ਖੱਤ੍ਰੀ- ਬੀਬੀ! ਤੇਰੇ ਬਚਨ ਅਜੇਹੇ ਕੋਮਲ ਤੇ ਮਿੱਠੇ ਹਨ ਕਿ ਮੇਰੇ ਘਾਇਲ ਮਨ ਉਤੇ ਮਲ੍ਹਮ ਦਾ ਕੰਮ ਕਰਦੇ ਹਨ। ‘ਡੁਬਦੇ ਨੂੰ ਤੀਲੇ ਦਾ ਸਹਾਰਾ ਕੋਈ ਢੰਗ ਮੇਰੇ ਪਾਸ ਆਪਣੇ ਬਚਾਉ ਦਾ ਨਹੀਂ ਰਿਹਾ ਕੋਈ ਰਸਤਾ ਵਹੁਟੀ ਛੁਟਕਾਰੇ ਦਾ ਨਹੀਂ, ਚਾਰ ਚੁਫੇਰੇ ਹਨੇਰਾ ਛਾ ਰਿਹਾ ਹੈ। ਬਿਪਤਾ ਦੀਆਂ ਮੂਰਤਾਂ ਪੱਤੇ ਪੱਤੇ ਪਰ ਲਿਖੀਆਂ ਗਈਆਂ ਹਨ। ਉਹ ਕੀ ਪਾਪ ਹੈ ਜਿਸ ਕਰਕੇ ਸਾਡੇ ਦੇਸ ਉਤੇ ਇੱਡਾ ਕਹਿਰ ਹੋ ਰਿਹਾ ਹੈ? ਕਿਉਂ ਸਾਡੇ ਭਾ ਦੀ ਕੰਬਖਤੀ ਆ ਰਹੀ ਹੈ? ਦੇਵੀ ਦੇਉਤੇ ਕਿੱਧਰ ਜਾ ਲੁੱਕੇ ? ਰਿਖੀ ਮੁਨੀ ਕਿਉਂ ਨਹੀਂ ਬਹੁੜਦੇ? ਹੇ ਸ਼ਿਵ! ਹੇ ਵਿਸ਼ਨੂੰ! ਦੇਵਤੇ ਦੁਖੀ ਹਨ, ਬਹੁੜੋ! ਹਾਇ ਅਪਦਾ! ਇਹ ਕੀ ਕਹਿਰ ਵਰਤ ਗਿਆ? ਮਲੇਛਾਂ* ਦਾ ਨਾਸ਼ ਕਿਉਂ ਨਹੀਂ ਹੁੰਦਾ? ਇਹ ਉਪਦਰ ਕਿਉਂ ਨਹੀਂ ਟਲਦਾ? ਹਾਇ ਕਸ਼ਟ! ਕੀ ਅਨਰਥ ਹੋ ਰਿਹਾ ਹੈ?
ਮਨ ਦੇ ਦੁਖੜੇ ਤੇ ਅੰਤਹਕਰਣ ਦੀ ਨਿਰਾਸਤਾ ਦੇ ਕੀਰਨੇ ਸੁਣਕੇ ਸੁੰਦਰੀ ਦਾ ਕਲੇਜਾ ਕੰਬ ਗਿਆ, ਧੀਰਜ ਨਾਲ ਬੋਲੀ : ਹੇ ਸਾਈਂ ਦੇ ਬੰਦੇ! ਇਹ ਸਭ ਔਖ ਇਕ ਪਰਮੇਸ਼ਰ ਦੀ ਸੇਵਾ ਛੱਡਕੇ ਫੋਕਟ ਕਰਮ ਕਰਨ ਦੇ ਫਲ ਹਨ। ਇਕ ਪਰਮੇਸ਼ਰ ਦਾ ਲੜ ਫੜਿਆਂ ਕਾਰਜ ਰਾਸ ਹੁੰਦੇ ਹਨ। ਇਕ ਦੇ ਲੜ ਲੱਗੇ ਸਾਰੇ ਆਪੋ ਵਿਚ ਪਿਆਰ ਨਾਲ ਪੁਰੋਤੇ ਜਾਂਦੇ ਹਨ, ਇਕ ਦੋ ਪੁੱਤ੍ਰ ਆਪੋ ਵਿਚ ਭਰਾਉ ਹੁੰਦੇ ਹਨ। ਭਰਾਉਪਨੇ ਤੇ ਭਾਉ ਨਾਲ ਜੁੜੇ ਹੋਏ ਇਕ ਤਾਕਤ ਬਣ ਜਾਂਦੇ ਹਨ। ਵਿਕੋਲਿੱਤ੍ਰਿਆਂ ਰਹਿਣਾ ਸਾਡੇ ਦੇਸ਼ ਦੀ ਕਮਜ਼ੋਰੀ ਦਾ ਕਾਰਨ ਹੈ। ਸਾਡੇ ਆਪੋ ਵਿਚ ਪਾਟੇ ਰਹਿਣਾ ਇਕ ਮੰਦ ਕਰਮ ਹੈ, ਜਿਸ ਦੀ ਸਜ਼ਾ ਅਸੀਂ ਭੁਗਤ ਰਹੇ ਹਾਂ।
* ਪੁਰਾਣੇ ਸਮੇਂ ਹਿੰਦੁਸਤਾਨ ਦੇ ਵਾਸੀ (ਮਲੇਛ =) ਮੈਲੇ ਨੂੰ ਨਹੀਂ ਸਨ ਕਹਿੰਦੇ, ਪਰ ਬਦੇਸ਼ੀਆਂ ਨੂੰ ਤੇ ਫੇਰ ਆਪਣੇ ਬਦੇਸ਼ੀ ਹਮਲਾਂ ਆਵਰਾਂ ਨੂੰ ਮਲੇਛ ਕਿਹਾ ਕਰਦੇ ਸਨ। ਮਲਿਚ੍ਛ= ਜੋ ਸ਼ੁਧ ਨਾ ਬੋਲ ਸਕੇ।