Back ArrowLogo
Info
Profile

६.ਕਾਂਡ

ਬੱਤੀਆਂ ਦੰਦਾਂ ਵਿਚ ਜਿਕਰ ਇਕ ਨਰਮ ਤੇ ਕੋਮਲ ਜੀਭ ਵੱਸਦੀ ਹੈ ਜੋ ਆਪਣੀ ਪ੍ਰੇਮ-ਮਈ ਤੇ ਮਿਠੀ ਸੇਵਾ ਨਾਲ ਦੰਦਾਂ ਨੂੰ ਸੁਖ ਦਿੰਦੀ ਹੈ ਤੇ ਅੱਗੋਂ ਦੰਦ ਭੀ ਉਸ ਨੂੰ ਖੇਦ ਨਹੀਂ ਪਹੁੰਚਾਉਂਦੇ, ਸਗੋਂ ਉਸ ਦੀ ਰਾਖੀ ਕਰਦੇ ਹਨ, ਇਕੁਰ ਹੀ ਸਰਦਾਰ ਸ਼ਾਮ ਸਿੰਘ ਦੇ ਜਥੇ ਦੇ ਬਹਾਦਰ ਸਿੰਘਾਂ ਵਿਚ ਨਿੰਮ੍ਰਤਾ ਤੇ ਮਿੱਠਤ ਦੀ ਪੁਤਲੀ ਸੁੰਦਰੀ ਦਾ ਨਿਰਬਾਹ ਹੋਣ ਲੱਗਾ। ਦੋ ਵੇਲੇ ਲੰਗਰ ਵਿਚ ਸੁੰਦਰੀ ਲੱਗੀ ਰਹਿੰਦੀ, ਭੋਜਨ ਤਿਆਰ ਕਰਦੀ, ਕੁਝ ਸਿੰਘ ਹੋਰ ਸਹਾਇਤਾ ਕਰਦੇ। ਜਦ ਸਭ ਜਣੇ ਛਕ ਲੈਂਦੇ, ਤਦ ਹੋਰ ਸੇਵਾ ਵਿਚ ਹਥ ਪੈਰ ਮਾਰਦੀ, ਭਜਨ ਬਾਣੀ ਭੀ ਨੇਮ ਨਾਲ ਕਰਦੀ। ਜਦ ਲੰਗਰ ਮਸਤਾਨਾ ਹੋ ਜਾਂਦਾ, ਅੰਨ ਦਾਣੇ ਦੀ ਟੋਟ ਹੋ ਜਾਂਦੀ, ਤਦ ਖ਼ਾਲਸਾ ਜੀ ਬਨ ਦੇ ਫਲ' ਤੇ ਮਿੱਠੀਆਂ ਜੜ੍ਹਾਂ ਪੁਰ ਗੁਜ਼ਾਰਾ ਕਰਦੇ, ਇਸ ਸੇਵਾ ਵਿਚ ਵੀ ਸੁੰਦਰੀ ਤਕੜੀ ਹੋ ਗਈ ਸੀ। ਵਿਹਲੀ ਹੋ ਕੇ ਸਾਰੇ ਬਨ ਵਿਚ ਫਿਰਦੀ ਅਰ ਖਾਣ ਵਾਸਤੇ ਫਲਦਾਰ ਬਿੱਛਾਂ ਨੂੰ ਤੱਕ ਵਿਚ ਰਖਦੀ, ਲੋੜ ਪਈ ਤੇ ਲੈ ਭੀ ਆਉਂਦੀ। ਬਨ ਦੀ ਉੱਤਰ ਦਿਸ਼ਾ ਵਲ ਇਕ ਪਹਾੜੀ ਦਾ ਟਿੱਲਾ ਸੀ, ਸੁੰਦਰੀ ਇਕ ਦਿਨ ਉਸ ਪਰ ਚੜ੍ਹ ਗਈ ਅਰ ਜਦ ਕੋਹ ਕੁ ਉਤਰਾਈ ਉਤਰ ਗਈ ਤਦ ਉਥੇ ਇਕ ਨਿੱਕਾ ਜਿਹਾ ਪਿੰਡ ਡਿੱਠਾ, ਜਿਸ ਦੇ ਆਲੇ ਦੁਆਲੇ ਹਰੇ ਭਰੇ ਖੇਤ ਲਹਿਲਹਾ ਰਹੇ ਸਨ। ਪਿੰਡ ਵਿਚ ਜਾ ਕੇ ਸੁੰਦਰੀ ਨੇ ਕੁਛ ਮਧਰੇ, ਪਰ ਉਂਞ ਤਕੜੇ ਲੋਕ ਡਿਠੇ। ਉਹ ਸਭ ਵਾਹੀ ਕਰਦੇ ਸਨ ਤੇ ਸਨ ਬੀ ਹਿੰਦੂ। ਇਥੋਂ ਭਾਜੀਆਂ ਤੇ ਲੂਣ ਮਿਰਚ ਆਦਿ ਮਿਲ ਜਾਂਦੇ ਸਨ। ਕਈ ਵੇਰ ਸੁੰਦਰੀ ਇਥੋਂ ਤੀਕ ਗੇੜੇ ਲਾ ਜਾਂਦੀ ਅਰ ਕਈ ਛੋਟੇ ਸੌਦੇ ਸੂਤ ਭੀ ਲੈ ਜਾਂਦੀ, ਪਰ ਕਿਸੇ ਨੂੰ ਪਤਾ ਨਾ ਲਗਦਾ ਕਿ ਇਹ ਦੇਵੀ ਕਿਥੋਂ ਆਉਂਦੀ ਹੈ ਤੇ ਕਿਧਰ ਚਲੀ ਜਾਂਦੀ ਹੈ।

30 / 139
Previous
Next