Back ArrowLogo
Info
Profile

ਹਾਏ ! ਹਾਏ !!

ਅੰਦਰ ਦਾ ਹਨੇਰਾ, ਕਾਲਾ ਕੁਰੂਪ, ਕਾਲਖ ਮੇਰੀ ਕੋਠੜੀ ਦੀ ਤਾਰੀਕੀ,

ਸੁੰਞੀ, ਸੱਖਣੀ, ਨਿਖਸਮੀ, ਭਾਂ ਭਾਂ ਕਰਦੀ, ਡਰਾਂਦੀ ਮੈਨੂੰ,

ਅੰਦਰ ਹੁਣ ਹੋਰ ਕੋਈ ਨਾ, ਜੱਗ ਸਾਰਾ ਬਾਹਰ, ਮੈਂ ਜੱਗ ਤੋਂ ਅੱਡ,

ਆਪਣਾ ਆਪ ਮੇਰਾ ਡਰਦਾ ਆਪਣੇ ਆਪ ਕੋਲੋਂ ।

ਹੋਰ ਕੋਈ ਨਾ ਡਰਾਂਦਾ ਹੁਣ,

ਅੰਦਰਲਾ ਹਨੇਰਾ, ਅੰਦਰਲੀ ਸੁੰਞ ਖਾਂਦੀ ਮੈਨੂੰ ਮੂੰਹ ਪਾੜ ਪਾੜ,

ਢਾਠ ਪੈਂਦੀ ਜਾਂਦੀ ਅੰਦਰੋ ਅੰਦਰ, ਕਿਰਦਾ ਜਾਂਦਾ ਅੰਦਰਲਾ ਮੇਰਾ, ਘਾਊਂ ਮਾਊਂ ਹੁੰਦਾ,

ਬਹਿੰਦਾ ਜਾਂਦਾ, ਢਹਿੰਦਾ ਜਾਂਦਾ, ਹਿੱਸਦਾ, ਹੁੱਟਦਾ, ਟੁੱਟਦਾ, ਕੁੱਸਦਾ, ਸੁੱਕਦਾ,

ਘਾਬਰਦਾ, ਘੁੱਟਦਾ, ਸਿਮਟਦਾ, ਸੁੰਗੜਦਾ, ਡਿਗਦਾ ਜਾਂਦਾ ਨੀਵੀਂ ਨੀਵੀਂ ਕਿਸੇ ਨਿਵਾਣ ਵਿਚ,

ਪੈਂਦਾ ਜਾਂਦਾ ਕਬਰ ਹਨੇਰੀ ਵਿਚ, ਮੇਰਾ ਅੰਦਰਲਾ ।

'ਮੈਂ ਮੋਈ ! ਮੈਂ ਮੋਈ !!' ਆਖ ਕੇ ਮੈਂ ਰੋਈ,

ਫੁੱਟੀ ਮੈਂ, ਛਹਿਬਰਾਂ ਲੱਗੀਆਂ, ਵੱਗੀ ਮੈਂ, ਤੇ ਵਹਿਣ ਵੱਗੇ,

ਕੜ ਟੁਟਿਆ ਮੇਰਾ, ਚਸ਼ਮੇ ਚੱਲੇ,

ਵਗ ਟੁਰਿਆ ਅੰਦਰਲਾ ਸਾਰਾ, ਢਲ ਟੁਰਿਆ ਅੱਖਾਂ ਥਾਣੀ,

ਲਾ ਪਤਾ ਲਾ ਪਤੇ ਵੱਲ ।

ਮੈਂ ਰੁੜ੍ਹ ਗਈ ਬੇ-ਸੁਧ ਆਪਣੇ ਰੋਣ-ਰੋੜ੍ਹ ਵਿੱਚ ।

 

ਮੈਂ ਅਟਕੀ ਮੈਂ ਜਾਗੀ-

ਹਾਏਂ ! ਇਹ ਕੀਹ ?

21 / 116
Previous
Next