ਇਕ ਵੇਰੀ ਖ਼ਾਲਸੇ ਦਾ ਲੰਗਰ ਮਸਤਾਨਾ ਹੋ ਗਿਆ,
ਫਲ ਜੜ੍ਹਾਂ ਆਦਿ ਖਾਂਦਿਆਂ ਮੂੰਹ ਫਿਰ ਗਏ ਤੇ ਖ਼ਜ਼ਾਨਾ ਭੀ ਖਾਲੀ ਹੋ ਗਿਆ। ਸਾਰੀ ਫੌਜ ਇਨ੍ਹਾਂ ਗਿਣਤੀਆਂ ਵਿਚ ਸੀ,
ਕਿ ਕੀਹ ਕੀਤਾ ਜਾਵੇ ?
ਸੁੰਦਰੀ ਦੇ ਕੋਲ ਇਕ ਮੁੰਦਰੀ ਸੀ,
ਜੋ ਉਸਦੇ ਵਿਆਹ ਦੇ ਵੇਲੇ ਤੋਂ ਅਜ ਤੀਕ ਹੱਥੀਂ ਸੀ,
ਇਸ ਵਿਚ ਹੀਰੇ ਦੀ ਟੁਕੜੀ ਜੜੀ ਹੋਈ ਸੀ। ਇਸਨੂੰ ਵੇਚਕੇ ਕੁਛ ਅੰਨ ਪਾਣੀ ਖਰੀਦਣ ਦਾ ਸੰਕਲਪ ਧਾਰ ਸੁੰਦਰੀ ਉਸ ਪਿੰਡ ਵਿਚ ਪਹੁੰਚ ਗਈ,
ਪਰ ਉਸ ਪਿੰਡ ਵਿਚ ਹੀਰੇ ਦੀ ਸਾਰ ਕਿਸ ਨੂੰ ਮਲੂਮ ਸੀ?
ਇਕ ਦੋ ਬਾਣੀਏ ਵੇਖ ਚੁਕੇ;
ਪਰ ਸੱਚੇ ਝੂਠੇ ਦੀ ਪਰਖ ਕਿਸੇ ਥੋਂ ਨਾ ਹੋਈ। ਨਿਰਾਸ਼ ਹੋ ਕੇ ਮੁੜੀ ਆਉਂਦੀ ਸੀ ਕਿ ਬਜ਼ਾਰ ਦੀ ਨੁੱਕਰ ਉਤੇ ਇਕ ਚਿਟਪੋਸ਼ੀਆ ਖੱਤ੍ਰੀ-ਬੱਚਾ ਉਦਾਸ ਬੈਠਾ ਸੀ। ਸੁੰਦਰੀ ਦੀ ਸੁੰਦਰਤਾ ਤੇ ਉਸ ਦੇ ਚੰਦ ਵਰਗੇ ਚਿਹਰੇ ਪੁਰ ਉਦਾਸੀ ਦੀ ਬੱਦਲੀ ਵੇਖ ਕੇ ਖੱਤ੍ਰੀ ਤੋਂ ਨਾ ਰਿਹਾ ਗਿਆ,
ਬੋਲਿਆ: ਬੀਬੀ! ਤੂੰ ਕੌਣ ਹੈਂ ਤੇ ਉਦਾਸ ਕਿਉਂ ਹੈਂ?
ਸੁੰਦਰੀ- ਮੈਂ ਉਦਾਸ ਇਸ ਕਰਕੇ ਹਾਂ ਕਿ ਮੇਰੀ ਹੀਰੇ ਦੀ ਮੁੰਦਰੀ ਦਾ ਗਾਹਕ ਨਹੀਂ ਕੋਈ ਮਿਲਦਾ।
ਖੱਤ੍ਰੀ- ਮੁੰਦਰੀ ਮੈਨੂੰ ਵਿਖਾ ਖਾਂ।
ਸੁੰਦਰੀ ਨੇ ਮੁੰਦਰੀ ਵਿਖਾ ਦਿੱਤੀ।
ਖੱਤ੍ਰੀ— ਮੁੰਦਰੀ ਤਾਂ ਚੰਗੀ ਹੈ, ਨਗ ਭੀ ਸੁੱਚਾ ਹੈ, ਮੁੱਲ ਭੀ ਪੰਜ ਸਤ ਸੌ ਮਿਲ ਸਕਦਾ ਹੈ, ਪਰ ਸ਼ੋਕ! ਕਿ ਅੰਬ ਦੇ ਬ੍ਰਿਛ ਤੋਂ ਦੂਰ ਡਿੱਗੀ ਹੋਈ, ਖੰਭ ਟੁੱਟੀ ਕੋਇਲ ਹਾਂ, ਧਨ ਸੰਪਦਾ ਪਾਸ ਨਹੀਂ, ਨਹੀਂ ਤਾਂ ਮੈਂ ਇਸਦਾ ਪੂਰਾ ਮੁੱਲ ਦੇ ਦੇਂਦਾ। ਫੇਰ ਠੰਢਾ ਸਾਹ ਭਰ ਕੇ ਹੰਝੂ ਭਰ ਲਿਆਇਆ ਅਰ ਮੁੰਦਰੀ ਨੂੰ ਮੋੜ ਕੇ ਬੋਲਿਆ: 'ਬੀਬੀ! ਸ਼ਿਵ ਜੀ ਤੇਰੀ ਕਾਮਨਾ ਪੂਰੀ ਕਰਨ, ਪਰ ਜੇ ਤੂੰ ਇਹ ਮੁੰਦਰੀ ਕਿਸੇ ਸ਼ਹਿਰ ਵਿਚ ਲੈ ਜਾਵੇਂ ਤਾਂ ਚੰਗਾ ਮੁਲ ਵੱਟ ਲਿਆਵੇਂ।'
ਸੁੰਦਰੀ- ਬਹੁਤ ਹੱਛਾ, ਜੋ ਗੁਰੂ ਜੀ ਨੂੰ ਭਾਵੇ, ਪਰ ਤੁਸੀਂ ਦੱਸੋ ਕਿ ਮਰਦ ਹੋ ਕੇ ਤੁਸੀਂ ਕਿਉਂ ਰੋ ਰਹੇ ਹੋ ? ਹੰਝੂ ਤ੍ਰੀਮਤਾਂ ਦੇ ਕਿਰਦੇ ਹਨ, ਮਰਦ ਤਾਂ ਕਦੀ ਨਹੀਂ ਡੇਗਦਾ ?