Back ArrowLogo
Info
Profile

ਸੰਕਲਪ ਬਾਰੇ ਇਨ੍ਹਾਂ ਸੰਪ੍ਰਦਾਵਾਂ ਦੀ ਵਿਆਖਿਆ ਦੇਖੀ ਜਾ ਸਕਦੀ ਹੈ। ਸੁਕਰਾਤ ਨੇ ਇਸ ਭਾਵਵਾਚੀ ਸੰਕਲਪ ਨੂੰ ਮਨੁੱਖੀ ਹੋਂਦ ਦਾ ਆਧਾਰ ਕਿਹਾ ਸੀ। ਉਸਦੇ ਅਨੁਯਾਈਆਂ ਨੇ ਇਸ ਸੰਕਲਪ ਨੂੰ ਵੱਖਰੇ-ਵੱਖਰੇ ਸਿਧਾਂਤ ਵਜੋਂ ਪਰਿਭਾਸ਼ਿਤ ਕੀਤਾ। 'ਨੇਕੀ' ਦਾ ਸੰਕਲਪ ਹੀ ਵੱਖ-ਵੱਖ ਸੰਪ੍ਰਦਾਵਾਂ ਵਿਚ ਵਖਰੇਵੇਂ ਦਾ ਆਧਾਰ ਬਣਿਆ।

ਏਂਟੀਸਥੇਨਸ ਵਲੋਂ ਚਲਾਇਆ ਗਿਆ ਸੰਪ੍ਰਦਾਇ 'ਸਨਕਵਾਦ' (Cynicism) ਨਾਲ ਇਤਿਹਾਸ ਵਿਚ ਜਾਣਿਆ ਜਾਂਦਾ ਹੈ। ਏਂਟੀਸਥੇਨਸ ਪਹਿਲਾਂ ਇਕ ਸੋਫਿਸਟ ਚਿੰਤਕ ਜਾਰਜੀਅਸ ਦੀ ਨੇੜਤਾ ਵਿਚ ਸੀ। ਪਰ ਜਦ ਹੀ ਉਹ ਸੁਕਰਾਤ ਦੇ ਨਜ਼ਦੀਕ ਆਇਆ ਤੇ ਸੁਕਰਾਤ ਦੇ ਪਰਭਾਵ ਕਬੂਲ ਕੇ ਸਨਕਵਾਦੀ ਸੰਪ੍ਰਦਾਇ ਗਠਨ ਕਰਨ ਵਾਲਾ ਬਣਿਆ। ਉਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਸੁਕਰਾਤ ਦੀ ਮੌਤ ਸਮੇਂ ਉਸਦੇ ਨਾਲ ਹੀ ਸੀ। ਪਰ ਉਹ ਆਪਣੇ ਚਿੰਤਨ ਤਰੀਕਿਆਂ ਵਿਚ ਰਵਾਇਤੀ ਸੋਫਿਸਟ ਹੀ ਨਜ਼ਰ ਆਉਂਦਾ ਰਿਹਾ। ਜੀਵਨ ਦੇ ਵਿਵਿਧ ਵਿਸ਼ਿਆਂ ਬਾਰੇ ਉਸਨੇ ਚਿੰਤਨ ਕੀਤਾ ਪਰ ਕਈ ਥਾਈਂ ਸੁਕਰਾਤ ਦੀਆਂ ਨੈਤਿਕ ਧਾਰਨਾਵਾਂ ਤੋਂ ਵਿੱਥ 'ਤੇ ਹੀ ਵਿਚਰਦਾ ਰਿਹਾ। ਸੁਕਰਾਤ ਵੱਲੋਂ ਭੌਤਿਕ ਸੁਵਿਧਾਵਾਂ ਤੇ ਸੰਸਾਰਕ ਪ੍ਰਾਪਤੀਆਂ ਤੋਂ ਨਿਰਲੇਪ ਰਹਿ ਕੇ ਜੀਣ ਦੀ ਭਾਵਨਾ ਏਂਟੀਸਥੇਨਸ ਨੂੰ ਬਹੁਤ ਪੋਂਹਦੀ ਸੀ। ਇਸੇ ਲਈ ਉਸਨੇ ਸਭ ਤਰ੍ਹਾਂ ਦੇ ਸੰਸਾਰਕ ਸੁੱਖਾਂ ਦੇ ਤਿਆਗ ਨੂੰ ਆਪਣੇ ਸਿਧਾਂਤ ਦਾ ਆਧਾਰ ਬਣਾਇਆ। ਸਭ ਸੁਵਿਧਾਵਾਂ ਪ੍ਰਤੀ ਆਲੋਚਨਾਤਮਕ ਰਵੱਈਆ ਰੱਖਣ ਕਾਰਨ ਹੀ ਉਸਨੂੰ 'ਸਨਕ' (Cynic) ਦਾ ਸ਼ਿਕਾਰ ਸਮਝਿਆ ਗਿਆ ਤੇ ਉਸਦੇ ਸੰਪ੍ਰਦਾਇ ਨੂੰ 'ਸਨਕਵਾਦ' ਦਾ ਨਾਂ ਦਿੱਤਾ ਗਿਆ। ਏਂਟੀਸਥੇਨਸ ਸ਼ਹਿਰਾਂ ਨੂੰ ਮਨੁੱਖੀ ਚੇਤਨਾ ਨੂੰ ਭ੍ਰਿਸ਼ਟ ਕਰਨ ਦੇ ਕੇਂਦਰ ਕਹਿੰਦਾ ਸੀ। ਉਹ ਸੁਕਰਾਤ ਦੇ 'ਨੇਕੀ' ਦੇ ਸੰਕਲਪ ਦੀ ਵਿਆਖਿਆ ਸਾਦਗੀ ਦੇ ਸਮਾਨ ਅਰਥਾਂ ਵਿਚ ਕਰਦਾ ਸੀ। ਇਹੀ ਨਹੀਂ ਉਹ ਸੁਕਰਾਤ ਤੋਂ ਏਨਾ ਪ੍ਰਭਾਵਿਤ ਸੀ ਕਿ ਨਿੱਜੀ ਜ਼ਿੰਦਗੀ ਵਿਚ ਫ਼ਕੀਰੀ ਧਾਰਨ ਕੀਤੀ ਹੋਈ ਸੀ। ਉਸਨੂੰ ਮਿਲਣ ਆਏ ਸਿਖਿਆਰਥੀਆਂ ਨੂੰ ਉਹ ਦਬਕਾ ਕੇ ਭਜਾ ਦਿੰਦਾ ਸੀ। ਪਲੈਟੋ ਦੇ ਸਮਕਾਲ ਵਿਚ ਏਂਟੀਸਥੇਨਸ ਦੀ ਵਿਦਵਤਾ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲੀ ਹੋਈ ਸੀ। ਜ਼ੀਨੋਫੋਨ ਨੇ ਉਸਦੀ ਸਿਫ਼ਤ ਕੀਤੀ ਹੈ ਪਰ ਪਲੈਟ ਉਸਨੂੰ 'ਬੁੱਢਾ ਤੋਤਾ' ਕਹਿੰਦਾ ਹੈ। ਉਸਦਾ ਸ਼ਾਗਿਰਦ 'ਡਾਇਓਜਿਨੀਸ' ਵੀ ਪਰਲੇ ਦਰਜੇ ਦਾ ਸਨਕੀ ਸੀ। ਉਹ ਦਿਨ ਸਮੇਂ ਲਾਲਟੈਣ ਦੀ ਰੋਸ਼ਨੀ ਲੈ ਕੇ ਘੁੰਮਦਾ ਰਹਿੰਦਾ ਸੀ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਸਿਕੰਦਰ ਡਾਇਰੋਜਿਨੀਸ ਦੀ ਫ਼ਕੀਰੀ ਤੋਂ ਮੁਤਾਸਿਰ ਹੋ ਕੇ ਉਸਨੂੰ ਆਪ ਮਿਲਣ ਲਈ ਆਇਆ ਤੇ ਉਸਨੇ ਕਿਹਾ, "ਜੇ ਮੈਂ ਬਾਦਸ਼ਾਹ ਨਾ ਹੁੰਦਾ ਤਾਂ ਲਾਜ਼ਮੀ ਡਾਇਓਜਿਨੀਸ ਹੋਣਾ ਪਸੰਦ ਕਰਦਾ।"

91 / 105
Previous
Next