

ਤੂੰ ਕਿਰਤ ਹੈਂ ਕਰਤਾਰ ਦੀ, ਹੁਨਰ ਰਬ-ਹੁਨਰੀ ਦਾ,
ਸੁਣ੍ਹਪ, ਸੁਬਕਤਾ, ਪਿਆਰ, ਹਮਦਰਦੀ, ਸੁਹਲਤਾ, ਨਜ਼ਾਕਤ ਦਾ ਅਵਤਾਰ ।
ਤੂੰ ਸਿਰਤਾਜ, ਆਰਟਿਸਟ ਹੈਂ,
ਬੁਤ ਘੜਣੇ ਤੇਰਾ ਕੰਮ,
ਮੂਰਤਾਂ ਵਾਹੁਣੀਆਂ ਤੇਰਾ ਸ਼ੁਗਲ,
ਸੰਵਾਰਨਾ, ਬਣਾਣਾ, ਤੇਰਾ ਕਦੀਮੀ ਸੁਭਾਵ,
ਕਵਿਤਾ ਕਹਿਣੀ ਤੇਰੀ ਨਿਤ ਦੀ ਖੇਡ ।
ਤੂੰ ਹੈਂ ਬੇ-ਮਿਸਾਲ, ਹਸਤੀ ਤੇਰੀ ਲਾ-ਜ਼ਵਾਲ, ਹੁਸਨ ਤੇਰਾ ਕਾਇਮ ਦਾਇਮ ।
ਉਫ਼ !
ਤੂੰ ਫੁੱਲ ਸੈਂ, ਤੈਨੂੰ ਕਿਸੇ ਆਦਰ ਨਾਲ ਨਾ ਸੁੰਘਿਆ,
ਤੂੰ ਸੁਣ੍ਹਪ ਸੈਂ, ਤੈਨੂੰ ਕਿਸੇ ਸਤਿਕਾਰ ਨਾਲ ਨਾ ਵੇਖਿਆ,
ਤੂੰ ਪਿਆਰ ਸੈਂ, ਕਿਸੇ ਤੈਨੂੰ ਪਿਆਰਿਆ ਨਾ ,
ਤੂੰ ਸਭ ਦੀ ਹੋਈਓਂ, ਕੋਈ ਤੇਰਾ ਨਾ ਹੋਇਆ,
ਤੂੰ ਹੁਨਰ ਸੈਂ ਅਰਸ਼ੀ, ਕੋਈ ਕਦਰਦਾਨ ਨਾ ਮਿਲਿਆ ਤੈਨੂੰ,
ਤੂੰ ਆਜ਼ਾਦੀ ਸੈਂ, ਸਦਾ ਬੰਨ੍ਹਣਾਂ 'ਚ ਬੰਨ੍ਹੀ ਗਈ, ਕੈਦਾਂ 'ਚ ਕੜੀ ਗਈ ।
ਚਾਲਾਕ ਮਰਦ ਨੇ ਪਾਖੰਡ ਖੇਡਿਆ-ਤੈਨੂੰ ਪੂਜ ਬਣਾਇਆ,
ਬੰਨ੍ਹ ਬਹਾਇਆ ਤੈਨੂੰ,
ਬਸਤ੍ਰਾਂ ਦੀਆਂ ਰੱਸੀਆਂ ਨਾਲ,
ਗਹਿਣਿਆਂ ਦੀਆਂ ਕੜੀਆਂ ਨਾਲ ।
ਬੇ-ਜ਼ਬਾਨ ਤਰਸ-ਯੋਗ ਬੁਤ ਬਣਾ,
ਮਨ-ਮਰਜ਼ੀ ਦੀ ਪੂਜਾ ਲਈ,
ਘਰ ਮੰਦਰ ਵਿਚ ਅਸਥਾਪਣ ਕੀਤਾ ਤੈਨੂੰ ।