਦਾ ਹੈ"
ਪਲੈਟੋ ਤੋਂ ਬਿਨਾਂ ਸੁਕਰਾਤ ਦੇ ਪ੍ਰਭਾਵ ਵਾਲੇ ਦੇ ਹੋਰ ਸੰਪ੍ਰਦਾਇ ਵੀ ਯੂਨਾਨੀ ਦਰਸ਼ਨ ਵਿਚ ਅਹਿਮ ਥਾਂ ਰੱਖਦੇ ਹਨ। ਇਨ੍ਹਾਂ ਵਿੱਚੋਂ ਉਸ ਦੇ ਦੋ ਸਹਿਯੋਗੀ ਰਹੇ ਦਾਰਸ਼ਨਿਕ ਏਂਟੀਸਥੇਨਸ ਅਤੇ ਅਰਿਸਟੀਪਸ ਵੀ ਸੁਕਰਾਤ ਦੀਆਂ ਦਾਰਸ਼ਨਿਕ ਧਾਰਨਾਵਾਂ ਦੇ ਆਧਾਰ 'ਤੇ ਆਪਣੇ-ਆਪਣੇ ਸਕੂਲ ਸਥਾਪਿਤ ਕਰਦੇ ਹਨ। ਸੁਕਰਾਤ ਨੇ ਆਪ ਕੁਝ ਨਹੀਂ ਲਿਖਿਆ ਤੇ ਉਸ ਦਾ ਦਰਸ਼ਨ ਕਿਸੇ ਵਿਸ਼ੇਸ਼ ਅਨੁਸ਼ਾਸਨ ਤੋਂ ਵੀ ਵਾਂਝਾ ਹੈ। ਉਹ ਗਿਆਨ ਦੇ ਸਰੋਕਾਰਾਂ ਵਿਚ ਇਕ ਤਾਰਕਿਕ ਸੁਮੇਲ ਦੀ ਸਥਾਪਤੀ ਲਈ ਚਿੰਤਨਸ਼ੀਲ ਰਿਹਾ। ਇਸ ਲਈ ਉਸਦੇ ਅਗਲੇਰੇ ਚਿੰਤਕ ਉਨ੍ਹਾਂ ਰਹੱਸਾਂ ਨੂੰ ਸੁਲਝਾਉਂਦੇ ਰਹੇ ਜੋ ਉਸੇ ਦਰਸ਼ਨ ਦੇ ਇਰਦ-ਗਿਰਦ ਫੈਲੇ ਹੋਏ ਸਨ। ਉਸਦੇ ਅਨੁਯਾਈਆਂ ਵੱਲੋਂ ਪੇਸ਼ ਚਿੰਤਨ ਹੀ ਇਕ-ਦੂਜੇ ਪ੍ਰਤੀ ਵਿਰੋਧਾਭਾਸੀ ਨਹੀਂ ਬਲਕਿ ਇਹ ਵਿਰੋਧ ਸੁਕਰਾਤ ਦੀ ਪੇਸ਼ ਹੋਈ ਸ਼ਖ਼ਸੀਅਤ ਵਿਚ ਵੀ ਝਲਕਦੇ ਹਨ। ਪਲੈਟੋ, ਏਂਟੀਸਥੇਨਸ ਤੇ ਅਰਿਸਟਿਪਸ ਨੇ ਜਿਵੇਂ ਸੁਕਰਾਤ ਦੇ ਦਰਸ਼ਨ ਨੂੰ ਸਮਝਿਆ ਉਵੇਂ ਹੀ ਪੇਸ਼ ਕੀਤਾ। ਇਸਦੀ ਮਿਸਾਲ ਦੇ ਰੂਪ ਵਿਚ ਸੁਕਰਾਤ ਵਲੋਂ ਪੇਸ਼ 'ਨੇਕੀ' ਦੇ