Back ArrowLogo
Info
Profile

ਸੁਕਰਾਤ ਦੇ ਇਕ ਹੋਰ ਅਨੁਯਾਈ ਅਰਿਸਟੀਪਸ ਨੇ 'ਸਿਰੇਇਨਕ ਸੰਪ੍ਰਦਾਇ’ ਦਾ ਮੁੱਢ ਬੰਨ੍ਹਿਆ। ਅਰਿਸਟੀਪਸ ਲੀਬੀਆ ਦੇ ਇਕ ਸ਼ਹਿਰ ਸਿਰੇਇਨ ਦਾ ਮੂਲ ਵਸਨੀਕ ਸੀ। ਉਹ ਬਚਪਨ ਵਿਚ ਆਪਣੇ ਥਾਪ ਨਾਲ ਪ੍ਰਾਚੀਨ ਉਲੰਪਿਕ ਖੇਡਾਂ ਦੇਖਣ ਲਈ ਏਥਨਜ਼ ਆਇਆ ਤੇ ਸੁਕਰਾਤ ਨੂੰ ਮਿਲ ਕੇ ਉਸਦਾ ਪੱਕਾ ਅਨੁਯਾਈ ਬਣ ਗਿਆ। ਉਸਨੇ 'ਸਨਕਵਾਦੀਆਂ' ਦੇ ਸੁੱਖ ਤੋਂ ਨਿਰਲੇਪਤਾ ਦੇ ਉਲਟ ਮਨੁੱਖੀ ਜੀਵਨ ਦਾ ਅੰਤਿਮ ਉਦੇਸ਼ ਸੁੱਖਾਂ ਦੀ ਪ੍ਰਾਪਤੀ ਨੂੰ ਮੰਨਿਆ। ਸਨਕਵਾਦੀ ਕਹਿੰਦੇ ਸਨ ਕਿ ਸੁੱਖਾਂ ਕੋਲ ਕਦੀ ਨਾ ਜਾਓ ਤੇ ਸਿਰਏਨਿਕਾਂ ਅਨੁਸਾਰ ਹਰ ਜਗ੍ਹਾ ਸੁੱਖਾਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਸਿਰੇਇਨਕਾਂ ਨੇ ਨੈਤਿਕਤਾ ਨੂੰ ਸੁੱਖਾਂ ਦੀ ਪ੍ਰਾਪਤੀ ਵਿਚ ਸਭ ਤੋਂ ਵੱਡੀ ਰੁਕਾਵਟ ਮੰਨਿਆ। ਇੱਥੋਂ ਤੱਕ ਕਿ ਉਨ੍ਹਾਂ ਇਹ ਵੀ ਕਿਹਾ ਕਿ ਮਨ ਦੇ ਸੁੱਖ ਦੀ ਪ੍ਰਾਪਤੀ ਵੀ ਸਰੀਰ ਰਾਹੀਂ ਹੀ ਕੀਤੀ ਜਾ ਸਕਦੀ ਹੈ। ਇਹ ਵੀ ਸਿਰਏਨਿਕਾਂ ਦਾ ਹੀ ਸਿਧਾਂਤ ਸੀ ਕਿ ਸੁੱਖਾਂ ਦੀ ਪ੍ਰਾਪਤੀ ਵਰਤਮਾਨ ਵਿਚ ਹੀ ਹੋਣੀ ਚਾਹੀਦੀ ਹੈ। ਭਵਿੱਖੀ ਸੁੱਖਾਂ ਦੀ ਆਸ ਵਿਚ ਦੁੱਖ ਭੋਗਣਾ ਬੇਵਕੂਫ਼ੀ ਹੈ। ਅਰਿਸਟੀਪਸ, ਸੋਫਿਸਟ ਵਿਦਵਾਨਾਂ ਵਾਂਗ ਕੀਮਤ ਲੈ ਕੇ ਸਿੱਖਿਆ ਦੇਣ ਦਾ ਹਾਮੀ ਸੀ। ਇਸ ਮੱਤ ਦੀ ਵਿਸ਼ੇਸ਼ ਗੱਲ ਇਹ ਵੀ ਹੈ ਕਿ ਅਰਿਸਟੀਪਸ ਤੋਂ ਬਾਅਦ ਉਸਦੀ ਪੁੱਤਰੀ ਇਰੇਟੇ ਇਸ ਸੰਪ੍ਰਦਾਇ ਦੀ ਸੰਚਾਲਕ ਬਣੀ। ਵੱਖਰੀ ਗੱਲ ਹੈ ਕਿ ਇਸ ਸੰਪ੍ਰਦਾਇ ਨੇ ਭੌਤਿਕ ਸੁੱਖਾਂ ਨੂੰ ਮਹੱਤਵ ਦੇ ਕੇ ਸੰਸਾਰਕਤਾ ਨੂੰ ਦਰਸ਼ਨ ਦਾ ਆਧਾਰ ਮੰਨਿਆ ਪਰ ਸੁਕਰਾਤ ਦੇ ਦਰਸ਼ਨ ਦੇ ਨੀਤੀ ਪੱਖ ਦੀ ਬਰਬਾਦੀ ਇਸ ਸੰਪ੍ਰਦਾਇ ਦੀਆਂ ਚਿੰਤਨ ਮਾਨਤਾਵਾਂ ਵਿਚ ਨਜ਼ਰ ਆਉਣ ਲਗਦੀ ਹੈ।

ਇਸ ਤੋਂ ਇਲਾਵਾ ਸੁਕਰਾਤ ਦੇ ਇਕ ਸ਼ਾਗਿਰਦ ਯੂਕਲਿਡ ਨੇ ਵੀ ਦਰਸ਼ਨ ਦਾ ਇਕ ਸੰਪ੍ਰਦਾਇ ਚਲਾਇਆ। ਯੂਕਲਿਡ ਮੇਗਾਰਾ ਦਾ ਨਿਵਾਸੀ ਸੀ, ਇਸੇ ਕਾਰਨ ਇਸ ਮੱਤ ਨੂੰ ਮੇਗਾਰੀਅਨ ਸੰਪ੍ਰਦਾਇ ਕਿਹਾ ਜਾਂਦਾ ਹੈ। ਯੂਕਲਿਡ ਦੇ ਸੁਕਰਾਤ ਪ੍ਰਤੀ ਭਗਤੀਭਾਵ ਬਾਰੇ ਕਈ ਕਥਾਵਾਂ ਪ੍ਰਚਲਿਤ ਹਨ। ਮੇਗਾਰਾ ਤੇ ਏਥਨਜ਼ ਦੀ ਦੁਸ਼ਮਣੀ ਬਹੁਤ ਪ੍ਰਸਿੱਧ ਸੀ। ਇਸ ਲਈ ਕਿਸੇ ਵੀ ਮੇਗਾਰਾ ਨਿਵਾਸੀ ਦਾ ਏਥਨਜ਼ ਵਿਚ ਆਉਣਾ ਮਨ੍ਹਾਂ ਸੀ। ਯੂਕਲਿਡ ਅਕਸਰ ਭੇਖ ਵਟਾ ਕੇ ਏਥਨਜ਼ ਆਇਆ ਕਰਦਾ ਸੀ। ਕਈ ਵਾਰ ਤਾਂ ਉਹ ਔਰਤ ਬਣ ਕੇ ਵੀ ਏਥਨਜ਼ ਵਿਚ ਸੁਕਰਾਤ ਨੂੰ ਮਿਲਣ ਲਈ ਆਇਆ। ਸੁਕਰਾਤ ਨੇ ਭਲਾਈ ਨੂੰ ਸਰਵਉੱਚ ਸੱਤਾ ਕਿਹਾ ਸੀ। ਇਸਦੇ ਉਲਟ ਯੂਕਲਿਡ ਨੇ ਸੱਚ ਨੂੰ ਭਲਾਈ/ਸ਼ੁੱਭ ਕਿਹਾ। ਉਸਨੇ ਪਰਮਾਤਮਾ, ਸੱਚ, ਭਲਾਈ ਤੇ ਦੇਵਤਿਆਂ ਨੂੰ ਇੱਕੋ ਸੱਤਾ ਦੇ ਕਈ ਨਾਮ ਕਿਹਾ। ਸੁਕਰਾਤ ਤੋਂ ਬਿਨਾਂ ਯੂਕਲਿਡ ਨੇ ਪਾਰਮੇਨਾਈਡੀਜ਼ ਦਾ ਵੀ ਪ੍ਰਭਾਵ ਕਬੂਲਿਆ। ਇਸ ਸਾਂਝੇ ਪ੍ਰਭਾਵ ਕਾਰਨ ਹੀ ਉਸਨੇ ਕਿਹਾ ਕਿ ਅਸ਼ੁੱਭ ਦੀ ਕੋਈ ਸੱਤਾ ਨਹੀਂ।

92 / 105
Previous
Next